ਪੰਜਾਬ ਵਿਧਾਨ ਸਭਾ ਚੋਣਾਂ-2022: ਡੀਸੀ ਦਾ ਸੁਨੇਹਾ, ਟਰੈਕਟਰ ਰੈਲੀਆਂ, ਨੁੱਕੜ ਨਾਟਕਾਂ ਅਤੇ ਹੋਰ ਸਵੀਪ ਗਤੀਵਿਧੀਆਂ ਰਾਹੀਂ ਕੀਤਾ ਜਾਵੇਗਾ ਵੋਟਰਾਂ ਨੂੰ ਮਤਦਾਨ ਲਈ ਪ੍ਰੇਰਿਤ

ਯੈੱਸ ਪੰਜਾਬ
ਚੰਡੀਗੜ, 9 ਦਸੰਬਰ, 2021 –
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ- 2022 ਵਿੱਚ ਵੱਧ ਤੋਂ ਵੱਧ ਮਤਦਾਨ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ, ਪੰਜਾਬ ਦੇ ਮੁੱਖ ਚੋਣ ਅਫਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ-ਕਮ-ਜਿਲਾ ਚੋਣ ਅਫਸਰਾਂ (ਡੀ.ਈ.ਓਜ) ਨੂੰ ਉਨਾਂ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ, ਜਿੱਥੇ ਪਿਛਲੀਆਂ ਵਿਧਾਨ ਸਭਾ ਚੋਣਾਂ -2017 ਦੌਰਾਨ ਘੱਟ ਮਤਦਾਨ ਦਰਜ ਕੀਤਾ ਗਿਆ ਸੀ।

ਸਮੂਹ ਜ਼ਿਲਾ ਚੋਣ ਅਫ਼ਸਰਾਂ (ਡੀ.ਈ.ਓਜ)ਨੂੰ ਲਿਖੇ ਆਪਣੇ ਪੱਤਰ ਵਿੱਚ, ਡਾ: ਰਾਜੂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ- 2017 ਦੌਰਾਨ ਪੋਲਿੰਗ ਸਟੇਸ਼ਨਾਂ ਦੇ ਵਿਸ਼ਲੇਸ਼ਨ ਦੌਰਾਨ, ਇਹ ਪਾਇਆ ਗਿਆ ਕਿ ਕੁਝ ਬੂਥਾਂ ‘ਤੇ ਸੂਬੇ ਦੀ ਵੋਟਿੰਗ ਔਸਤ (77.40 ਫੀਸਦ) ਨਾਲੋਂ ਘੱਟ ਵੋਟਿੰਗ ਪ੍ਰਤੀਸਤ ਦਰਜ ਕੀਤੀ ਗਈ ਸੀ, ਜਿਸਦੇ ਮੱਦੇਨਜ਼ਰ ਆਗਾਮੀ ਵਿਧਾਨ ਸਭਾ ਚੋਣਾਂ-2022 ਵਿੱਚ ਵੱਧ ਤੋਂ ਵੱਧ ਵੋਟਿੰਗ ਪ੍ਰਾਪਤ ਕਰਨ ਲਈ ਅਜਿਹੇ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਤਵੱਜੋ ਦੇਣ ਦੀ ਲੋੜ ਹੈ।

ਉਨਾਂ ਡੀ.ਈ.ਓਜ ਨੂੰ ਹਦਾਇਤ ਕੀਤੀ ਕਿ ਉਹ ਘੱਟ ਮਤਦਾਨ ਵਾਲੇ ਪੋਲਿੰਗ ਸਟੇਸ਼ਨਾਂ ਦੀ ਪਛਾਣ ਕਰਨ ਅਤੇ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਵੱਧ ਤੋਂ ਵੱਧ ਗਤੀਵਿਧੀਆਂ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

ਸਵੀਪ ਅਧੀਨ ਆਉਂਦੀਆਂ ਗਤੀਵਿਧੀਆਂ ਵਿੱਚ ਗੁਰਦੁਆਰਿਆਂ ਰਾਹੀਂ ਡਿਪਟੀ ਕਮਿਸ਼ਨਰਾਂ ਦਾ ਸੁਨੇਹਾ, ਪਿੰਡਾਂ ਵਿੱਚ ਟਰੈਕਟਰ ਰੈਲੀਆਂ ਅਤੇ ਪੋਲਿੰਗ ਸਟੇਸ਼ਨਾਂ ਦੇ ਖੇਤਰਾਂ ਵਿੱਚ ਵਿਦਿਆਰਥੀ ਰੈਲੀਆਂ, ਮਨੁੱਖੀ ਚੇਨਜ਼, ਐਨਐਸਐਸ/ਐਨਸੀਸੀ/ਐਨਜੀਓਜ਼/ਹੋਰ ਵਲੰਟੀਅਰਾਂ ਵਲੋਂ ਨੁੱਕੜ ਨਾਟਕ ਜਾਂ ਸਟਰੀਟ ਸਕਿੱਟ ਅਤੇ ਈਵੀਐਮ, ਵੀਵੀਪੈਟ ਜਾਗਰੂਕਤਾ ਗਤੀਵਿਧੀਆਂ, ਵੋਟ ਪਾਉਣ ਸਬੰਧੀ ਜਾਗਰੂਕਤਾ ਮੁਹਿੰਮ ’ਚ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼ਾਮਲ ਕਰਨਾ, ਬੂਥ ਚੋਣ ਸਾਖ਼ਰਤਾਂ ਆਦਿ ਸ਼ਾਮਲ ਹਨ।

ਡਾ: ਰਾਜੂ ਨੇ ਡੀ.ਈ.ਓਜ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪੋਲਿੰਗ ਸਟੇਸ਼ਨਾਂ ਦੇ ਖੇਤਰਾਂ ਵਿੱਚ ਸਾਰੀਆਂ ਗਤੀਵਿਧੀਆਂ ਨੂੰ ਨੇਪਰੇ ਚਾੜਿਆ ਜਾਵੇ।

ਜ਼ਿਕਰਯੋਗ ਹੈ ਕਿ ਸਵੀਪ ਗਤੀਵਿਧੀ ਦੇ ਹਿੱਸੇ ਵਜੋਂ, ਐਲ.ਈ.ਡੀ ਅਤੇ ਆਡੀਓ ਸਿਸਟਮ ਨਾਲ ਲੈਸ 30 ਮੋਬਾਈਲ ਵੈਨਾਂ ਜੋ ਜ਼ਿਲਿਆਂ ਵਿੱਚ ਜਾਣ ਲਈ ਤਿਆਰ ਹਨ। ਇਹ ਵੈਨਾਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੂਬੇ ਭਰ ਵਿੱਚ ਘੁੰਮਣਗੀਆਂ, ਵੋਟਰ ਰਜਿਸਟ੍ਰੇਸ਼ਨ ਅਤੇ ਵੋਟਾਂ ਵਾਲੇ ਦਿਨ ਵੋਟ ਪਾਉਣ ਲਈ ਪੇ੍ਰਰਿਤ ਕਰਨਗੀਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ