ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਲਾਈ ਲਈ ਵਚਨਬੱਧ: ਅਰੁਨਾ ਚੌਧਰੀ

ਚੰਡੀਗੜ੍ਹ,1 ਜੁਲਾਈ, 2019:
“ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਤੇ ਯੋਗ ਅਗਵਾਈ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਨਵੀਆਂ ਨੀਤੀਆਂ ਤੇ ਲੋੜੀਂਦਾ ਢਾਂਚਾ ਮੁਹੱਈਆ ਕਰਵਾਉਣ ਲਈ ਸੁਹਿਰਦਤਾ ਨਾਲ ਯਤਨਸ਼ੀਲ ਹੈ।”

ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਵੱਖ-ਵੱਖ ਆਂਗਣਵਾੜੀ ਵਰਕਰਜ਼ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਕੀਤਾ। ਇਸ ਮੀਟਿੰਗ ਵਿੱਚ ਸੂਬੇ ਭਰ ਦੀਆਂ ਸਾਰੀਆਂ ਆਂਗਵਾੜੀ ਯੂਨੀਅਨਾਂ ਜਿਵੇਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ, ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ(ਸੀ.ਆਈ.ਟੀ.ਯੂ) ਅਤੇ ਆਲ ਇੰਡੀਆ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਯੂਨੀਅਨ, ਪੰਜਾਬ (ਏ.ਆਈ.ਟੀ.ਯੂ.ਸੀ) ਨੇ ਭਾਗ ਲਿਆ।

ਮੰਤਰੀ ਨੇ ਯੂਨੀਅਨਾਂ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਨੂੰ ਬੜੀ ਗ਼ੌਰ ਨਾਲ ਸੁਣਦਿਆਂ ਕਿਹਾ ਕਿ ਆਂਗਣਵਾੜੀ ਵਰਕਰਾਂ , ਹੈਲਪਰਾਂ ਦੇ ਨਾਲ ਨਾਲ ਕਰੈੱਚ ਵਰਕਰਾਂ ਦੀ ਤਨਖ਼ਾਹ ਸਮੇਂ ਸਿਰ ਨੇ ਨਿਯਮਤ ਢੰਗ ਨਾਲ ਅਦਾ ਕੀਤੀ ਜਾਵੇਗੀ। ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ ਦਾਖਲ ਹੋਏ 3-6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿੱਚ ਭੇਜਣ ਸਬੰਧੀ ਮੰਗ ਨੂੰ ਯਕੀਨੀ ਬਣਾਉਣ ਸਬੰਧੀ ਮੰਤਰੀ ਨੇ ਉਕਤ ਮੁੱਦੇ ਨੂੰ ਬਹੁਤ ਜਲਦ ਸਕੂਲ ਸਿੱਖਿਆ ਵਿਭਾਗ ਨਾਲ ਵਿਚਾਰਨ ਦਾ ਭਰੋਸਾ ਦਿੱਤਾ।

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮਾਜਕ ਸੁਰੱਖਿਆ ਤੇ ਸਿਹਤ ਸੇਵਾਵਾਂ ਜਿਵੇਂ ਈ.ਐਸ.ਆਈ, ਪੀ.ਪੀ.ਐਫ ਆਦਿ ਮੁਹੱਈਆ ਕਰਾਉਣ ਸਬੰਧੀ ਮੰਗਾਂ ਬਾਬਤ ਮੁੜ ਬੋਲਦਿਆਂ ਸ੍ਰੀਮਤੀ ਚੌਧਰੀ ਨੇ ਇਸ ਮੁੱਦੇ ਨੂੰ ਪੂਰੀ ਸੁਹਿਰਦਤਾ ਨਾਲ ਸਿਹਤ ਵਿਭਾਗ ਨਾਲ ਵਿਚਾਰਨ ਦੀ ਗੱਲ ਆਖੀ।

ਹਰੇਕ ਵਰਕਰ ਨੂੰ 200 ਰੁਪਏ ਵਿੱਤੀ ਸਹਾਇਤਾ ਅਤੇ ਗਰਭਵਤੀ ਔਰਤਾਂ ਨੂੰ ਫਾਰਮ ਭਰਨ ਆਦਿ ਕੰਮਾਂ ਵਿੱਚ ਸਹਿਯੋਗ ਦੇਣ ਵਾਲੇ ਹਰੇਕ ਹੈਲਪਰ ਨੂੰ 100 ਰੁਪਏ ਵਿੱਤੀ ਸਹਾਇਤਾ ਦੇਣ ਦੀ ਮੰਗ ਨੂੰ ਪੂਰਾ ਕਰਨ ਸਬੰਧੀ ਮੰਤਰੀ ਨੇ ਵਿੱਤ ਵਿਭਾਗ ਦਾ ਨਾਲ ਉਕਤ ਮੁੱਦੇ ਪ੍ਰਤੀ ਹਮਦਰਦੀ ਭਰਿਆ ਰੁਖ਼ ਅਖ਼ਤਿਆਰ ਕਰਨ ਦਾ ਭਰੋਸਾ ਵੀ ਦਿੱਤਾ।

ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਅਨਾਂ ਦੀ ਹੋਰ ਮੰਗਾਂ ਜਿਵੇਂ ਹਰੇਕ ਆਂਗਣਵਾੜੀ ਵਰਕਰ ਨੂੰ 1500 ਰੁਪਏ ਤੇ ਹੈਲਪਰ ਨੂੰ 750 ਰੁਪਏ ਦੇ ਹਿਸਾਬ ਨਾਲ ਤਨਖ਼ਾਹ ਦੇਣਾ, ਆਵਾਜਾਈ ਭੱਤਾ 200 ਰੁਪਏ ਕਰਨ, ਅਡਵਾਈਜ਼ਰੀ ਬੋਰਡ ਤੇ ਬਾਲ ਭਲਾਈ ਬੋਰਡ ਕਾਊਂਸਲ ਦੇ ਐਂਬਿਟ ‘ਚੋਂ 8 ਬਲਾਕਾਂ ਨੂੰ ਬਾਹਰ ਰੱਖਣ ਅਤੇ ਸੂਬਾ ਸਰਕਾਰ ਅਧੀਨ ਲੈ ਕੇ ਆਉਣ, ਮਿੰਨੀ ਕੇਂਦਰਾਂ ਨੂੰ ਮੇਨ ਕੇਂਦਰ ਘੋਸ਼ਿਤ ਕਰਨ, ਸਿਰਫ ਆਂਗਣਵਾੜੀ ਵਰਕਰਾਂ ਵਿੱਚੋਂ ਹੀ ਸੁਪਰਵਾਈਜ਼ਰ ਦੀ ਭਰਤੀ ਕਰਨਾ ਅਤੇ ਨਿੱਜੀ ਸਹਿਮਤੀ ਦੇ ਆਧਾਰ ‘ਤੇ ਵਰਕਰਾਂ ਤੇ ਹੈਲਪਰਾਂ ਦੀਆਂ ਆਪਸੀ ਬਦਲੀਆਂ ਕਰਾਉਣ ਆਦਿ ਮੰਗਾਂ ਪ੍ਰਤੀ ਵੀ ਖੁਲ੍ਹ-ਦਿਲ੍ਹੀ ਤੇ ਭਰੋਸੇਯੋਗਤਾ ਵਾਲਾ ਵਤੀਰਾ ਅਖ਼ਤਿਆਰ ਕੀਤਾ ਜਾਵੇਗਾ।

ਸ੍ਰੀਮਤੀ ਚੌਧਰੀ ਨੇ ਕੇਂਦਰਾਂ ਵਿੱਚ ਖ਼ਰਾਕ ਤੇ ਰਾਸ਼ਨ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਸਬੰਧੀ ਨਿਰਦੇਸ਼ ਦਿੱਤੇ ਅਤੇ ਕਿਸੇ ਕਿਸਮ ਦੀ ਕੋਈ ਕੁਤਾਹੀ ਤੋਂ ਨੂੰ ਬਰਦਾਸ਼ਤ ਨਾ ਕਰਨ ਸਬੰਧੀ ਸੁਚੇਤ ਵੀ ਕੀਤੀ। ਇਸ ਮੌਕੇ ਮੰਤਰੀ ਨੇ ਬਦਲਦੇ ਸਮੇਂ ਤੇ ਲੋੜਾਂ ਦੇ ਮੱਦੇਨਜ਼ਰ ਆਂਗਣਵਾੜੀ ਵਰਕਰਾਂ ਨੂੰ ਮਾਡਰਨ ਤਕਨੀਕਾਂ ਤੋਂ ਵਾਕਿਫ ਕਰਾਉਣ ਹਿੱਤ ਇਨ੍ਹਾਂ ਕੇਂਦਰਾਂ ਨੂੰ ਹੋਰ ਆਧੁਨਿਕ ਬਣਾਉਣ ਦੀ ਵਕਾਲਤ ਵੀ ਕੀਤੀ।

ਅਜਿਹੀਆਂ ਮੀਟਿੰਗਾਂ ਨੂੰ ਨਿਰੰਤਰ ਤੌਰ ‘ਤੇ ਹਰੇਕ ਤਿਮਾਹੀ ਵਿੱਚ ਸੱਦੇ ਜਾਣ ਦੇ ਨਿਰਦੇਸ਼ ਦਿੰਦਿਆਂ ਸ੍ਰੀਮਤੀ ਚੌਧਰੀ ਨੇ ਕੇਂਦਰਾਂ ਦਾ ਸਮਾਂ 15 ਜੁਲਾਈ ਤੱਕ ਸਵੇਰੇ 7:30 ਤੋਂ ਬਦਲਕੇ ਸਵੇਰ 10.00 ਵਜੇ ਕਰਨ ਦੀ ਘੋਸ਼ਨਾ ਵੀ ਕੀਤੀ ਤਾਂ ਜੋ ਵਰਕਰਾਂ ਨੂੰ ਤਪਦੀ ਗਰਮੀ ਤੋਂ ਰਾਹਤ ਦਿੱਤੀ ਜਾ ਸਕੇ।

ਇਸ ਮੌਕੇ ਵਿਭਾਗ ਦੀ ਪ੍ਰਮੁੱਖ ਸਕੱਤਰ, ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ, ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਦੀ ਪ੍ਰਧਾਨ ਊਸ਼ਾ ਰਾਣੀ ਵੀ ਮੌਜੂਦ ਸਨ।

Share News / Article

Yes Punjab - TOP STORIES