ਪੰਜਾਬ ਵੱਲੋਂ ਪੀ.ਐਚ.ਐਫ.ਆਈ. ਨਾਲ ਵਾਤਾਵਰਣ, ਸੜਕੀ ਤੇ ਖੁਰਾਕ ਸੁਰੱਖਿਆ ਸਬੰਧੀ ਸਾਂਝੇ ਪ੍ਰੋਗਰਾਮ ਲਈ ਸਮਝੌਤਾ ਸਹੀਬੱਧ

ਨਵੀਂ ਦਿੱਲੀ/ਚੰਡੀਗੜ, 7 ਸਤੰਬਰ, 2019 –
ਪੰਜਾਬ ਸਰਕਾਰ ਨੇ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ(ਪੀ.ਐਚ.ਐਫ.ਆਈ.) ਨਾਲ ਵਾਤਾਵਰਣ ਸਿਹਤ, ਸੜਕੀ ਤੇ ਭੋਜਨ ਸੁਰੱਖਿਆ ਦੇ ਨਾਲ-ਨਾਲ ਪੌਸ਼ਟਿਕਤਾ ਅਤੇ ਚੰਗੀ ਸਿਹਤ ਸਬੰਧੀ ਸਾਂਝੇ ਪ੍ਰੋਗਰਾਮ ਲਈ ਐਮ.ਓ.ਯੂ. ਸਹੀਬੱਧ ਕੀਤਾ ਹੈ।
ਇਹ ਐਮ.ਓ.ਯੂ. ਪੰਜਾਬ ਸਰਕਾਰ ਦੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਪ੍ਰਮੱਖ ਸਕੱਤਰ ਸ੍ਰੀ ਰਾਕੇਸ਼ ਵਰਮਾ ਅਤੇ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰਧਾਨ ਡਾ. ਕੇ ਐਸ. ਰੈਡੀ ਵੱਲੋਂ ਪੀ.ਐਚ.ਐਫ.ਆਈ ਦੇ ਮੁੱਖ ਦਫ਼ਤਰ ਨਵੀਂ ਦਿੱਲੀ ਵਿਖੇ ਸਹੀਬੱਧ ਕੀਤਾ ਗਿਆ।

ਇਸ ਐਮ.ਓ.ਯੂ. ਸਬੰਧੀ ਜਾਣਕਾਰੀ ਦਿੰਦਿਆਂ ਰਾਕੇਸ਼ ਵਰਮਾ ਨੇ ਦੱਸਿਆ ਕਿ ਪੀ.ਐਚ.ਐਫ.ਆਈ. ਸੂਬਾ ਸਰਕਾਰ ਨੂੰ ਸ਼ਨਾਖਤ ਕੀਤੇ ਗਏ ਵੱਖ-ਵੱਖ ਖੇਤਰਾਂ ਵਿੱਚ ਤਕਨੀਕੀ ਸਹਾਇਤਾ ਪ੍ਰਦਾਨ ਕਰਵਾਏਗੀ। ਉਨਾਂ ਸਪੱਸ਼ਟ ਕੀਤਾ ਕਿ ਪੀ.ਐਚ.ਐਫ.ਆਈ. ਸੂਬੇ ਨੂੰ ਲੋਕਾਂ ਵਿੱਚ ਫੈਲਣ ਵਾਲੀ ਮਹਾਂਮਾਰੀ ਤੇ ਹੋਰ ਬਿਮਾਰੀਆਂ ਸਬੰਧੀ ਅਧਿਐਨ ਕਰਨ ਵਿੱਚ ਸਹਾਇਤਾ ਦੇਵੇਗੀ ਤਾਂ ਲੋਕਾਂ ਦੀ ਸਿਹਤ ਸਬੰਧੀ ਚੁਣੌਤੀਆਂ ਨੂੰ ਵਾਤਾਵਰਣ ਦੇ ਪਰਿਪੇਖ ਵਿੱਚ ਸਮਝਿਆ ਜਾ ਸਕੇ।

ਸੂਬਾ ਤੇ ਪੀ.ਐਚ.ਐਫ.ਆਈ. ਵੱਲੋਂ ਰਲ-ਮਿਲਕੇ ਵਾਤਾਵਰਣ ਪ੍ਰਦੂਸ਼ਨ, ਅਧਿਐਨ ਅਤੇ ਡਾਟਾ ਇੰਟਰਪਿ੍ਰਟ ਕਰਨ ਸਬੰਧੀ ਸਸਤੇ ਤੇ ਕਿਫਾਇਤੀ ਤਕਨੀਕੀ ਹੱਲ/ ਸਾਜ਼ੋ-ਸਮਾਨ ਦੀ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ । ਇਸ ਦੇ ਨਾਲ ਹੀ ਵਾਤਾਵਰਣ ਸਬੰਧੀ ਸੰਮੇਲਨ ਅਤੇ ਵਰਕਸ਼ਾਪਾਂ ਵੀ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਮੌਜੂਦਾ ਅਤੇ ਆਧੁਨਿਕ ਤਕਨੀਕਾਂ ਬਾਰੇ ਜਾਗਰੂਕ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਕਾਰਜ ਕੁਸ਼ਲਤਾ ਵਧਾਉਣਾ, ਸਿਖਲਾਈ ਤੇ ਸਿਹਤ ਸਬੰਧੀ ਜਾਗਰੂਕਤਾ ਆਦਿ ਖੇਤਰਾਂ ਵਿੱਚ ਵੀ ਵਾਤਾਵਰਣ ਵਿਭਾਗ ਤੇ ਪੀ.ਐਚ.ਐਫ.ਆਈ. ਵੱਲੋਂ ਸਾਂਝੇ ਉਪਰਾਲੇ ਅਮਲ ਵਿੱਚ ਲਿਆਂਦੇ ਜਾਣਗੇ। ਉਨਾਂ ਦੱਸਿਆ ਕਿ ਵਾਤਾਵਰਣ ਸਿਹਤ ਸਬੰਧੀ ਗਤੀਵਿਧੀਆਂ ਯੋਜਨਾਬੰਦੀ, ਲਾਗੂ ਕਰਨ ਅਤੇ ਨਿਗਰਾਨੀ ਦੇ ਸਬੰਧ ਵਿੱਚ ਵੀ ਕਈ ਸਾਂਝੇ ਪ੍ਰੋਗਰਾਮ ਚਲਾਏ ਜਾਣਗੇ। ਇਸਦੇ ਨਾਲ ਹੀ ‘ਤੰਦਰੁਸਤ ਪੰਜਾਬ’ ਤਹਿਤ ਕੌਮੀ ਤੇ ਕੌਮਾਂਤਰੀ ਏਜੰਸੀਆਂ ਦੇ ਵਿੱਤੀ ਸਹਿਯੋਗ ਨਾਲ ਕਈ ਵਿਕਾਸਸ਼ੀਲ ਪ੍ਰੋਜੈਕਟ ਵੀ ਚਲਾਏ ਜਾਣਗੇ।

Share News / Article

Yes Punjab - TOP STORIES