ਪੰਜਾਬ ਸਰਕਾਰ ਨੇ ਏੇਮਜ਼ ਬਠਿੰਡਾ ਦੇ ਸ਼ੁਰੂ ਹੋਣ ‘ਚ ਇੱਕ ਹੋਰ ਅੜਿੱਕਾ ਪਾਇਆ: ਹਰਸਿਮਰਤ ਬਾਦਲ

ਚੰਡੀਗੜ੍ਹ/ਬਠਿੰਡਾ, 20 ਸਤੰਬਰ 2019 :

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦਾ ਮੁੱæਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਏਮਜ਼ ਬਠਿੰਡਾ ਪ੍ਰਾਜੈਕਟ ਦੇ ਮੁਕੰਮਲ ਹੋਣ ਵਿਚ ਇੱਕ ਤੋਂ ਬਾਅਦ ਇੱਕ ਅੜਿੱਕਾ ਲਾ ਰਿਹਾ ਹੈ।

ਉਹਨਾਂ ਦੱਸਿਆ ਕਿ ਇਸ ਵਾਰ ਸਰਕਾਰ ਇਸ ਸੰਸਥਾਨ ਨੂੰ ਬਿਜਲੀ ਦੀ ਸਪਲਾਈ ਦੇਣ ਵਿਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ। ਉਹਨਾਂ ਨੂੰ ਇਸ ਦਾ ਪਤਾ ਕੇਂਦਰੀ ਸਿਹਤ ਮੰਤਰਾਲੇ ਦੀ ਸੂਬੇ ਦੇ ਮੁੱਖ ਸਕੱਤਰ ਨਾਲ ਹੋਈ ਤਾਜ਼ਾ ਗੱਲਬਾਤ ਤੋਂ ਚੱਲਿਆ ਹੈ।

ਸੂਬਾ ਸਰਕਾਰ ਦੀਆਂ ਵਾਰ ਵਾਰ ਇਸ ਪ੍ਰਾਜੈਕਟ ਨੂੰ ਠੱਪ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕਰਦਿਆਂ ਬੀਬਾ ਬਾਦਲ ਨੇ ਇਸ ਵੱਕਾਰੀ ਸਿਹਤ ਸੰਸਥਾਨ ਦਾ ਉਦਘਾਟਨ ਰੋਕਣ ਲਈ ਕੈਪਟਨ ਸਰਕਾਰ ਨੂੰ ਤਿੱਖੀ ਫਟਕਾਰ ਲਾਈ।

ਉਹਨਾਂ ਮੁੱਖ ਮੰਤਰੀ ਨੂੰ ਸੂਬੇ ਅਤੇ ਇਸ ਦੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ਦੀ ਅਪੀਲ ਕੀਤੀ ਅਤੇ ਰਾਸ਼ਟਰੀ ਹਿੱਤ ਵਾਲੇ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਸੰਬੰਧੀ ਸੂਬਾ ਸਰਕਾਰ ਦੇ ਬਣਦੇ ਫਰਜ਼ਾਂ ਨੂੰ ਸੁਹਿਰਦਤਾ ਨਾਲ ਨਿਭਾਉਣ ਲਈ ਆਖਿਆ।

ਇੱਥੇ ਦੱਸਣਯੋਗ ਹੈ ਕਿ ਏਮਜ਼ ਬਠਿੰਡਾ ‘ਚ ਐਮਬੀਬੀਐਸ ਦੇ ਪਹਿਲੇ ਬੈਚ ਦੀਆਂ ਕਲਾਸਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਦੇ ਆਰਜ਼ੀ ਕੈਂਪਸ ਵਿਚ ਸ਼ੁਰੂ ਹੋ ਚੁੱਕੀਆਂ ਹਨ। ਇਸ ਸੰਸਥਾਨ ਦੀ ਮੈਨੇਜਮੈਂਟ ਇਸ ਮਹੀਨੇ ਦੇ ਅਖੀਰ ਤਕ ਇੱਥੇ ਓਪੀਡੀ ਦੀ ਸਹੂæਲਤ ਸ਼ੁਰੂ ਕਰਨਾ ਚਾਹੁੰਦੀ ਹੈ, ਪਰੰਤੂ ਬਿਜਲੀ ਦਾ ਕੁਨੈਕਸ਼ਨ ਨਾ ਹੋਣ ਕਰਕੇ ਓਪੀਡੀ ਚਾਲੂ ਕਰਨ ਵਿਚ ਬੇਲੋੜੀ ਦੇਰੀ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰਾਲਾ ਸੂਬਾ ਸਰਕਾਰ ਦੇ ਇਸ ਸੰਬੰਧੀ ਲਾਪਰਵਾਹ ਵਤੀਰੇ ਤੋਂ ਇੰਨਾ ਨਾਰਾਜ਼ ਹੈ ਕਿ ਸਿਹਤ ਸਕੱਤਰ (ਭਾਰਤ ਸਰਕਾਰ) ਨੇ ਹੁਣ ਪੰਜਾਬ ਦੇ ਮੁੱਖ ਸਕੱਤਰ ਨੂੰ ਇਸ ਸੰਬੰਧੀ ਤੁਰੰਤ ਦਖ਼ਲ ਦੇਣ ਲਈ ਆਖਿਆ ਹੈ, ਕਿਉਂਕਿ ਬਿਜਲੀ ਦੀ ਸਹੂਲਤ ਨਾ ਹੋਣ ਕਰਕੇ ਓਪੀਡੀ ਸਹੂਲਤ ਸ਼ੁਰੂ ਕਰਨ ਵਿਚ ਦੇਰੀ ਹੋ ਰਹੀ ਹੈ।

ਪੰਜਾਬ ਵਿਚ ਏਮਜ਼ ਬਠਿੰਡਾ ਦੀ ਉਸਾਰੀ ਲਈ ਸੂਬਾ ਸਰਕਾਰ ਅਤੇ ਕੇਂਦਰੀ ਸਿਹਤ ਮੰਤਰਾਲੇ ਵਿਚਕਾਰ ਸਹੀਬੰਦ ਹੋਏ ਐਮਓਯੂ ਅਨੁਸਾਰ ਸੂਬਾ ਸਰਕਾਰ ਵੱਲੋਂ ਆਪਣੇ ਖਰਚੇ ਉੱਤੇ ਇਸ ਪ੍ਰਾਜੈਕਟ ਵਾਸਤੇ ਲੋੜੀਂਦੀ ਲੋਡ ਸਮਰੱਥਾ ਵਾਲਾ ਬਿਜਲੀ ਕੁਨੈਕਸ਼ਨ ਦਿੱਤਾ ਜਾਣਾ ਸੀ ਅਤੇ ਇਸ ਤੋਂ ਬਾਅਦ 66/11ਕੇਵੀ ਸਬਸਟੇਸ਼ਨ ਨੂੰ ਚਲਾਉਣ ਅਤੇ ਸੰਭਾਲ ਦਾ ਖਰਚਾ ਪੰਜਾਬ ਸਰਕਾਰ ਜਾਂ ਪੀਐਸਪੀਸੀਐਲ ਵਿਚੋਂ ਕਿਸੇ ਵੱਲੋਂ ਉਠਾਇਆ ਜਾਣਾ ਹੈ।

ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਪਿਛਲੇ ਸਾਲ ਏਮਜ਼ ਬਠਿੰਡਾ ਲਈ ਬਿਜਲੀ ਦੀ ਸਪਲਾਈ ਉਪਲੱਬਧ ਕਰਵਾਉਣੀ ਸੀ, ਪਰ ਇਸ ਨੇ ਅਜਿਹਾ ਨਹੀਂ ਕੀਤਾ।

ਇੱਥੋਂ ਤਕ ਪ੍ਰਾਜੈਕਟ ਦੀ ਪਿਛਲੀ ਰੀਵਿਊ ਮੀਟਿੰਗ ਵਿਚ ਵੀ ਸੂਬੇ ਦੇ ਅਧਿਕਾਰੀਆਂ ਨੂੰ 15 ਸਤੰਬਰ ਤਕ ਸੰਸਥਾਨ ਅੰਦਰ ਬਿਜਲੀ ਦੀ ਸਪਲਾਈ ਸ਼ੁਰੂ ਕਰਵਾਉਣ ਲਈ ਆਖਿਆ ਗਿਆ ਸੀ ਅਤੇ ਸਪੱਸ਼ਟ ਤੌਰ ਤੇ ਦੱਸਿਆ ਗਿਆ ਸੀ ਕਿ ਇਹ ਇਮਾਰਤ ਉਦਘਾਟਨ ਵਾਸਤੇ ਤਿਆਰ ਹੈ, ਪਰ ਕਿਸੇ ਨੇ ਗੱਲ ਨਹੀਂ ਸੁਣੀ।

ਹੁਣ ਕੇਂਦਰੀ ਸਿਹਤ ਸਕੱਤਰ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਸ ਦੇ ਜਲਦੀ ਹੱਲ ਵਾਸਤੇ ਉਚੇਚੀ ਬੇਨਤੀ ਕੀਤੀ ਹੈ ਤਾਂ ਕਿ ਓਪੀਡੀ ਸੇਵਾਵਾਂ ਸ਼ੁਰੂ ਕਰਨ ਲਈ ਲੋੜੀਂਦੀ ਲੋਡ ਵਾਲੀ ਬਿਜਲੀ ਪ੍ਰਦਾਨ ਕੀਤੀ ਜਾ ਸਕੇ, ਜਿਸ ਨਾਲ ਇਸ ਸਮੁੱਚੇ ਖੇਤਰ ਨੂੰ ਲਾਭ ਹੋਵੇਗਾ।

ਬੀਬਾ ਬਾਦਲ ਨੇ ਏਮਜ਼ ਬਠਿੰਡਾ ਪ੍ਰਾਜੈਕਟ ਦੀ ਵਿਉਂਤਬੰਦੀ ਤੋਂ ਲੈ ਕੇ ਇਸ ਮਾਲਵਾ ਖੇਤਰ ਵਿਚ ਸਥਾਪਤ ਕਰਵਾਉਣ ਵਿਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ, ਕਿਉਂਕਿ ਇਸ ਖੇਤਰ ਦੇ ਲੋਕ ਵੱਡੀ ਗਿਣਤੀ ਵਿਚ ਕੈਂਸਰ ਅਤੇ ਦੂਜੀਆਂ ਬੀਮਾਰੀਆਂ ਦੀ ਲਪੇਟ ਵਿਚ ਹਨ। ਪੰਜਾਬ ਸਰਕਾਰ ਵੱਲੋਂ ਵਾਰ ਵਾਰ ਪਾਏ ਜਾ ਰਹੇ ਅੜਿੱਕਿਆਂ ਤੋਂ ਖ਼ਫਾ ਬਠਿੰਡਾ ਸਾਂਸਦ ਬੀਬਾ ਬਾਦਲ ਨੇ ਕਿਹਾ ਕਿ ਉਹ ਸੂਬਾ ਸਰਕਾਰ ਦੀ ਇਸ ਵੱਕਾਰ ਸੰਸਥਾਨ ਪ੍ਰਤੀ ਲਾਪਰਵਾਹੀ ਨੂੰ ਵੇਖ ਕੇ ਹੈਰਾਨ ਹਨ।

ਉਹਨਾਂ ਦੱਸਿਆ ਕਿ ਉਹਨਾਂ ਨੇ ਏਮਜ਼ ਬਠਿੰਡਾ ਨੂੰ ਭਾਰਤ ਅੰਦਰ ਬਣ ਰਹੇ ਬਾਕੀ ਸਾਰੇ ਏਮਜ਼ ਹਸਪਤਾਲਾਂ ਤੋਂ ਪਹਿਲਾਂ ਮੁਕੰਮਲ ਕਰਵਾਉਣ ਲਈ ਦਿਨ ਰਾਤ ਇੱਕ ਕੀਤਾ ਹੈ।

ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੀ ਸਰਕਾਰ ਨੇ ਇਹ ਸਭ ਕਰ ਵਿਖਾਇਆ ਹੈ। ਪਰ ਪੰਜਾਬ ਸਰਕਾਰ ਨੇ ਇਸ ਸੰਸਥਾਨ ਲਈ ਸਿਰਫ 66ਕੇਵੀਏ ਪਾਵਰ ਸਬਸਟੇਸ਼ਨ ਦਾ ਪ੍ਰਬੰਧ ਕਰਨਾ ਸੀ ਅਤੇ ਇਸ ਵੱਲੋਂ ਇਹ ਕੰਮ ਵੀ ਸਮੇਂ ਸਿਰ ਨਹੀਂ ਕੀਤਾ ਗਿਆ ਹੈ, ਜਿਸ ਕਰਕੇ ਏਮਜ਼ ਬਠਿੰਡਾ ਨੂੰ ਸ਼ੁਰੂ ਕਰਨ ਵਿਚ ਦੇਰੀ ਹੋ ਰਹੀ ਹੈ।

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੋਕਾਂ ਦੇ ਸਬਰ ਦਾ ਹੋਰ ਇਮਤਿਹਾਨ ਨਹੀਂ ਲੈਣਾ ਚਾਹੀਦਾ, ਜਿਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾਂ ਪੂਰੇ ਇੱਕ ਸਾਲ ਤਕ ਭਾਰਤ ਸਰਕਾਰ ਦੀ ਆਯੂਸ਼ਮਨ ਭਾਰਤ ਸਕੀਮ ਤਹਿਤ 5 ਲੱਖ ਰੁਪਏ ਲਾਭ ਤੋਂ ਵਾਂਝੇ ਰੱਖਿਆ ਗਿਆ ਸੀ ਅਤੇ ਹੁਣ ਇਸ ਚੋਟੀ ਦੇ ਸਿਹਤ ਕੇਂਦਰ ਤੋਂ ਉਹਨਾਂ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ।

Share News / Article

Yes Punjab - TOP STORIES