ਪੰਜਾਬ ਸਰਕਾਰ ਰੋਜ਼ਗਾਰ ਦੇਣ ਲਈ ਪਿੰਡਾਂ ਵਿੱਚੋਂ ਅਤਿ ਗਰੀਬ ਨੌਜਵਾਨਾਂ ਦੀ ਸ਼ਨਾਖਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰੇਗੀ: ਕੈਪਟਨ ਅਮਰਿੰਦਰ

ਚਮਕੌਰ ਸਾਹਿਬ, 5 ਅਕਤੂਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੀ ਅਹਿਮ ਤੇ ਮਹੱਤਵਪੂਰਨ ਸਕੀਮ ‘ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ’ ਨੂੰ ਹੋਰ ਹੁਲਾਰਾ ਦਿੰਦਿਆਂ ਸ਼ਨਿਚਰਵਾਰ ਨੂੰ ਐਲਾਨ ਕੀਤਾ ਕਿ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਲਈ ਪਿੰਡਾਂ ਵਿੱਚ ਰਹਿੰਦੇ ਅਤਿ ਗਰੀਬਾਂ ਦੀ ਸ਼ਨਾਖਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋੋਰ ਤੇਜ਼ ਕਰੇਗੀ ਅਤੇ ਸਰਕਾਰ ਵੱਲੋਂ ਸਰਕਾਰੀ ਤੇ ਜਨਤਕ ਖੇਤਰ ਦੀਆਂ ਗਰੁੱਪ ਸੀ ਦੀਆਂ ਨੌਕਰੀਆਂ ਦੇ ਇਮਤਿਹਾਨਾਂ ਵਾਸਤੇ ਉਮੀਦਵਾਰਾਂ ਨੂੰ ਤਿਆਰ ਕਰਨ ਲਈ ਮੁਫਤ ਕੋਚਿੰਗ ਦਿੱਤੀ ਜਾਵੇਗੀ।

ਉਨਾਂ ਕਿਹਾ ਕਿ ‘10 ਬੇਰੁਜ਼ਗਾਰ ਪ੍ਰਤੀ ਪਿੰਡ’ ਉਪਰਾਲੇ ਤਹਿਤ ਹਰ ਪਿੰਡ ਵਿੱਚ 10 ਅਤਿ ਗਰੀਬਾਂ ਦੀ ਸ਼ਨਾਖਤ ਕਰ ਕੇ ਉਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਹੁਣ ਤੱਕ 1,34,104 ਬੇਰੁਜ਼ਗਾਰ ਨੌਜਵਾਨਾਂ ਦੀ ਸ਼ਨਾਖਤ ਕੀਤੀ ਗਈ ਜਿਨਾਂ ਵਿੱਚੋਂ 32,420 ਨੂੰ ਪ੍ਰਾਈਵੇਟ ਖੇਤਰ ਵਿੱਚ ਨੌਕਰੀ ਮਿਲੀ ਅਤੇ 12,114 ਦੀ ਸਫਲਤਾਪੂਰਵਕ ਹੁਨਰ ਸਿਖਲਾਈ ਲਈ ਚੋਣ ਹੋਈ।

ਮੁੱਖ ਮੰਤਰੀ ਅੱਜ ਇਥੇ ਧਾਰਮਿਕ ਤੇ ਇਤਿਹਾਸਕ ਸ਼ਹਿਰ ਚਮਕੌਰ ਸਾਹਿਬ ਵਿਖੇ ਸੂਬੇ ਵਿੱਚ ਲਗਾਏ ਪੰਜਵੇਂ ਰੋਜ਼ਗਾਰ ਮੇਲੇ ਦੇ ਸਮਾਪਨ ਮੌਕੇ ਨੌਕਰੀਆਂ/ਸਵੈ-ਰੁਜ਼ਗਾਰ/ਹੁਨਰ ਸਿਖਲਾਈ ਲਈ ਚੁਣੇ ਗਏ 1,16,556 ਨੌਜਵਾਨਾਂ ਵਿੱਚੋਂ ਕੁਝ ਚੋਣਵੇਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਆਏ ਸਨ। ਇਸ ਮੌਕੇ ਉਨਾਂ ਸਫਲ ਹੋਏ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਜਿਨਾਂ ਵਿੱਚੋਂ ਬਹੁਤਿਆਂ ਨੂੰ ਇਨਾਂ ਰੋਜ਼ਗਾਰ ਮੇਲਿਆਂ ਦੌਰਾਨ 20,000 ਰੁਪਏ ਪ੍ਰਤੀ ਮਹੀਨੇ ਦਾ ਪੈਕੇਜ ਮਿਲਿਆ ਹੈ।

ਰੋਜ਼ਗਾਰ ਮੇਲਿਆਂ ਨੂੰ ਨੌਜਵਾਨਾਂ ਦੇ ਰੌਸ਼ਨ ਭਵਿੱਖ ਲਈ ਵੱਡਾ ਮੀਲ ਪੱਥਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਹੁਤੇ ਅਜਿਹੇ ਨੌਜਵਾਨਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਉਪਰ ਨੌਕਰੀ ਮਿਲੀ ਹੈ ਜਿਨਾਂ ਨੇ ਆਪਣੇ ਸਕੂਲ ਦੀ ਪੜਾਈ ਅੱਧ ਵਿਚਾਲੇ ਛੱਡ ਦਿੱਤੀ ਸੀ। ਇਸ ਤਰਾਂ ਵਿਦਿਆ ਛੱਡਣ ਵਾਲੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਚੱਕਰ ਵਿੱਚੋਂ ਬਾਹਰ ਕੱਢਣ ਵਿੱਚ ਮੱਦਦ ਮਿਲੀ ਹੈ।

ਮੁੱਖ ਮੰਤਰੀ ਨੇ ਖੁਦ ਆਪਣਾ ਸਮਾਂ ਯਾਦ ਕਰਦਿਆਂ ਦੱਸਿਆ ਕਿ ਉਨਾਂ ਨੇ ਸੈਨਾ ਵਿੱਚ ਮਹਿਜ਼ 325 ਰੁਪਏ ਦੀ ਤਨਖਾਹ ਉਤੇ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਨਾਲ 50 ਰੁਪਏ ਸਮੁੰਦਰ ਤਲ ਤੋਂ ਵਧੇਰੇ ਉਚਾਈ (ਹਾਈ ਐਲਟੀਚਿਊਡ) ਉਤੇ ਕੰਮ ਕਰਨ ਦਾ ਵਾਧੂ ਭੱਤਾ ਮਿਲਦਾ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਗਾਰ ਮੇਲਿਆਂ ਦੀ ਸਫਲਤਾ ਉਤੇ ਵਧਾਈ ਦਿੰਦਿਆਂ ਕਿਹਾ ਕਿ ਅਗਸਤ-ਸਤੰਬਰ 2017 ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਹੁਣ ਤੱਕ 10.70 ਲੱਖ ਪਲੇਸਮੈਂਟ/ਭਰਤੀ/ਸਵੈ-ਰੁਜ਼ਗਾਰ ਦਾ ਟੀਚਾ ਹਾਸਲ ਕੀਤਾ ਜਾ ਚੁੱਕਾ ਹੈ।

ਪ੍ਰਾਈਵੇਟ ਖੇਤਰ ਜੋ ਸਰਕਾਰ ਦੀਆਂ ਨਿਵੇਸ਼ ਅਤੇ ਉਦਯੋਗ ਪੱਖੀ ਨੀਤੀਆਂ ਸਦਕਾ ਨਾਲ ਜੁੜਿਆ ਹੋਇਆ ਹੈ, ਨੇ 3.75 ਲੱਖ ਉਮੀਦਵਾਰਾਂ ਨੂੰ ਭਰਤੀ ਕੀਤਾ ਹੈ ਜਦੋਂ ਕਿ 40,000 ਨੂੰ ਸਰਕਾਰ ਦੁਆਰਾ ਖਾਲੀ ਪੋਸਟਾਂ ਅਧੀਨ ਭਰਤੀ ਕੀਤਾ ਗਿਆ ਹੈ। ਬਾਕੀਆਂ ਨੂੰ ਸਵੈ-ਰੋਜ਼ਗਾਰ ਦੇ ਕਾਬਲ ਬਣਾਇਆ ਗਿਆ।

ਮੁੱਖ ਮੰਤਰੀ ਨੇ ਰੋਜ਼ਗਾਰ ਮੇਲਿਆਂ ਦੀ ਵਧਦੀ ਵਿਕਾਸ ਦਰ ਉਤੇ ਤਸੱਲੀ ਪ੍ਰਗਟਾਉਦਿਆਂ ਕਿਹਾ ਕਿ ਪਹਿਲੇ ਮੇਲੇ ਵਿੱਚ 5 ਫੀਸਦੀ ਤੋਂ ਲੈ ਕੇ ਪੰਜਵੇਂ ਮੇਲੇ ਤੱਕ 56 ਫੀਸਦੀ ਸਫਲਤਾ ਮਿਲੀ ਹੈ ਜੋ ਕਿ ਉਮੀਦਵਾਰਾਂ ਅਤੇ ਚੰਗੇ ਹੁਨਰ ਦੀ ਭਾਲ ਕਰ ਰਹੀਆਂ ਕੰਪਨੀਆਂ ਦੇ ਵਧਦੇ ਉਤਸ਼ਾਹ ਦਾ ਸਿੱਟਾ ਹੈ।

ਮੁਫਤ ਕੋਚਿੰਗ ਸਕੀਮ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਜਨਤਕ ਖੇਤਰ ਵਿੱਚ ਰੋਜ਼ਗਾਰਯੋਗਤਾ ਨੂੰ ਵਧਾਉਣਾ ਹੈ। ਸਰਕਾਰ ਵੱਲੋਂ ਇਸ ਪ੍ਰੋਗਰਾਮ ਅਧੀਨ 30 ਵਿਦਿਆਰਥੀਆਂ ਦੇ ਬੈਚ ਨੂੰ ਦੋ ਮਹੀਨਿਆਂ ਲਈ ਮੁਫਤ ਕੋਚਿੰਗ ਦੇਣ ਲਈ 2 ਲੱਖ ਰੁਪਏ ਪ੍ਰਤੀ ਬੈਚ ਖਰਚ ਕੀਤੇ ਜਾ ਰਹੇ ਹਨ। ਹਾਲੇ ਇਹ ਪ੍ਰੋਗਰਾਮ ਪਾਇਲਟ ਪ੍ਰਾਜੈਕਟ ਤਹਿਤ ਪਟਿਆਲਾ, ਮੁਹਾਲੀ, ਜਲੰਧਰ, ਸੰਗਰੂਰ ਤੇ ਲੁਧਿਆਣਾ ਵਿਖੇ ਸ਼ੁਰੂ ਕੀਤਾ ਗਿਆ ਹੈ।

ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਅਜਿਹੇ ਕੋਚਿੰਗ ਸੈਂਟਰ ਹਰ ਜ਼ਿਲੇ ਵਿੱਚ ਸ਼ੁਰੂ ਕਰਨ ਦਾ ਟੀਚਾ ਮਿੱਖਿਆ ਗਿਆ ਹੈ। ਇਸ ਸਬੰਧੀ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਸਰਕਾਰ ਦੀ ਇਹ ਸਕੀਮ ਯੋਗ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਹਾਸਲ ਕਰਨ ਲਈ ਅਹਿਮ ਰੋਲ ਨਿਭਾਏਗੀ।

ਆਪਣੇ ਸਵਾਗਤੀ ਭਾਸ਼ਣ ਵਿੱਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਨੂੰ ‘ਘਰ ਘਰ ਰੋਜ਼ਗਾਰ ਸਕੀਮ’ ਦਾ ਵਾਅਦਾ ਪੂਰਾ ਕਰਨ ਲਈ ਮੁਬਾਰਕਬਾਦ ਦਿੱਤੀ। ਉਨਾਂ ਕਿਹਾ ਕਿ ਰੋਜ਼ਗਾਰ ਮੇਲੇ 72 ਸਥਾਨਾਂ ਉਤੇ ਲਗਾਏ ਗਏ ਜਿੱਥੇ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ।

ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਦੂਰਅੰਦੇਸ਼ ਤੇ ਗਤੀਸ਼ੀਲ ਅਗਵਾਈ ਹੇਠ ਸਰਕਾਰ ਵੱਲੋਂ ਪੰਜ ਲੱਖ ਦੇ ਕਰੀਬ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਉਦਮਾਂ ਲਈ ਕਰਜ਼ੇ ਮੁਹੱਈਆ ਕਰਵਾਏ ਗਏ ਜਿਸ ਨਾਲ ਇਨਾਂ ਨੌਜਵਾਨਾਂ ਦੀ ਕਿਸਮਤ ਹੀ ਬਦਲ ਗਈ।

ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਵਿੱਚ ਵਿਕਾਸ ਤੇ ਪ੍ਰਗਤੀ ਦੀ ਨਵੀਂ ਲਹਿਰ ਚੱਲ ਰਹੀ ਹੈ। ਉਨਾਂ ਕਿਹਾ ਕਿ ਇਕੱਲੇ ਚਮਕੌਰ ਸਾਹਿਬ ਹਲਕੇ ਵਿੱਚ 112 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕਾਰਜ ਚੱਲ ਰਹੇ ਹਨ।

ਉਨਾਂ ਅੱਗੇ ਦੱਸਿਆ ਕਿ ਦਸੰਬਰ ਮਹੀਨੇ ਕਰਵਾਇਆ ਜਾ ਰਿਹਾ ‘ਪੰਜਾਬ ਇਨਵੈਸਟਰਜ਼ ਸੰਮੇਲਨ’ ਸੂਬੇ ਵਿੱਚ ਆਰਥਿਕ, ਬੁਨਿਆਦੀ ਢਾਂਚੇ ਅਤੇ ਸਮਾਜਿਕ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰੇਗਾ।

ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਆਲਮੀ ਮੰਦੀ ਦੀ ਬਾਵਜੂਦ ਪੰਜਾਬ ਵਿੱਚ ਹੋਏ ਵਿਕਾਸ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਦਾ ਅਹਿਮ ਯੋਗਦਾਨ ਹੈ।

ਇਸ ਤੋਂ ਪਹਿਲਾਂ ਸਵੇਰੇ ਚਮਕੌਰ ਸਾਹਿਬ ਪਹੁੰਚਣ ਸਾਰ ਮੁੱਖ ਮੰਤਰੀ ਨੇ ਗੁਰਦੁਆਰਾ ਕਤਲਗੜ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਗੁਰਦੁਆਰਾ ਮੈਨੇਜਰ ਮਹਿੰਦਰ ਸਿੰਘ ਚੁਹਾਨਕੇ ਤੇ ਹੈਡ ਗੰ੍ਰਥੀ ਮੇਜਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਰੋਪਾਓ ਬਖਸ਼ਿਸ਼ ਕੀਤਾ।

ਚਮਕੌਰ ਸਾਹਿਬ ਹਲਕੇ ਦੀ ਆਪਣੀ ਫੇਰੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਮ ਉਤੇ ਬਣਨ ਵਾਲੇ ਯਾਦਗਾਰੀ ਗੇਟਾਂ ਦਾ ਨੀਂਹ ਪੱਥਰ ਰੱਖਿਆ ਜਿਸ ਦੀ ਕੁੱਲ 3 ਕਰੋੜ ਰੁਪਏ ਲਾਗਤ ਆਵੇਗੀ। ਉਨਾਂ ਮੋਰਿੰਡਾ ਵਿਖੇ ਰੇਲਵੇ ਅੰਡਰਬਿ੍ਰਜ ਦਾ ਵੀ ਨੀਂਹ ਪੱਥਰ ਰੱਖਿਆ ਜੋ 17.5 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ।

ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਜੇ ਇੰਦਰਾ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਤੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਤੋਂ ਇਲਾਵਾ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ, ਕੁਲਜੀਤ ਸਿੰਘ ਨਾਗਰਾ, ਗੁਰਪ੍ਰੀਤ ਸਿੰਘ ਜੀ.ਪੀ., ਚੌਧਰੀ ਸੁਰਿੰਦਰ ਸਿੰਘ, ਸੰਤੋਖ ਸਿੰਘ ਭਲਾਈਪੁਰ ਤੇ ਅਮਰਜੀਤ ਸਿੰਘ ਸੰਦੋਾ (ਸਾਰੇ ਵਿਧਾਇਕ) ਵੀ ਹਾਜ਼ਰ ਸਨ।

Share News / Article

Yes Punjab - TOP STORIES