ਪੰਜਾਬ ਸਰਕਾਰ ਦੀ ਬੇਨਤੀ ’ਤੇ ਰਾਜ ਦੀਆਂ ਡਿਸਟਿਲਰੀਜ਼ ਕਰ ਰਹੀਆਂ ਨੇ ਸੈਨੇਟਾਈਜ਼ਰ ਦਾ ਨਿਰਮਾਣ ਤੇ ਸਪਲਾਈ

ਚੰਡੀਗੜ੍ਹ, 28 ਮਾਰਚ, 2020 –

ਕੋਵਿਡ-19 ਦੀ ਸਮੱਸਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀ ਬੇਨਤੀ ‘ਤੇ ਪੰਜਾਬ ਡਿਸਟਿਲਰੀਜ਼ ਸੈਨੇਟਾਈਜ਼ਰ ਤਿਆਰ ਕਰ ਰਹੀਆਂ ਹਨ। ਇਹ ਜਾਣਕਾਰੀ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।

ਐਨ.ਵੀ. ਡਿਸਟਿਲਰੀ ਪਟਿਆਲਾ, ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੌਟਲਰਸ ਬਨੂੜ, ਬਠਿੰਡਾ ਕੈਮੀਕਲਜ਼ ਲਿਮਟਿਡ ਬਠਿੰਡਾ, ਚੱਡਾ ਸ਼ੂਗਰ ਐਂਡ ਡਿਸਟਿਲਰੀਜ਼ ਗੁਰਦਾਸਪੁਰ, ਜਗਤਜੀਤ ਡਿਸਟਿਲਰੀ ਹਮੀਰਾ ਅਤੇ ਪਾਇਨੀਅਰ ਇੰਡਸਟਰੀਜ਼ ਪਠਾਨਕੋਟ ਨਾ ਸਿਰਫ਼ ਸਰਕਾਰ ਦੁਆਰਾ ਨਿਰਧਾਰਤ ਫਾਰਮੂਲੇ ਅਨੁਸਾਰ ਸੈਨੇਟਾਈਜ਼ਰ ਬਣਾ ਰਹੇ ਹਨ ਬਲਕਿ ਐਫ.ਡੀ.ਏ. ਪੰਜਾਬ ਦੁਆਰਾ ਦਰਸਾਈ ਗਈ ਲੋੜ ਅਨੁਸਾਰ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਵੀ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਬਿਲਕੁਲ ਮੁਫ਼ਤ ਕਰ ਰਹੇ ਹਨ।

ਹਦਾਇਤਾਂ ਅਨੁਸਾਰ ਹੈਂਡ ਸੈਨੇਟਾਈਜ਼ਰ 96% ਈਥਾਨੋਲ, 3% ਹਾਈਡਰੋਜਨ ਪਰਆਕਸਾਈਡ, ਗਲਿਸਰਿਲ, ਅਨੁਮਾਨਤ ਰੰਗ ਅਤੇ ਸਟਿਰਲਾਈਜ਼ ਪਾਣੀ ਦੇ ਮਿਸ਼ਰਣ ਨਾਲ ਬਣਾਇਆ ਜਾ ਰਿਹਾ ਹੈ।

ਕਾਬਲੇਗੌਰ ਹੈ ਕਿ ਕੋਵਿਡ-19 ਵਾਇਰਸ ਦੇ ਫੈਲਾਅ ਦੇ ਮੱਦੇਨਜ਼ਰ ਪੰਜਾਬ ਵਿੱਚ ਸੈਨੇਟਾਈਜ਼ਰਾਂ ਦੀ ਭਾਰੀ ਮੰਗ ਹੈ। ਬਾਜ਼ਾਰ ਵਿੱਚ ਸੈਨੇਟਾਈਜ਼ਰਾਂ ਦੀ ਭਾਰੀ ਕਮੀ ਨੇ ਕਾਲਾਬਾਜ਼ਾਰੀ ਨੂੰ ਜਨਮ ਦਿੱਤਾ ਹੈ।

ਇਹ ਡਿਸਟਿਲਰੀਆਂ ਥੋਕ ਮਾਤਰਾ ਵਿਚ ਸੈਨੇਟਾਈਜ਼ਰਾਂ ਦੀਆਂ ਰੋਜ਼ਮਰ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀਆਂ ਹਨ। ਪਿਛਲੇ ਕੁਝ ਦਿਨਾਂ ਵਿਚ, ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੁਆਰਾ ਵਰਤਣ ਲਈ ਲਗਭਗ 33000 ਲੀਟਰ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਕੀਤੀ ਗਈ ਹੈ।

ਇਸੇ ਤਰ੍ਹਾਂ ਪੁਲਿਸ ਫੋਰਸ ਨੂੰ ਡਿਊਟੀ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਵਰਤੋਂ ਲਈ ਵੀ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿਵਲ ਪ੍ਰਸ਼ਾਸਨ ਦੇ ਕਰਮਚਾਰੀਆਂ ਦੀ ਵਰਤੋਂ ਲਈ ਵੀ ਡਿਪਟੀ ਕਮਿਸ਼ਨਰਾਂ ਨੂੰ ਸੈਨੇਟਾਈਜ਼ ਸਮੱਗਰੀ ਦੀ ਸਪਲਾਈ ਕੀਤੀ ਜਾ ਰਹੀ ਹੈ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES