ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਲੋਕਾਂ ਦਾ ਮਨੋਰਥ ਪੱਤਰ ਜਾਰੀ, ਰਾਜਨੀਤਿਕ ਪਾਰਟੀਆਂ ਵਾਤਾਵਰਨ ਨੂੰ ਚੋਣਾਂ ਵਿੱਚ ਮੁੱਖ ਮੁੱਦਾ ਬਣਾਉਣ

ਯੈੱਸ ਪੰਜਾਬ
ਜਲੰਧਰ,16 ਦੰਸਬਰ, 2021 –
ਪੰਜਾਬ ਲੋਕ ਚੇਤਨਾ ਲਹਿਰ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਲੋਕਾਂ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆ ਸੂਬੇ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਅਹਿਮ ਮੁੱਦਾ ਬਣਾਉਣ । ਅੱਜ ਇੱਥੇ ਪੰਜਾਬ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਸਮਾਜ ਤੇ ਵਾਤਾਵਰਨ ਪ੍ਰੇਮੀਆਂ ਨੇ ਇੱਕਜੁਟ ਤੇ ਇੱਕਸੁਰ ਹੁੰਦਿਆ ਕਿਹਾ ਕਿ ਪੰਜਾਬ ਦੀ ਹੋਂਦ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਲਈ ਲੋਕ ਵੋਟ ਪਾਉਣ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਵੱਲੋਂ ਪਾਣੀ,ਹਵਾ ਅਤੇ ਧਰਤੀ ਨੂੰ ਬਚਾਉਣ ਲਈ ਅਪਣਾਈ ਜਾਣ ਵਾਲੀ ਨੀਤੀ ਤੇ ਪ੍ਰੋਗਰਾਮ ਜਰੂਰ ਦੇਖ ਲੈਣ।

ਇੰਨ੍ਹਾਂ ਜੱਥੇਬੰਦੀਆਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੀ ਜਵਾਬਦੇਹੀ ਤੈਅ ਕਰਨ ਲਈ ਇੱਕ 20 ਦਸੰਬਰ 2021 ਨੂੰ ਸਵੇਰੇ 11 ਵਜੇ ਲੁਧਿਆਣਾ ਦੇ ਰਾਮਗੜੀਆ ਗਰਲਜ਼ ਕਾਲਜ ਵਿੱਚ ਸੰਵਾਦ ਰੱਖਿਆ ਗਿਆ ਹੈ।ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਲੋਕਾਂ ਨੂੰ ਵੋਟਾਂ ਦੌਰਾਨ ਲੀਡਰਾਂ ਨੂੰ ਸਵਾਲ ਕਰਨ ਦਾ ਸੱਦਾ ਵੀ ਦਿੱੱਤਾ ਗਿਆ।

ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਹੁਣ ਤੱਕ ਕਈ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਨੂੰ ਸੁਖ ਸਹੂਲਤਾਂ ਦੇਣ ਦੇ ਕਈ ਐਲਾਨ, ਵਾਅਦੇ ਤੇ ‘ਗਾਰੰਟੀਆਂ’ ਦਿੱਤੀਆਂ ਹਨ ਪਰ ਅਜੇ ਤੱਕ ਕਿਸੇ ਵੀ ਰਾਜਨੀਤਿਕ ਧਿਰ ਨੇ ਸਾਡੇ ਜਿਊਣ ਦੇ ਸੰਵਿਧਾਨ ਹੱਕ ਦੀ ਕੋਈ ਗੱਲ ਨਹੀਂ ਕੀਤੀ ਇਹ ਵੱਡਾ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਕੌਮੀ ਤੇ ਪੰਜਾਬ ਦੀਆਂ ਖੇਤਰੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ 2022 ਨੂੰ ਕੇਵਲ ਸੱਤਾ ਹਾਸਲ ਕਰਨ ਲਈ ਨਾ ਵਰਤਣ ਸਗੋਂ ਪੰਜਾਬ ਦੇ ਲੋਕਾਂ ਦੇ ਜਿਊਣ ਦੇ ਅਧਿਕਾਰ ਤੇ ਉਨ੍ਹਾਂ ਦੀ ਤੰਦਰੁਸਤੀ ਬਾਰੇ ਬਣਾਈ ਜਾਣ ਵਾਲੀ ਨੀਤੀ ਬਾਰੇ ਖੁੱਲ੍ਹਕੇ ਲੋਕਾਂ ਨਾਲ ਸੰਵਾਦ ਰਚਾਉਣ ‘ਤੇ ਆਪਣੇ ਚੋਣ ਮਨੋਰਥ ਪੱਤਰਾਂ ਵਾਤਾਵਰਨ ਨੂੰ ਚੋਣਾਂ ਵਿੱਚ ਮੁੱਖ ਮੁੱਦਾ ਬਣਾਉਣ।

ਗੁਰਪ੍ਰੀਤ ਸਿੰਘ ਚੰਦ ਬਾਜਾ ਦੱਸਿਆ ਕਿ ਇਸ ਮੁਹਿੰਮ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਸੇਵਾ ਸਿੰਘ ਖਡੂਰ ਸਾਹਿਬ, ਬੀਬੀ ਇੰਦਰਜੀਤ ਕੌਰ ਜੀ ਪਿੰਗਲਵਾੜਾ ਵਾਲੇ ਤੇ ਸਮੁੱਚਾ ਸੰਤ ਸਮਾਜ ਅਗਵਾਈ ਕਰਕੇਗਾ ਤੇ ਇਸ ਪੰਜਾਬ ਵਾਤਾਵਰਣ ਚੇਤਨਾ ਲਹਿਰ ਦੇ ਕਨਵੀਨਰ ਸੇਵਾ ਮੁਕਤ ਆਈਏਐਸ ਕਾਹਨ ਸਿੰਘ ਪੰਨੂ ਹੋਣਗੇ।

ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਵਾਤਾਵਰਨ ਦੇ ਮੁੱਦੇ ਨੂੰ ਅਹਿਮੀਅਤ ਦਿਉਂ ਤੇ ਰਾਜਨੀਤਿਕ ਪਾਰਟੀਆਂ ਨੂੰ ਇਹ ਮੁੱਦਾ ਪ੍ਰਮੁੱਖਤਾ ਨਾਲ ਸ਼ਾਮਿਲ ਕਰਨ ਲਈ ਦਬਾਅ ਬਣਾਉ।ਉਨ੍ਹਾਂ ਦੱਸਿਆ ਕਿ ਧਰਤੀ ਹੇਠਲਾ ਪਾਣੀ ਬਹੁਤ ਥੋੜ੍ਹੇ ਸਾਲਾਂ ਦਾ ਹੀ ਬਚਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਾਤਾਵਰਣ ਦੇ ਪੱਖ ਤੋਂ ਵੱਡੇ ਸੰਕਟਾਂ ਵਿੱਚੋਂ ਲੰਘ ਰਿਹਾ ਹੈ।

ਧਰਤੀ ਹੇਠਲਾ ਪਾਣੀ ਹਰ ਸਾਲ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਦਰਿਆਵਾਂ ਨੂੰ ਇੱਕ ਸਾਜ਼ਿਸ ਤਹਿਤ ਗੰਦਾ ਕੀਤਾ ਜਾ ਰਿਹਾ ਹੈ।ਆਬੋ-ਹਵਾ ਸਾਹ ਲੈਣ ਦੇ ਯੋਗ ਨਹੀ ਰਹੀ।ਪੰਜਾਬ ਦੇ ਭਵਿੱਖ ਲਈ ਅਤੇ ਆਉਣ ਵਾਲੀਆਂ ਨਸਲਾਂ ਲਈ ਸਾਫ਼ ਵਾਤਾਵਰਨ ਬਣਾਉਣ ਦੇ ਇਰਾਦੇ ਨਾਲ ਫਿਕਰਮੰਦ ਲੋਕਾਂ ਵੱਲੋਂ ਰਾਜਨੀਤਿਕ ਪਾਰੀਆਂ ਅੱਗੇ ਇੱਕ ਏਜੰਡਾ ਰੱਖਿਆ ਹੈ।

ਰਾਜਨੀਤਿਕ ਪਾਰਟੀਆਂ ਨੂੰ ਇਹ ਏਜੰਡਾ ਭੇਜਿਆ ਜਾ ਚੁੱਕਾ ਹੈ ਤੇ 20 ਦਸੰਬਰ ਨੂੰ ਹੋਣ ਵਾਲੇ ਸੰਵਾਦ ਦੌਰਾਨ ਰਾਜਸੀ ਪਾਰਟੀਆਂ ਦੇ ਆਗੂ ਸੂਬੇ ਦੇ ਲੋਕਾਂ ਨੂੰ ਦੱਸਣਗੇ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਇਸ ਏਜੰਡੇ ਨੂੰ ਲਾਗੂ ਕਰਨ ਲਈ ਉਨ੍ਹਾਂ ਕੋਲ ਐਕਸ਼ਨ ਪਲੈਨ ਹੋਣਗੇ।

ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਤੇ ਸੰਤ ਸੀਚੇਵਾਲ ਨੇ ਦੱਸਿਆ ਕਿ ਜੇਕਰ 1974 ਦਾ ਵਾਟਰ ਐਕਟ ਤੇ 1981 ਦਾ ਹਵਾ ਦਾ ਪ੍ਰਦੂਸ਼ਣ ਰੋਕਣ ਵਾਲੇ ਐਕਟ ਨੂੰ ਲਾਗੂ ਕੀਤਾ ਜਾਂਦਾ ਤਾਂ ਇਹ ਸਮਸਿਆਵਾਂ ਪੈਦਾ ਹੀ ਨਹੀਂ ਸੀ ਹੋਣੀਆ। ਦੋਹਾਂ ਧਾਰਮਿਕ ਆਗੂਆਂ ਨੇ ਪੰਜਾਬ ਦੇ ਚੱਪੇ-ਚੱਪੇ ‘ਤੇ ਰੁੱਖ ਲਗਾਉਣ ਦੀ ਅਪੀਲ ਕਰਦਿਆ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਜਿਸ ਤਰ੍ਹਾਂ ਨਾਲ ਆਕਸੀਜਨ ਦੀ ਘਾਟ ਨਾਲ ਲੋਕਾਂ ਦੀਆਂ ਜਾਨਾਂ ਗਈਆਂ ਉਹ ਦੇਸ਼ ਲਈ ਸਭ ਤੋਂ ਦੁੱਖਦਾਇਕ ਸਮਾਂ ਸੀ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਅੰਦੋਲਨ ਵਾਂਗ ਸਮੁੱਚੇ ਪੰਜਾਬੀ ਇੱਕਜੁਟ ਹੋ ਕੇ ਰਾਜਨੀਤਿਕ ਪਾਰਟੀਆਂ ‘ਤੇ ਦਬਾਅ ਨਹੀਂ ਬਣਾਉਂਦੇ ਉਦੋਂ ਤੱਕ ਇਹ ਪ੍ਰਦੂਸ਼ਣ ਘੱਟ ਨਹੀਂ ਹੋਣਾ।

ਇਸ ਮੌਕੇ ਮੀਡੀਆ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ,ਡਾ: ਨਿਰਮਲ ਸਿੰਘ ਲਾਂਬੜਾ, ਸੰਤ ਗੁਰਮੇਲ ਸਿੰਘ ਸੈਦਰਾਣਾ ਸਾਹਿਬ, ਸੰਤ ਅਮਰੀਕ ਸਿੰਘ ਖੁਖਰੈਣ,ਸੰਤ ਸੁਖਵੰਤ ਸਿੰਘ ਨਾਹਲਾਵਾਲੇ,ਸੰਤ ਬਲਦੇਵ ਕ੍ਰਿਸ਼ਨ ਸਿੰਘ,ਸੰਤ ਬਲਬੀਰ ਸਿੰਘ ਰੱਬ ਜੀ,ਸੰਤ ਹਰਜੀਤ ਸਿੰਘ,ਸੰਤ ਅਜੀਤ ਸਿੰਘ ਨੌਲੀਵਾਲੇ, ਸੰਤ ਲੀਡਰ ਸਿੰਘ,ਇੰਜ: ਜਸਕੀਰਤ ਸਿੰਘ,ਐਡਵੋਕੇਟ ਜਸਵਿੰਦਰ ਸਿੰਘ,ਇੰਜ ਕਪਿਲ ਅਰੋੜਾ,ਸਰਪੰਚ ਜੋਗਾ ਸਿੰਘ,ਰਵਿੰਦਰ ਸਿੰਘ ਰਾਣਾ,ਗੁਰਮੀਤ ਸਿੰਘ ਸੰਧੂ,ਰਾਜਵਿੰਦਰ ਸਿੰਘ ਬਰਾੜ ਸਮੇਤ ਹੋਰ ਆਗੂ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ