ਪੰਜਾਬ ਵੱਲੋਂ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਨੌਜਵਾਨ ਲੜਕੀਆਂ ਲਈ ਅਨੀਮੀਆ ਮੁਕਤ ਮੁਹਿੰਮ ਦੀ ਸ਼ੁਰੂਆਤ

ਚੰਡੀਗੜ੍ਹ, 18 ਸਤੰਬਰ, 2019 –

ਸੂਬੇ ਨੂੰ ਅਨੀਮੀਆ ਮੁਕਤ ਕਰਨ ਦੇ ਉਦੇਸ਼ ਨਾਲ ਅੱਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ‘ਟੀ3- ਟੈਸਟ, ਟ੍ਰੀਟ ਅਤੇ ਟਾਕ’ ਦੇ ਸਲੋਗਨ ਨਾਲ ਇਕ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਹ ਮੁਹਿੰਮ ਵਿਸ਼ੇਸ਼ ਕਰਕੇ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਨੌਜਵਾਨ ਲੜਕੀਆਂ ’ਤੇ ਕੇਂਦਰਿਤ ਰਹੇਗੀ ਜਿਸ ਤਹਿਤ ਉਕਤ ਸ੍ਰੇਣੀ ਦੀਆਂ ਮਹਿਲਾਵਾਂ ਲਈ ਸੂਬੇ ਭਰ ਦੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਹੋਮੀਓਗਲੋਬਿਨ ਸਬੰਧੀ ਜਾਂਚ ਤੇ ਇਲਾਜ ਦੀ ਮੁਫਤ ਸਹੂਲਤ ਦਿੱਤੀ ਜਾਵੇਗੀ।

ਇਸ ਮਿਸ਼ਨ ਦੀ ਸ਼ੁਰੂਆਤ ਵਜੋਂ ਅੱਜ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਹੋਮੀਓਗਲੋਬਿਨ ਦੀ ਜਾਂਚ ਲਈ ਕੈਂਪ ਲਗਾਏ ਗਏ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਤੇ ਲੜਕੀਆਂ ਵੱਲੋਂ ਭਰਵਾਂ ਹੁੰਘਾਰਾ ਦੇਖਣ ਨੂੰ ਮਿਲਿਆ। ਇਹ ਕੈਂਪ ਅੱਜ ਤੋਂ 45 ਦਿਨਾਂ ਤੱਕ ਜਾਰੀ ਰਹਿਣਗੇ।

ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਅਵਨੀਤ ਕੌਰ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਯੋਗ ਅਗਵਾਈ ਵਿੱਚ ਸੂਬੇ ਨੂੰ ਅਨੀਮੀਆ ਮੁਕਤ ਕਰਨ ਦੇ ਉਦੇਸ਼ ਨਾਲ ਚਲਾਈ ਇਸ ਮੁਹਿੰਮ ਨੂੰ ਸੂਬੇ ਦਾ ਸਾਰੇ ਹਸਪਤਾਲਾਂ ਵਿੱਚ ਚਲਾਇਆ ਗਿਆ ਹੈ।

ਅਨੀਮੀਆ ਦੀ ਬਿਮਾਰੀ ਹੋਣ ਦੇ ਕਾਰਣਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਵਨੀਤ ਨੇ ਦੱਸਿਆ ਕਿ ਸਕੂਲ ਜਾਣ ਵਾਲੇ ਬੱਚਿਆਂ, ਪ੍ਰਜਨਨ ਕਰਨ ਵਾਲੀਆਂ ਔਰਤਾਂ, 2-5 ਸਾਲ ਦੇ ਬੱਚਿਆਂ ਵਿੱਚ ਅਨੀਮੀਆ ਹੋਣ ਦਾ ਮੁੱਖ ਕਾਰਨ ਆਇਰਨ ਦੀ ਘਾਟ ਹੋਣਾ ਹੈ। ਇਸ ਤੋਂ ਬਿਨਾਂ ਵਿਟਾਮਿਨ ਬੀ-12, ਫੋਲੀਏਟ ਅਤੇ ਵਿਟਾਮਿਨ ਏ ਦੀ ਘਾਟ ਕਰਕੇ ਵੀ ਅਨੀਮੀਆ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੰਕ੍ਰਮਿਤ ਬਿਮਾਰੀਆਂ ਵਿਸ਼ੇਸ਼ ਕਰਕੇ ਮਲੇਰੀਆ, ਹਲਮਿੰਥਸ ਇਨਫੈਕਸ਼ਨ, ਟੀਬੀ ਅਤੇ ਹੋਮਿਓਗਲੋਬਿਨੋਪੈਥੀਜ਼ ਦੀ ਵਜ੍ਹਾ ਨਾਲ ਵੀ ਅਨੀਮੀਆ ਦੀ ਬਿਮਾਰੀ ਹੋ ਸਕਦੀ ਹੈ। ਅਨੀਮੀਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੌਸ਼ਟਿਕ ਭੋਜਨ ਪਦਾਰਥਾਂ ਦੀ ਲੋੜ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਹਰੀਆਂ ਪੱਤੇਦਾਰ ਸਬਜ਼ੀਆਂ, ਆਇਰਨ-ਭਰਪੂਰ ਭੋਜਨ, ਖ਼ਜੂਰਾਂ, ਬੀਜ, ਅੰਡੇ ਅਤੇ ਮੱਛੀ ਦੀ ਵਰਤੋਂ ਨਾਲ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਲੋਕਾਂ ਨੂੰ ਉਕਤ ਕੈਂਪਾਂ ਦਾ ਪੂਰਾ ਲਾਹਾ ਲੈਣ ਅਤੇ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਅਪੀਲ ਕਰਦਿਆਂ ਡਾਇਰੈਕਟਰ ਨੇ ਅੱਗੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਸੂਬੇ ਨੂੰ ਅਨੀਮੀਆ ਤੇ ਕੁਪੋਸ਼ਣ ਮੁਕਤ ਕਰਨਾ ਸਾਰੇ ਭਾਈਵਾਲਾਂ ਤੇ ਸਿਹਤ ਕਰਮੀਆਂ ਦੀ ਮੁੱਢਲੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਪੰਜਾਬ ਨੂੰ ਸਿਹਤਮੰਦ ਬਣਾਉਣ ਲਈ ਸਿਹਤ ਵਿਭਾਗ ਵਲੋਂ ਆਪਣੇ ਪੱਧਰ ’ਤੇ ਹਰ ਸੰਭਵ ਯਤਨ ਕੀਤੇ ਜਾਣਗੇ।

ਇਸ ਮੌਕੇ ਹੋਰ ਪਤਵੰਤਿਆਂ ਤੋਂ ਇਲਾਵਾ ਡਾ. ਰੀਟਾ ਭਾਰਦਵਾਜ, ਡਾਇਰੈਕਟਰ ਸਿਹਤ ਸੇਵਾਵਾਂ( ਪਰਿਵਾਰ ਭਲਾਈ), ਡਾ. ਇੰਦਰਦੀਪ ਕੌਰ , ਪ੍ਰੋਗਰਾਮ ਅਫ਼ਸਰ, ਡਾ. ਸੁਖਦੀਪ ਕੌਰ, ਡਾ. ਮਨਜੀਤ ਸਿੰਘ ,ਸਿਵਲ ਸਰਜਨ ਮੋਹਾਲੀ, ਡਾ. ਨਿਧੀ, ਡਾ. ਵੀਨਾ ਜਰਵਾਲ ਅਤੇ ਸਟੇਟ ਮਾਸ ਮੀਡੀਆ ਅਫ਼ਸਰ ਹਰਬਿੰਦਰ ਕੌਰ ਸ਼ਾਮਲ ਸਨ।

Share News / Article

Yes Punjab - TOP STORIES