ਪੰਜਾਬ ਸਰਕਾਰ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਲਗਾਤਾਰ ਸਰਗਰਮ: ਅਰੁਨਾ ਚੌਧਰੀ

ਚੰਡੀਗੜ੍ਹ, 13 ਸਤੰਬਰ, 2019 –

‘‘ਪੰਜਾਬ ਸਰਕਾਰ ਔਰਤਾਂ ਦੇ ਸਸ਼ਕਤੀਕਰਨ ਲਈ ਲਗਾਤਾਰ ਸਰਗਰਮ ਹੈ ਅਤੇ ਇਸ ਵੱਲੋਂ ਮਹਿਲਾਵਾਂ ਖਾਸਕਰ ਗਰੀਬ ਵਰਗ ਦੀਆਂ ਮਹਿਲਾਵਾਂ ਦੀ ਭਲਾਈ ਲਈ ਅਨੇਕਾਂ ਕਦਮ ਚੁੱਕੇ ਗਏ ਹਨ।’’ ਇਹ ਪ੍ਰਗਟਾਵਾ ਕਰਦੇ ਹੋਏ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਔਰਤਾਂ ਨੂੰ ਵੱਧ ਤੋਂ ਵੱਧ ਸਮਰੱਥ ਬਨਾਉਣਾ ਹੈ ਤਾਂ ਜੋ ਉਹ ਸੂਬੇ ਦੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਵਿਕਾਸ ਵਿੱਚ ਆਪਣਾ ਹੋਰ ਵੀ ਪ੍ਰਭਾਵੀ ਯੋਗਦਾਨ ਪਾ ਸਕਣ।

ਸ਼੍ਰੀਮਤੀ ਅਰੁਨਾ ਚੌਧਰੀ ਅਨੁਸਾਰ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਮਹਿਲਾਵਾਂ ਅਤੇ ਮਰਦ ਦਿਵਿਆਂਗ ਵਿਅਕਤੀਆਂ ਲਈ ਸਰਕਾਰੀ ਨੌਕਰੀਆਂ ਅਤੇ ਪਦ-ਉਨਤੀਆਂ ਲਈ ਰਾਖਵਾਂਕਰਨ 3 ਫ਼ੀਸਦੀ ਤੋਂ ਵਧਾ ਕੇ 4 ਫ਼ੀਸਦੀ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਤੇਜ਼ਾਬ ਪੀੜਤ ਮਹਿਲਾਵਾਂ ਦੀ ਭਲਾਈ ਲਈ ਵੀ ਕਦਮ ਚੁੱਕੇ ਗਏ ਹਨ। ਇਸ ਵਾਸਤੇ ਤੇਜ਼ਾਬ ਪੀੜਤਾਂ ਲਈ ਵਿੱਤੀ ਸਹਾਇਤਾ ਸਕੀਮ ਪੰਜਾਬ 2017 ਬਣਾਈ ਗਈ ਹੈ। ਇਸ ਦੇ ਹੇਠ 40 ਫ਼ੀਸਦੀ ਤੋਂ ਵੱਧ ਦਿਵਿਆਂਗ ਹੋਣ ਵਾਲੀਆਂ ਤੇਜ਼ਾਬ ਪੀੜਤ ਮਹਿਲਾਵਾਂ ਲਈ 8000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੀ ਵਿਵਸਥਾ ਕੀਤੀ ਗਈ ਹੈ।

ਸ਼੍ਰੀਮਤੀ ਚੌਧਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 58 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੀਆਂ ਉਨ੍ਹਾਂ ਮਹਿਲਾਵਾਂ ਲਈ 750 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦੀ ਵਿਵਸਥਾ ਕੀਤੀ ਹੈ ਜਿਨ੍ਹਾਂ ਦੀ ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000 ਰੁਪਏ ਤੋਂ ਘੱਟ ਹੋਵੇ। ਇਸੇ ਤਰ੍ਹਾਂ ਦੋਵੇਂ ਪਤੀ ਪਤਨੀ ਕੋਲ ਚਾਹੀ ਜ਼ਮੀਨ ਢਾਈ ਏਕੜ ਅਤੇ ਬਰਾਨੀ ਜ਼ਮੀਨ ਪੰਜ ਏਕੜ ਤੋਂ ਵੱਧ ਨਾ ਹੋਵੇ। ਇਹ ਪੈਨਸ਼ਨ ਮਰਦਾਂ ਨੂੰ ਵੀ ਦਿੱਤੀ ਜਾ ਰਹੀ ਹੈ ਪਰ ਉਨ੍ਹਾਂ ਲਈ ਉਮਰ ਦੇ ਮਾਪਦੰਡ ਵੱਖਰੇ ਹਨ। ਇਸੇ ਤਰ੍ਹਾਂ ਹੀ ਸਾਰੇ ਵਸੀਲਿਆਂ ਤੋਂ 60,000 ਦੀ ਸਲਾਨਾ ਆਮਦਨ ਤੋਂ ਘੱਟ ਵਾਲੀਆਂ ਅਤੇ 58 ਸਾਲ ਦੀ ਉਮਰ ਤੋਂ ਘੱਟ ਵਾਲੀਆਂ ਵਿਧਵਾਵਾਂ/ਨਿਆਸਰਿਤ ਔਰਤਾਂ ਅਤੇ 30 ਸਾਲ ਦੀ ਉਮਰ ਤੋਂ ਵੱਧ ਵਾਲੀਆਂ ਅਣਵਿਆਹੀਆਂ ਇਸਤਰੀਆਂ ਤੋਂ ਇਲਾਵਾ ਦਿਵਿਆਂਗ ਮਹਿਲਾਵਾਂ ਲਈ ਵੀ ਮਾਸਿਕ ਪੈਨਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਦਿਹਾਤੀ ਖੇਤਰਾਂ ਦੀਆਂ ਦਸਵੀਂ ਪੱਧਰ ਦੀਆਂ ਦਿਵਿਆਂਗ ਵਿਦਿਆਰਥਣਾਂ ਲਈ ਕਿਤਾਬਾਂ-ਕਾਪੀਆਂ ਵਾਸਤੇ ਸਲਾਨਾ 1000 ਰੁਪਏ ਅਤੇ ਵਰਦੀਆਂ ਆਦਿ ਲਈ ਵੀ 1000 ਰੁਪਏ ਦੀ ਵਿਵਸਥਾ ਕੀਤੀ ਹੈ। ਇਸ ਤੋਂ ਉੱਪਰਲੀਆਂ ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਕਿਤਾਬਾਂ-ਕਾਪੀਆਂ ਲਈ ਸਲਾਨਾ 1500 ਰੁਪਏ ਅਤੇ ਵਰਦੀਆਂ ਲਈ ਵੀ 1500 ਰੁਪਏ ਦਿੱਤੇ ਜਾਂਦੇ ਹਨ। ਇਹ ਵਜ਼ੀਫ਼ਾ 40 ਫ਼ੀਸਦੀ ਤੋਂ ਵੱਧ ਉਨ੍ਹਾਂ ਦਿਵਿਆਂਗ ਵਿਦਿਆਰਥਣਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਮਾਤਾ ਪਿਤਾ ਦੀ ਮਾਸਿਕ ਆਮਦਨ 5000 ਰੁਪਏ ਜਾਂ ਇਸ ਤੋਂ ਘੱਟ ਹੈ। ਇਸ ਦੇ ਨਾਲ ਹੀ 0-6 ਸਾਲ ਤੱਕ ਦੇ ਬੱਚਿਆਂ, ਦੁੱਧ ਪਿਲਾਉਂਦੀਆਂ ਮਾਵਾਂ ਅਤੇ ਗਰਭਵਤੀ ਮਾਵਾਂ ਦੀ ਸਿਹਤ ਨੂੰ ਉਚਾ ਚੁੱਕਣ ਲਈ ‘ਪੋਸ਼ਨ ਮਾਹ’ ਦੇ ਰੂਪ ਇੱਕ ਮੁਹਿੰਮ ਆਰੰਭੀ ਗਈ ਹੈ। ਪੋਸ਼ਣ ਮਾਹ ਪੰਜਾਬ ਭਰ ਵਿੱਚ ਪਹਿਲੀ ਸਤੰਬਰ ਤੋਂ 30 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਉਕਤ ਮੁਹਿੰਮ ਆਈ.ਸੀ.ਡੀ.ਐਸ. ਸਕੀਮ ਅਧੀਨ ਆਉਂਦੇ ਹਿੱਸੇ ਦੇ ਉਪਬੰਧ ’ਤੇ ਆਧਾਰਿਤ ਹੈ।

Share News / Article

Yes Punjab - TOP STORIES