ਪੰਜਾਬ ਸਰਕਾਰ ਦੀ ਮੰਗ ਮੰਨ ਕੇ ਕੇਂਦਰ ਨੇ ਨਵੀਂ ਸਿੱਖਿਆ ਨੀਤੀ ਦੇ ਖਰੜੇ ਦਾ ਸਾਰ ਪੰਜਾਬੀ ਭਾਸ਼ਾ ਵਿਚ ਮੁਹੱਈਆ ਕਰਵਾਇਆ

ਚੰਡੀਗੜ੍ਹ, 23 ਸਤੰਬਰ, 2019 –

ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਦੱਸਿਆ ਹੈ ਕਿ ਕੇਂਦਰ ਸਰਕਾਰ ਦੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਨੇ ਪੰਜਾਬ ਸਰਕਾਰ ਦੀ ਮੰਗ ਮੰਨਦਿਆਂ ਨਵੀਂ ਕੌਮੀ ਸਿੱਖਿਆ ਨੀਤੀ ਦੇ ਖਰੜੇ ਦਾ ਸਾਰ ਪੰਜਾਬੀ ਭਾਸ਼ਾ ਵਿਚ ਛਾਪ ਕੇ ਸੂਬਾ ਸਰਕਾਰ ਨੂੰ ਆਪਣੀਆਂ ਟਿੱਪਣੀਆਂ ਲਈ ਭੇਜ ਦਿੱਤਾ ਹੈ।

ਸ਼੍ਰੀ ਬਾਜਵਾ ਨੇ ਦੱਸਿਆ ਕਿ ਇਸ ਨਵੀਂ ਸਿੱਖਿਆ ਨੀਤੀ ਦਾ ਖਰੜਾ ਪਹਿਲਾਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿਚ ਹੀ ਮੁਹੱਈਆ ਕਰਵਾਇਆ ਗਿਆ ਸੀ।

ਉਹਨਾਂ ਨੇ ਪੰਜਾਬ ਸਰਕਾਰ ਵਲੋਂ ਕੇਂਦਰੀ ਮਨੁੱਖੀ ਸ੍ਰ੍ਰੋਤ ਵਿਕਾਸ ਮੰਤਰੀ ਨੂੰ ਪਿੱਛੇ ਜਿਹੇ ਇੱਕ ਪੱਤਰ ਲਿਖ ਕੇ ਜਾਣੂ ਕਰਵਾਇਆ ਸੀ ਕਿ ਪੰਜਾਬ ਦੇ ਸਿੱਖਿਆ ਪ੍ਰਬੰਧ ਨਾਲ ਸਬੰਧਤ ਤਕਰੀਬਨ ਸਾਰੀਆਂ ਹੀ ਧਿਰਾਂ ਦੀ ਮੰਗ ਹੈ ਕਿ ਨਵੀਂ ਕੌਮੀ ਸਿੱਖਿਆ ਨੀਤੀ ਦੇ ਖਰੜੇ ਨੂੰ ਪੰਜਾਬੀ ਭਾਸ਼ਾ ਵਿਚ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਸਿੱਖਿਆ ਨਾਲ ਸਬੰਧਤ ਵਿਅਕਤੀ ਇਸ ਉੱਤੇ ਆਪਣੇ ਸੁਝਾਅ ਅਤੇ ਟਿੱਪਣੀਆਂ ਭੇਜ ਸਕਣ।

ਉਚੇਰੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਹੁਣ ਦੂਜੀਆਂ ਭਾਸ਼ਾਵਾਂ ਦੀ ਤਰਾਂ ਇਸ ਸਿੱਖਿਆ ਨੀਤੀ ਦੇ ਖਰੜੇ ਦਾ ਸਾਰ ਪੰਜਾਬੀ ਭਾਸ਼ਾ ਵਿਚ ਵੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਦੀ ਵੈਬ ਸਾਈਟ ਉੱਤੇ ਮੁਹੱਈਆ ਕਰਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ. ਬਾਜਵਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖਿਆ ਨੀਤੀ ਦਾ ਪੂਰਾ ਖਰੜਾ ਪੰਜਾਬੀ ਭਾਸ਼ਾ ਵਿਚ ਉਪਲੱਬਧ ਕਰਵਾਇਆ ਜਾਵੇ ਤਾਂ ਜੋ ਇਸ ਦੀ ਪੂਰੀ ਘੋਖ ਕਰਕੇ ਲੋੜੀਂਦੀਆਂ ਟਿੱਪਣੀਆਂ ਭੇਜੀਆਂ ਜਾ ਸਕਣ।

ਇਸ ਨੂੰ ਵੀ ਪੜ੍ਹੋ:

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES