ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਸਫ਼ਲਤਾਪੂਰਵਕ ਸੰਪੰਨ

ਲੁਧਿਆਣਾ, 19 ਜਨਵਰੀ, 2020:

ਸਿੱਖਿਆ ਵਿਭਾਗ, ਪੰਜਾਬ ਵੱਲੋਂ ਕੀਤੇ ਪੁਖ਼ਤਾ ਪ੍ਰਬੰਧਾਂ ਦੇ ਚੱਲਦਿਆਂ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਅੱਜ ਸਫ਼ਲਤਾਪੂਰਵਕ ਸੰਪੰਨ ਹੋਈ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਸ੍ਰੀਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ 29 ਪ੍ਰੀਖਿਆ ਕੇਂਦਰਾਂ ਵਿੱਚ ਇਹ ਪ੍ਰੀਖਿਆ ਕਰਵਾਈ ਗਈ, ਜਿਸ ਵਿੱਚ ਸਵੇਰ ਦੀ ਸ਼ਿਫ਼ਟ ਵਿੱਚ ਕੁੱਲ 23 ਪ੍ਰੀਖਿਆ ਕੇਂਦਰਾਂ ਵਿੱਚ 9171 ਉਮੀਦਵਾਰਾਂ ਵਿੱਚੋਂ 7260 (79.16 ਫੀਸਦੀ) ਉਮੀਦਵਾਰ ਅਤੇ ਸ਼ਾਮ ਦੀ ਸ਼ਿਫ਼ਟ ਵਿੱਚ 29 ਕੇਂਦਰਾਂ ਵਿੱਚ 11624 ਉਮੀਦਵਾਰਾਂ ਵਿੱਚੋਂ 9273 (79.46 ਫੀਸਦੀ) ਉਮੀਦਵਾਰ ਹਾਜ਼ਰ ਹੋਏ। ਇਹ ਪ੍ਰੀਖਿਆ ਪੂਰਨ ਸ਼ਾਂਤੀ ਨਾਲ ਸੰਪੰਨ ਹੋਈ।

ਦੱਸਣਯੋਗ ਹੈ ਕਿ ਇਸ ਪ੍ਰੀਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਇਨ੍ਹਾਂ ਪ੍ਰੀਖਿਆ ਕੇਂਦਰਾਂ ਦੇ ਬਾਹਰ ਧਾਰਾ 144 ਤਹਿਤ 5 ਜਾਂ ਇਸ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਦੀ ਪਾਬੰਦੀ ਲਗਾਈ ਗਈ ਸੀ।

ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਅੱਜ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ।

ਇਸ ਮੌਕੇ ਅੰਡਰ ਟ੍ਰੇਨੀ ਆਈ. ਏ. ਐੱਸ. ਅਧਿਕਾਰੀ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਏ. ਡੀ. ਪੀ. ਆਈ.-ਕਮ-ਨੋਡਲ ਅਧਿਕਾਰੀ ਸ੍ਰੀਮਤੀ ਕਰਮਜੀਤ ਕੌਰ ਬਾਠ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।

Share News / Article

YP Headlines

Loading...