ਪੰਜਾਬ ਸਰਕਾਰ ਅਣਗੌਲਿਆਂ ਕਰ ਰਹੀ ਹੈ ਕੌਮਾਂਤਰੀ ਚੱਸ ਚੈਂਪੀਅਨ ਮੱਲਿਕਾ ਹਾਂਡਾ ਨੂੰ, ਉਪ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ

ਯੈੱਸ ਪੰਜਾਬ
ਜਲੰਧਰ, 4 ਦਸੰਬਰ, 2019:

ਸੁਨਣ ਤੋਂ ਅਸਮਰਥ ਜਲੰਧਰ ਦੀ ਬੇਟੀ ਮੱਲਿਕਾ ਹਾਂਡਾ ਦਾ ਅੱਜ ਜਲੰਧਰ ਰੇਲਵੇ ਸਟੇਸ਼ਨ ਪੁੱਜਣ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਖ਼ੇਡ ਪ੍ਰੇਮੀਆਂ ਵੱਲੋਂ ਸਵਾਗਤ ਕੀਤਾ ਗਿਆ।

ਇਸ ਮੌਕੇ ਨਾ ਕੇਵਲ ਮੱਲਿਕਾ ਹਾਂਡਾ ਸਗੋਂ ਉਸ ਦੀ ਮਾਤਾ ਰੇਣੂ ਹਾਂਡਾ ਨੇ ਉਸਦੀਆਂ ਕੌਮੀ ਅਤੇ ਕੌਮਾਂਤਰੀ ਪ੍ਰਾਪਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਉਸਨੂੰ ਅਣਡਿੱਠ ਕੀਤੇ ਜਾਣ ਦੀ ਗੱਲ ਆਖੀ।

ਗੂੰਗੇ ਅਤੇ ਬੋਲੇ ਖ਼ਿਡਾਰੀਆਂ ਦੀ ਕੌਮਾਂਤਰੀ ਚੈੱਸ ਚੈਂਪੀਅਨਸ਼ਿਪ ਦੀ ਜੇਤੂ ਮੱਲਿਕਾ ਹਾਂਡਾ ਨੂੰ ਬੀਤੇ ਦਿਨੀਂ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਵੱਲੋਂ ‘ਬੈਸਟ ਸਪੋਰਟਸਪਰਸਨ’ ਦੇ ਸਨਮਾਨ ਨਾਲ ਦਿੱਲੀ ਵਿਖ਼ੇ ਸਨਮਾਨਿਤ ਕੀਤਾ ਗਿਆ।

ਰੇਲਵੇ ਸਟੇਸ਼ਨ ’ਤੇ ਉਨ੍ਹਾਂ ਨੂੰ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਯ ਮੌਕੇ ਮੱਲਿਕਾ ਹਾਂਡਾ ਨੇ ਆਪਣੀ ਇਸ ਪ੍ਰਾਪਤੀ ਲਈ ਆਪਣੇ ਮਾਤਾ ਪਿਤਾ ਅਤੇ ਕੁਝ ਹੋਰਨਾਂ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਮੱਲਿਕਾ ਹਾਂਡਾ ਨੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾਉਂਦਿਆਂ ਸ਼ਤਰੰਜ ਦੀ ਖ਼ੇਡ ਵਿਚ ਆਪਣਾ ਲੋਹਾ ਮਨਵਾਉਂਦੇ ਹੋਏ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲੇ ਜਿੱਤੇ ਹਨ।

ਮੱਲਿਕਾ ਹਾਂਡਾ ਦੀ ਮਾਤਾ ਰੇਣੂ ਹਾਂਡਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਖ਼ੇਡ ਮੰਤਰੀ ਰਾਜ ਵਿਚ ਖ਼ੇਡਾਂ ਨੂੰ ਉਤਸ਼ਾਹਿਤ ਕਰਨ ਸੰਬੰਧੀ ਬਿਆਨ ਦਿੰਦੇ ਰਹਿੰਦੇ ਹਨ ਪਰ ਮੱਲਿਕਾ ਵਰਗੀਆਂ ਖ਼ਿਡਾਰਨਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਮੱਲਿਕਾ ਆਪਣੀਆਂ ਪ੍ਰਾਪਤੀਆਂ ਦੀ ਯਾਤਰਾ ’ਤੇ ਲਗਾਤਾਰ ਚੱਲਦੀ ਜਾ ਰਹੀ ਹੈ।