ਪੰਜਾਬ ਸਰਕਾਰ ਦੋਸ਼ ਲਗਾ ਕੇ ਸੰਗਤਾਂ ਨੂੰ ਕਰ ਰਹੀ ਗੁਮਰਾਹ, ਟੈਂਡਰ ਬਿਲਕੁਲ ਨਿਯਮਾਂ ਅਨੁਸਾਰ: ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 15 ਅਕਤੂਬਰ, 2019 –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਲਗਾਏ ਜਾਣ ਵਾਲੇ ਵਿਸ਼ਾਲ ਪੰਡਾਲ ਅਤੇ ਹੋਰ ਸੇਵਾਵਾਂ ਲਈ ਦਿੱਤਾ ਗਿਆ ਟੈਂਡਰ ਬਿਲਕੁਲ ਨਿਯਮਾਂ ਅਨੁਸਾਰ ਹੈ।

ਇਸ ਲਈ ਬਕਾਇਦਾ ਤੌਰ ’ਤੇ ਅਖ਼ਬਾਰਾਂ ਵਿਚ ਇਸ਼ਤਿਹਾਰ ਦੇਣ ਮਗਰੋਂ ਹੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਦੇ ਵਿਧਾਇਕਾਂ ਵੱਲੋਂ ਟੈਂਡਰ ਸਬੰਧੀ ਚੁੱਕੇ ਗਏ ਸਵਾਲਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਅਤੇ ਗੁੰਮਰਾਹਕੁੰਨ ਦੱਸਿਆ ਹੈ।

ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਜਾਣਬੁਝ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ।

ਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦੀ ਸਹੂਲਤ ਦੇ ਮੱਦੇਨਜ਼ਰ ਮੁੱਖ ਸਮਾਗਮ ਲਈ ਵਿਸ਼ਾਲ ਪੰਡਾਲ ਦੀ ਵਿਵਸਥਾ ਕਰਨ ਸਮੇਤ ਹੋਰ ਕਈ ਕਾਰਜਾਂ ਲਈ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਟੈਂਡਰ ਮੰਗੇ ਸਨ। ਇਸ ਸਬੰਧੀ ਮੁਕੰਮਲ ਸ਼ਰਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ’ਤੇ ਪਾਈਆਂ ਗਈਆਂ ਸਨ।

ਸ਼੍ਰੋਮਣੀ ਕਮੇਟੀ ਨੂੰ 10 ਫਰਮਾਂ ਵੱਲੋਂ ਕੁਟੇਸ਼ਨਾਂ (ਰੇਟ) ਭੇਜੀਆਂ ਗਈਆਂ, ਜਿੰਨ੍ਹਾਂ ਵਿੱਚੋ ਕੁਝ ਕੰਪਨੀਆਂ ਵੱਲੋਂ ਕੇਵਲ ਪੰਡਾਲ ਦਾ ਹੀ ਰੇਟ ਦਿੱਤੇ ਗਏ ਸਨ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਸੇਵਾਵਾਂ ਲਈ ਟੈਂਡਰ ਮੰਗੇ ਸਨ। ਇਸ ਕਾਰਜ ਲਈ ਬਣਾਈ ਗਈ ਸਬ-ਕਮੇਟੀ ਵੱਲੋਂ ਬਕਾਇਦਾ ਨਿਯਮਾਂ ਅਨੁਸਾਰ ਵੱਖ-ਵੱਖ ਫਰਮਾਂ ਵੱਲੋਂ ਦਿੱਤੀਆਂ ਗਈਆਂ ਪ੍ਰੈਜਨਟੇਸ਼ਨਾਂ ਨੂੰ ਵੇਖਣ ਉਪਰੰਤ QCBS ਫਾਰਮੂਲੇ ਦੇ ਅਧਾਰ ’ਤੇ ਨੋਇਡਾ ਦੀ ਫਰਮ ਸ਼ੋਅ ਕਰਾਫ਼ਟ ਪ੍ਰੋਡਕਸ਼ਨ ਨੂੰ ਟੈਂਡਰ ਦਿੱਤਾ ਗਿਆ ਹੈ, ਜਿਸ ਵਿੱਚ ਕੋਈ ਵੀ ਬੇਨਿਯਮੀ ਨਹੀਂ ਹੈ।

ਇਸ ਫਰਮ ਵੱਲੋਂ ਵਿਸ਼ਾਲ ਪੰਡਾਲ ਜਰਮਨ ਹੈਂਗਰ ਤਕਨੀਕ ਨਾਲ ਤਿਆਰ ਕੀਤਾ ਜਾਵੇਗਾ, ਜਿਹੜਾ ਏਅਰਕੰਡੀਸ਼ਨਰ ਅਤੇ ਵਾਟਰਪਰੂਫ ਹੋਵੇਗਾ। ਇਸ ਪੰਡਾਲ ਵਿੱੱਚ 3ਡੀ ਐਂਟਰੀ ਗੇਟ, ਚਾਰ ਜੋੜੇਘਰ, 02 ਗਠੜੀ ਘਰ, ਮੀਡੀਆ ਸੈਂਟਰ, 02 ਲੌਂਜ, ਵੀ.ਆਈ.ਪੀ. ਟਾਇਲਟ ਬੱਸ, ਸੰਗਤਾਂ ਲਈ ਟਾਇਲਟਸ ਅਤੇ ਵਾਸ਼ਰੂਮ, 10 ਪਕੌਢਾ ਵੀ ਬਣਾਏ ਜਾਣਗੇ।

ਇਸੇ ਤਰਾਂ ਮਿਤੀ 09 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਅੰਤਰਰਾਸ਼ਟਰੀ ਸਟੈਂਡਰਡ ਦਾ ਲਾਈਟ ਐਂਡ ਸਾਉਂਡ ਸ਼ੋਅ, ਵੀਡੀਓ ਪ੍ਰੋਜੈਕਸ਼ਨ ਮੈਪਿੰਗ, ਰਸਤਿਆਂ ਦੀ ਸਜ਼ਾਵਟ, ਬੇਬੇ ਨਾਨਕੀ ਨਿਵਾਸ ਤੋਂ ਲੈ ਕੇ ਇੱਕ ਕਿਲੋਮੀਟਰ ਸੜ੍ਹਕ ਵਿੱਚ ਇਲੈਕਟਰੀਕਲ ਲਾਇਟਾਂ ਵਾਲੇ ਗੇਟ ਲਗਾ ਕੇ ਸੁੰਦਰ ਸਜਾਵਟ ਕੀਤੀ ਜਾਵੇਗੀ ਜਿਸ ਵਿੱਚ ਸੜ੍ਹਕ ਦੇ ਦੋਵੇਂ ਪਾਸੇ ਐਲ.ਈ.ਡੀ. ਸਕਰੀਨਾਂ ਲਗਾਈਆ ਜਾਣਗੀਆਂ।

ਇਸ ਤੋਂ ਇਲਾਵਾ ਇਸ ਫਰਮ ਵੱਲੋਂ ਈਕੋ ਫਰੈਂਡਲੀ ਆਤਿਸ਼ਬਾਜੀ, ਡਰੋਨ ਐਕਟ ਅਤੇ ਲੇਜਰ ਸ਼ੋਅ ਵੀ ਕੀਤਾ ਜਾਵੇਗਾ। ਲਾਈਟ ਐਂਡ ਸਾਊਂਡ ਅਤੇ ਲੇਜ਼ਰ ਸ਼ੋਅ ਪੰਜ ਦਿਨ ਲਗਾਤਾਰ ਚੱਲਣਗੇ। ਇਸੇ ਤਰ੍ਹਾਂ ਸਜ਼ਾਵਟ ਵੀ ਪੰਜ ਦਿਨਾਂ ਲਈ ਹੋਵੇਗੀ।

ਸ. ਆਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਧਾਇਕਾਂ ਨੂੰ ਇਸ ਤਰ੍ਹਾਂ ਦੇ ਤਰਕਹੀਣ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਇਆ ਜਾ ਰਿਹਾ ਪੈਸਾ ਸੰਗਤ ਦਾ ਹੈ ਤਾਂ ਇਹ ਵਿਧਾਇਕ ਦੱਸਣ ਕਿ ਪੰਜਾਬ ਸਰਕਾਰ ਪਾਸ ਪੈਸਾ ਕਿਸ ਦਾ ਆਉਂਦਾ ਹੈ।

ਕੀ ਉਹ ਪੈਸਾ ਲੋਕਾਂ ਦਾ ਨਹੀਂ ਹੈ, ਜਾਂ ਇਹ ਵਿਧਾਇਕ ਆਪਣੀ ਜ਼ੇਬ੍ਹ ਵਿੱਚੋਂ ਖ਼ਰਚ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਹਰ ਕੰਮ ਨਿਯਮਾਂ ਅਨੁਸਾਰ ਕਰਦੀ ਹੈ ਅਤੇ ਕੀਤੇ ਜਾਂਦੇ ਖਰਚਿਆਂ ਦਾ ਬਕਾਇਦਾ ਆਡਿਟ ਹੁੰਦਾ ਹੈ।

Share News / Article

Yes Punjab - TOP STORIES