ਪੰਜਾਬ ਲਲਿਤ ਕਲਾ ਅਕਾਦਮੀ ਨੇ ਦਿੱਤਾ 10 ਨੌਜਵਾਨ ਕਲਾਕਾਰਾਂ ਨੂੰ ਪ੍ਰਤੀ ਕਲਾਕਾਰ 1.20 ਲੱਖ ਦਾ ਵਜੀਫ਼ਾ

ਚੰਡੀਗੜ੍ਹ, 9 ਜੁਲਾਈ, 2019 –

ਪ੍ਰੱਸਿਧ ਕਲਾਕਾਰ ਦੀਵਾਨ ਮਾਨਾ ਦੀ ਅਗੁਵਾਈ ਵਿਚ ਪੰਜਾਬ ਲਲਿਤ ਕਲਾ ਅਕਾਦਮੀ ਨੇ ਆਪਣੇ ਮਾਣਮੱਤੇ ਆਯੋਜਨਾਂ ਵਿਚ ਇਕ ਹੋਰ ਨਵਾਂ ਵਰਕਾ ਜੋੜਦਿਆਂ ਨੌਜਵਾਨਾਂ ਨੂੰ ਵਜੀਫ਼ੇ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ 2008 ਵਿਚ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਦੇ ਚੇਅਰਮੈਨ ਰਹਿੰਦੇ ਹੋਏ ਉਨ੍ਹਾਂ ਨੇ ਉੱਥੇ ਵੀ ਅਜਿਹੀ ਯੋਜਨਾ ਸ਼ੁਰੂ ਕਰਵਾਈ ਸੀ।
ਅੱਜ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਅਕਾਦਮੀ ਅੰਦਰ ਪ੍ਰੈਸ ਕਾਨਫ਼ਰੰਸ ਨੂੰ ਸੰਬਧਨ ਕਰਦਿਆਂ ਉਨ੍ਹਾਂ ਨੇ ਐਲਾਨ ਕੀਤਾ ਕਿ ਪੰਜਾਬ ਲਲਿਤ ਕਲਾ ਅਕਾਦਮੀ ਨੇ 2017 ਵਿਚ ਵਜੀਫ਼ਿਆਂ ਦੀ ਸ਼ੁਰੂਆਤ ਕੀਤੀ ਸੀ। ਇਸੇ ਲੜੀ ਤਹਿਤ 2019 ਦੇ ਵਜੀਫ਼ਿਆਂ ਲਈ ਪੰਜਾਬ ਦੇ 10 ਹੁਨਰਮੰਦ ਕਲਾਕਾਰਾਂ ਦੀ ਚੋਣ ਕੀਤੀ ਗਈ ਹੈ।

ਵਜੀਫ਼ਾ ਪ੍ਰਾਪਤ ਕਰਨ ਵਾਲਾ ਹਰ ਕਲਾਕਾਰ 1,20,000 (ਇਕ ਲੱਖ 20 ਹਜ਼ਾਰ) ਰੁਪਏ ਪ੍ਰਾਪਤ ਕਰੇਗਾ।
ਸਮਾਜ ਵਿਚ ਆਪਣਾ ਯੋਗਦਾਨ ਦੇਣ ਲਈ ਵਜੀਫ਼ਾ ਪ੍ਰਾਪਤ ਕਰਨ ਵਾਲੇ ਕਲਾਕਾਰ ਆਪਣੇ ਇਲਾਕੇ ਦੇ ਸਰਕਾਰੀ ਪ੍ਰਾਇਮਰੀ/ਮਿਡਲ/ਹਾਈ ਸਕੂਲਾਂ ਜਾਂ ਕਾਲਜਾਂ ਵਿਚ ਦੋ ਦਿਨੀਂ ਕਲਾ ਵਰਕਸ਼ਾਪ ਦਾ ਆਯੋਜਨ ਕਰਨਗੇ।

ਉਹ ਕਲਾਕਾਰਾਂ ਲਈ ਕਰਵਾਈ ਜਾਣ ਵਾਲੀ ਰੈਜ਼ੀਡੈਂਸੀ ਯੋਜਨਾ ਵਿਚ ਵੀ ਹਿੱਸਾ ਲੈਣਗੇ ਜਿਸ ਦੌਰਾਨ ਸੀਨੀਅਰ ਕਲਾਕਾਰਾਂ ਦੀ ਅਗਵਾਈ ਵਿਚ ਉਹ ਆਪਣੇ ਅੰਦਰ ਦੇ ਕਲਾਕਾਰ ਨੂੰ ਨਿਖਾਰਣ ਲਈ ਨਵੇਂ ਪ੍ਰੋਯਗ, ਸੰਵਾਦ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਇਸ ਯੋਜਨਾ ਦਾ ਮਕਸਦ ਕਲਾਤਮਕ ਗਹਿਰਾਈ ਅਤੇ ਬੌਧਿਕਤਾ ਵਾਲਾ ਮਾਹੌਲ਼ ਪੈਦਾ ਕਰਨਾ ਹੈ ਤਾਂ ਜੋ ਸਮਕਾਲੀ ਕਲਾਕਾਰੀ ਬਾਰੇ ਤਾਜ਼ਾ ਨਜ਼ਰੀਆਂ ਵਿਕਸਿਤ ਹੋ ਸਕੇ। ਇਹ ਰੈਜ਼ੀਡੈਂਸੀ ਇਕ ਖੁੱਲ੍ਹੇ ਸਟੂਡਿਉ ਦਾ ਰੂਪ ਅਖ਼ਤਿਆਰ ਕਰ ਲਵੇਗੀ ਜਿਸ ਵਿਚ ਵਜੀਫ਼ਾ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤਾਂ ਕਲਾ-ਪ੍ਰੇਮੀਆਂ ਦੀ ਪਾਰਖੂ ਨਜ਼ਰ ਲਈ ਦਿਖਾਈਆਂ ਜਾਣਗੀਆਂ।

ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਇਹ ਵਜੀਫ਼ਾ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਦੇ ਨਾਮਾਂ ਦਾ ਐਲਾਨ ਕਰਨ ਤੋਂ ਬਾਅਦ ਵਜੀਫ਼ੇ ਦੇ ਜੇਤੂਆਂ ਨਾਲ ਜਾਣ-ਪਛਾਣ ਕਰਵਾਉਂਦਿਆਂ ਸ਼੍ਰੀ ਮਾਨਾ ਨੇ ਦੱਸਿਆ ਕਿ ਇਨ੍ਹਾਂ ਦੀ ਚੋਣ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਲਾਕਾਰਾਂ ਬੋਸ ਕ੍ਰਿਸ਼ਨਮਚਾਰੀ, ਸੰਸਥਾਪਕ ਚੇਅਰਮੈਨ, ਕੋਚੀ ਮੂਜ਼ੀਰਿਸ ਬੀਏਨਾਲੇ, ਸੁਦਰਸ਼ਨ ਸ਼ੈੱਟੀ, ਉੱਘੇ ਕਲਾਕਾਰ ਅਤੇ ਕਲਾ ਸੰਚਾਲਕ, ਕੋਚੀ ਮੂਜ਼ੀਰਿਸ ਬੀਏਨਾਲੇ 2016 ਅਤੇ ਸਿਰੇਂਡੀਪਿਟੀ ਆਰਟਸ ਫੈਸਟੀਵਲ, ਗੋਆ 2019 ਅਤੇ ਉੱਘੇ ਕਲਾਕਾਰ ਜੀ ਆਰ ਇਰਾਨਾ ਦੇ ਪੈਨਲ ਵੱਲੋਂ ਕੀਤੀ ਗਈ ਹੈ।

ਭਾਰਤੀ ਕਲਾ ਜਗਤ ਦੇ ਇਨ੍ਹਾਂ ਵੱਡ-ਆਕਾਰੀ ਕਲਾਕਾਰਾਂ ਨਾਲ ਗੱਲਬਾਤ ਕਰਨੀ ਜ਼ਿਆਦਾਤਰ ਕਲਾਕਾਰਾਂ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਤਜਰਬਾ ਸੀ ਭਾਵੇਂ ਉਨ੍ਹਾਂ ਦੀ ਚੋਣ ਵਜੀਫ਼ੇ ਲਈ ਹੁੰਦੀ ਜਾਂ ਨਾ ਹੁੰਦੀ।

ਇਹ ਵਜੀਫ਼ਾ 20 ਤੋਂ 30 ਸਾਲ ਤੱਕ ਦੀ ਉਮਰ ਦੇ ਉਭਰਦੇ ਕਲਾਕਾਰਾਂ ਨੂੰ ਦਿੱਤਾ ਜਾ ਰਿਹਾ ਹੈ। ਇਕ ਲੱਖ 20 ਹਜ਼ਾਰ ਰੁਪਏ ਦਾ ਇਕ ਵਜੀਫ਼ਾ ਸ਼੍ਰੀ ਮਤੀ ਜ਼ੋਆ ਰੇਖੀ ਸ਼ਰਮਾ ਅਤੇ ਸ਼੍ਰੀ ਚਮਨ ਸ਼ਰਮਾ ਵੱਲੋਂ ਦਿੱਤੇ ਆਰਥਿਕ ਸਹਿਯੋਗ ਨਾਲ ਦਿੱਤਾ ਜਾਵੇਗਾ।

ਇੰਟਰਵਿਯੂ ਦੀ ਪ੍ਰਕਿਰਿਆ ਵਿਚ ਕਲਾਕਾਰਾਂ ਦੀ ਸਿਰਜਣਾ ਦੇ ਪੋਰਟਫੋਲੀਓ ਦੇਖਣਾ, ਅਸਲ ਕਲਾਕ੍ਰਿਤਾਂ ਨੂੰ ਦੇਖਣਾ ਅਤੇ ਕਲਾਕਾਰ ਦੇ ਕਲਾਤਮਕ, ਬੌਧਿਕ ਅਤੇ ਸਿਰਜਣਾਤਮਕ ਹੁਰਨ ਨੂੰ ਸਮਝਣਾ ਸ਼ਾਮਿਲ ਸੀ। ਕੁੱਲ 98 ਬਿਨੈਕਾਰਾਂ ਵਿਚੋਂ 28 ਕਲਾਕਾਰਾਂ ਨੂੰ ਇੰਟਰਵਿਯੂ ਵਾਸਤੇ ਚੁਣਿਆ ਗਿਆ।

ਇਨ੍ਹਾਂ ਵਜੀਫ਼ਿਆਂ ਦਾ ਨਾਮ ਪੰਜਾਬ ਦੇ ਪੁਰਾਣੇ ਸ਼ਾਹਕਾਰ ਕਲਾਕਾਰਾਂ ਅਤੇ ਕਲਾ ਇਤਿਹਾਸਕਾਰਾਂ ਅੰਮ੍ਰਿਤਾ ਸ਼ੇਰਗਿੱਲ, ਡਾ. ਐਮ.ਐਸ ਰੰਧਾਵਾ, ਡਾ.ਮੁਲਕ ਰਾਜ ਆਨੰਦ, ਧਨਰਾਜ ਭਗਤ, ਮਨਜੀਤ ਬਾਵਾ, ਅਤੇ ਮੌਜੂਦਾ ਕਲਾਕਾਰਾਂ ਅਤੇ ਕਲਾ ਇਤਿਹਾਸਕਾਰਾਂ ਕ੍ਰਿਸ਼ਨ ਖੰਨਾ, ਸਤੀਸ਼ ਗੁਜਰਾਲ, ਪ੍ਰੋ. ਬੀਐਨ ਗੋਸਵਾਮੀ, ਪਰਮਜੀਤ ਸਿੰਘ ਅਤੇ ਰਘੂ ਰਾਏ ਦੇ ਨਾਮ ਉੱਪਰ ਰੱਖਿਆ ਜਾ ਰਿਹਾ ਹੈ।

Share News / Article

Yes Punjab - TOP STORIES