ਪੰਜਾਬ ਵਿਚ 1200 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ ਤਿੰਨ ਮੈਡੀਕਲ ਕਾਲਜ: ਸੋਨੀ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਅੰਮ੍ਰਿਤਸਰ, 15 ਅਗਸਤ, 2020 –

ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ ਆਜ਼ਾਦੀ ਦਿਹਾੜੇ ਮੌਕੇ ਜਿਲਾ ਵਾਸੀਆਂ ਨੂੰ ਸੰਬੋਧਨ ਕਰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦੇ ਐਲਾਨ ਕੀਤਾ ਕਿ ਛੇਤੀ ਹੀ ਪੰਜਾਬ ਵਿਚ 1200 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਮੈਡੀਕਲ ਕਾਲਜ ਅਤੇ ਅੰਮ੍ਰਿਤਸਰ ਵਿਚ ਸਟੇਟ ਕੈਂਸਰ ਇੰਸਟੀਚਿਊਟ ਖੋਲੇ ਜਾਣਗੇ। ਸ੍ਰੀ ਸੋਨੀ ਨੇ ਦੱਸਿਆ ਕਿ ਇਹ ਮੈਡੀਕਲ ਕਾਲਜ ਮੁਹਾਲੀ, ਕਪੂਰਥਲਾ ਤੇ ਹੁਸ਼ਿਆਰਪੁਰ ਵਿਚ ਖੋਲੇ ਜਾ ਰਹੇ ਹਨ ਅਤੇ ਅੰਮ੍ਰਿਤਸਰ ਵਿਚ 120 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇਸਟੀਚਿਊਟ ਸਥਾਪਤ ਕੀਤਾ ਜਾ ਰਿਹਾ ਹੈ।

ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਚ ਤਿਰੰਗਾ ਲਹਿਰਾਉਣ ਮੌਕੇ ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਏਮਜ਼ ਬਠਿੰਡਾ ਨੂੰ ਵੀ ਚਾਲੂ ਕਰ ਦਿੱਤਾ ਗਿਆ ਹੈ ਅਤੇ ਇਸ ਵਿਚ ਐਮ ਬੀ ਬੀ ਐਸ ਦੇ ਦਾਖਲੇ ਵੀ ਸ਼ੁਰੂ ਹੋ ਚੁੱਕੇ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿਚ ਪੀ ਜੀ ਆਈ ਦਾ ਸੈਟੇਲਾਈਟ ਕੇਂਦਰ ਸਥਾਪਿਤ ਕਰਨ ਲਈ ਜ਼ਮੀਨ ਦਿੱਤੀ ਜਾ ਚੁੱਕੀ ਹੈ।

ਦੱਸਣਯੋਗ ਹੈ ਕਿ ਪੰਜਾਬ ਵਿਚ ਹੁਣ ਤੱਕ ਤਿੰਨ ਹੀ ਮੈਡੀਕਲ ਕਾਲਜ ਹਨ ਅਤੇ ਨਵੇਂ ਕਾਲਜ ਖੁੱਲਣ ਨਾਲ ਇਹ ਸੰਖਿਆ ਦੁੱਗਣੀ ਹੋ ਜਾਵੇਗੀ, ਜਿੱਥੇ ਬੱਚੇ ਡਾਕਟਰੀ ਦੀ ਪੜਾਈ ਵੀ ਕਰਨਗੇ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਮਿਲਣਗੀਆਂ।

ਉਨਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਵਿਚ 850 ਅਸਾਮੀਆਂ, ਜਿੰਨਾ ਵਿਚ ਡਾਕਟਰ, ਨਰਸਾਂ ਤੇ ਹੋਰ ਸਟਾਫ ਵੀ ਸ਼ਾਮਿਲ ਹਨ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਮਾਰਚ ਮਹੀਨੇ ਜਦੋਂ ਸਾਨੂੰ ਕੋਵਿਡ ਦੇ ਟੈਸਟਾਂ ਲਈ ਨਮੂਨੇ ਪੂਨੇ ਭੇਜਣੇ ਪੈਂਦੇ ਸਨ ਅਤੇ ਹੁਣ ਅਸੀਂ ਰੋਜ਼ਾਨਾ ਪੰਜਾਬ ਵਿਚ 22 ਹਜ਼ਾਰ ਕੋਵਿਡ ਟੈਸਟ ਕਰਨ ਜਾ ਰਹੇ ਹਾਂ।

ਉਨਾਂ ਆਜ਼ਾਦੀ ਦਿਹਾੜੇ ਦੀ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਅੱਜ ਕਰੋਨਾ ਦੇ ਜਿਸ ਦੌਰ ਵਿਚੋਂ ਅਸੀਂ ਸਭ ਗੁਜ਼ਰ ਰਹੇ ਹਾਂ, ਮੈਂ ਉਮੀਦ ਕਰਦਾ ਹਾਂ ਕਿ ਜਿਸ ਹੌਂਸਲੇ ਅਤੇ ਹਿੰਮਤ ਨਾਲ ਅਸੀਂ ਆਜ਼ਾਦੀ ਦੀ ਜੰਗ ਜਿੱਤੀ ਸੀ, ਉਸੇ ਤਰਾਂ ਕਰੋਨਾ ਨੂੰ ਵੀ ਜਲਦ ਹੀ ਹਰਾ ਦੇਵਾਂਗੇ।

ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੇ ਉਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ‘ਤੇ ਆਰੰਭੇ ਗਏ ਸੰਘਰਸ਼ਾਂ ਕਾਰਣ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕੁੱਲ ਆਜ਼ਾਦੀ ਘੁਲਾਟੀਆਂ ਵਿਚ 80 ਫੀਸਦੀ ਦੇ ਕਰੀਬ ਯੋਗਦਾਨ ਪੰਜਾਬੀਆਂ ਦਾ ਰਿਹਾ।

ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲ ਵਿੱਚ ਰਾਜ ਦੇ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ ਕਰੋਨਾ ਨੇ ਪੂਰੀ ਦੁਨੀਆਂ ਦੇ ਵਿਕਾਸ ਦੀ ਰਫਤਾਰ ਰੋਕ ਦਿੱਤੀ ਹੈ ਪਰ ਸਾਨੂੰ ਮਾਣ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਪੰਜਾਬ ਸੂਬਾ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ, ਸਨਅਤ, ਨਾਗਰਿਕ ਸੇਵਾਵਾਂ ਅਤੇ ਵੀਆਈਪੀ ਕਲਚਰ ਖਤਮ ਕਰਨ ਕਰਕੇ ਨਾਮਣਾ ਖੱਟ ਰਿਹਾ ਹੈ।

ਉਨਾਂ ਕਿਹਾ ਕਿ ਡਾਕਟਰਾਂ, ਪੁਲਿਸ, ਸਰਕਾਰੀ ਮੁਲਾਜ਼ਮ ਅਤੇ ਸਮਾਜ ਸੇਵੀ ਕੋਰੋਨਾ ਵਾਰੀਅਰਜ਼ ਵਜੋਂ ਵਿਚਰ ਕੇ ਇਸ ਬਿਮਾਰੀ ਦੀ ਲੜੀ ਤੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨਾਂ ਕਿਹਾ ਕਿ ਮੈਂ ਇੱਥੇ ਵਿਸ਼ੇਸ਼ ਤੌਰ ਉਤੇ ਡਾਕਟਰੀ ਅਮਲੇ, ਪੁਲੀਸ ਅਤੇ ਜ਼ਿਲਾ ਪ੍ਰਸ਼ਾਸਨ ਵਿਚ ਲੱਗੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹ ਇਸ ਸੰਕਟ ਦੀ ਘੜੀ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੋਕਾਂ ਦੀ ਜਾਨ ਦੀ ਰਾਖੀ ਲਈ ਸਿਰਤੋੜ ਯਤਨ ਕਰ ਰਹੇ ਹਨ।

ਉਨਾਂ ਕਿਹਾ ਕਿ ਸਰਕਾਰ ਨੇ ਜਿੱਥੇ ਲੋਕਾਂ ਨੂੰ ਮੁਫ਼ਤ ਸੈਨੇਟਾਈਜ਼ਰ, ਮਾਸਕ ਤੇ ਖਾਣ ਪੀਣ ਦੀਆਂ ਵਸਤਾਂ ਘਰਾਂ ਵਿੱਚ ਮੁਹੱਈਆ ਕੀਤੀਆਂ, ਉਥੇ ਲੋਕਾਂ ਨੂੰ ਇਸ ਬਿਮਾਰੀ ਖ਼ਿਲਾਫ਼ ਜਾਗਰੂਕ ਕਰਨ ਲਈ ਵੀ ਆਪਣੇ ਸਾਰੇ ਅਦਾਰੇ ਇਸ ਕੰਮ ਵਿੱਚ ਲਗਾਏ।

ਸ੍ਰੀ ਸੋਨੀ ਨੇ ਕਿਹਾ ਕਿ ਕਿਸਾਨਾਂ ਦੇ ਮਸੀਹਾ ਵੱਜੋਂ ਜਾਣੇ ਜਾਂਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਾਡੀ ਸਰਕਾਰ ਨੇ ਪਿਛਲੀਆਂ 7 ਫਸਲਾਂ ਜਿੱਥੇ ਹੱਥੋਂ-ਹੱਥ ਚੁਕਾਈਆਂ ਅਤੇ 48 ਘੰਟਿਆਂ ਅੰਦਰ ਫਸਲਾਂ ਦੀ ਅਦਾਇਗੀ ਕਰਵਾਈ ਉੱਥੇ ਹੀ 5.64 ਲੱਖ ਕਿਸਾਨਾਂ ਦਾ 4700 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਪੰਜਾਬ ਰਾਜ ਵਿੱਚ ਕਰੋਨਾ ਸੰਕਟ ਦੌਰਾਨ ਸੂਬੇ ਵਿੱਚ 15 ਲੱਖ ਤੋਂ ਜਿਆਦਾ ਫੂਡ ਪੈਕੇਟ ਵੰਡੇ ਗਏ ਅਤੇ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਸੂਬੇ ਦੇ ਸਾਰੇ ਸਮਾਰਟ ਕਾਰਡ ਧਾਰਕਾਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਗਈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਨੂੰ 10 ਲੱਖ ਤੋਂ ਵਧਾ ਕੇ 50 ਲੱਖ ਕਰ ਦਿੱਤੀ ਗਈ।

ਉਨਾਂ ਦੱਸਿਆ ਕਿ ਸਾਡੀ ਸਰਕਾਰ ਨੇ 58 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਜਦਕਿ ਨਿੱਜੀ ਖੇਤਰ ਵਿਚ ਇਹ ਗਿਣਤੀ 4 ਲੱਖ ਦੇ ਕਰੀਬ ਬਣਦੀ ਹੈ। 7 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਵਿਚ ਸਹਾਇਤਾ ਕੀਤੀ ਗਈ ਹੈ। ਸਾਡੀ ਸਰਕਾਰ ਵੱਲੋਂ ਅਜ਼ਾਦੀ ਘੁਲਾਟੀਆਂ ਨੂੰ ਘਰ ਮੁਹੱਈਆ ਕਰਵਾਉਣ ਲਈ ਪੁੱਡਾ, ਗਮਾਡਾ ਵਿੱਚ ਰਾਖਵਾਂਕਰਨ 2 ਫੀਸਦੀ ਤੋਂ ਵਧਾ ਕੇ 3 ਫ਼ੀਸਦੀ ਕੀਤਾ ਗਿਆ ਹੈ ਅਤੇ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਕੀਤੀ, ਜਿਸਦਾ 24 ਲੱਖ ਦੇ ਕਰੀਬ ਲੋਕ ਲਾਭ ਲੈ ਰਹੇ ਹਨ।

ਸ੍ਰੀ ਸੋਨੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਇਹ ਵੀ ਵਿਸ਼ਵਾਸ ਦਿਵਾਉਂਦਾ ਹਾਂ ਕਿ ਪੰਜਾਬ ਸਰਕਾਰ ਕੋਲ ਕਰੋਨਾ ਨਾਲ ਨਜਿੱਠਣ ਲਈ ਸਭ ਇੰਤਜ਼ਾਮ ਹਨ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਬਸ ਤੁਸੀਂ ਸਾਰੇ ਸਰਕਾਰ ਅਤੇ ਮਾਹਿਰਾਂ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰੋ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਵਿਚ ਅੰਮ੍ਰਿਤਸਰ ਦੇ ਜਿਲਾ ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ, ਡਿਪਟੀ ਡੀ ਈਓ ਸ੍ਰੀਮਤੀ ਰੇਖਾ ਮਹਾਜਨ, ਸੀ ਡੀ ਪੀ ਓ ਸ੍ਰੀਮਤੀ ਮੀਨਾ ਦੇਵੀ ਅਤੇ ਕੁਲਦੀਪ ਕੌਰ ਨੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਚੰਗਾ ਕੰਮ ਕੀਤਾ, ਜਿਸ ਬਦਲੇ ਮੁੱਖ ਮੰਤਰੀ ਵੱਲੋਂ ਗੋਲਡ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਜਿਲਾ ਤੇ ਸੈਸ਼ਨ ਜੱਜ ਸ੍ਰ ਬੀ:ਐਸ:ਸੰਧੂ, ਸ੍ਰ ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ, ਡਾ: ਰਾਜ ਕੁਮਾਰ ਵੇਰਕਾ, ਸ੍ਰ ਇੰਦਰਬੀਰ ਸਿੰਘ ਬੁਲਾਰੀਆ, ਸ੍ਰ ਤਰਸੇਮ ਸਿੰਘ ਡੀ:ਸੀ (ਸਾਰੇ ਵਿਧਾਇਕ), ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ, ਡਾ: ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ, ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ, ਸ੍ਰੀਮਤੀ ਕੋਮਲ ਮਿੱਤਲ ਕਮਿਸ਼ਨਰ ਨਗਰ ਨਿਗਮ, ਸ੍ਰੀ ਰਣਬੀਰ ਸਿੰਘ ਮੁੱਧਲ ਵਧੀਕ ਡਿਪਟੀ ਕਮਿਸ਼ਨਰ, ਸ੍ਰੀਮਤੀ ਅਨਮਜੋਤ ਕੋਰ ਸਹਾਇਕ ਕਮਿਸ਼ਨਰ, ਸ੍ਰੀ ਵਿਕਾਸ ਹੀਰਾ ਅਤੇ ਸ੍ਰੀ ਸ਼ਿਵਰਾਜ ਸਿੰਘ ਬੱਲ ਦੋਵੇਂ ਐਸ:ਡੀ:ਐਮਜ, ਮੈਡਮ ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ, ਸ੍ਰੀਮਤੀ ਜਤਿੰਦਰ ਸੋਨੀਆ ਸ਼ਹਿਰੀ ਪ੍ਰਧਾਨ ਕਾਂਗਰਸ, ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਸ੍ਰੀ ਅਸ਼ਵਨੀ ਪੱਪੂ, ਸ੍ਰੀ ਧਰਮਵੀਰ ਸਰੀਨ, ਸ੍ਰੀ ਵਿਕਾਸ ਸੋਨੀ, ਸ੍ਰੀ ਰਾਘਵ ਸੋਨੀ ਤੋਂ ਇਲਾਵਾ ਵੱਖ ਵੱਖ ਸਿਆਸੀ ਸਖਸ਼ੀਅਤਾਂ ਹਾਜਰ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •