ਚੰਡੀਗੜ੍ਹ, 29 ਨਵੰਬਰ, 2019:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ”ਗੁਰੂ ਨਾਨਕ ਦੇਵ ਜੀ ਅਤੇ ਨੌਜਵਾਨ” ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੰਜਾਬ ਸਰਕਾਰ) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦੇ ਫ਼ਲਸਫ਼ੇ ਅਤੇ ਸਿੱਖਿਆਵਾਂ ਨੂੰ ਭਾਗੀਦਾਰਾਂ ਨਾਲ ਸਾਂਝਾ ਕੀਤਾ।
ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਨੌਜਵਾਨਾਂ ਨੂੰ ਆਪਣੇ ਉਤੇ ਵਿਸ਼ਵਾਸ ਰੱਖ ਕੇ ਡਟ ਕੇ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਨੌਜਨਾਵਾਂ ਨੂੰ ਗੁਰੂ ਸਾਹਿਬ ਵੱਲੋਂ ਕਿਰਤ ਕਰੋ, ਨਾਮ ਜਪੋ ਵੰਡ ਛਕੋ ਦੇ ਦਿੱਤੇ ਸੰਦੇਸ਼ ਅਤੇ ਮਨੁੱਖੀ ਅਧਿਕਾਰਾਂ, ਕਦਰਾਂ ਕੀਮਤਾਂ, ਸ਼ਾਂਤੀ, ਪਿਆਰ ਤੇ ਸਮਾਨਤਾ ਦੇ ਸਿਧਾਂਤ ਜ਼ਿੰਦਗੀ ਵਿੱਚ ਅਪਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਜਿਥੇ ਉਨ੍ਹਾਂ ਨੌਜਵਾਨ ਪੀੜ੍ਹੀ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਉਥੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
ਇਸ ਮਗਰੋਂ ਸਮੁੱਚੇ ਸਟਾਫ ਦੀ ਮੌਜੂਦਗੀ ਵਿੱਚ ਸ੍ਰੀ ਬਿੰਦਰਾ ਨੇ ਯੂਨੀਵਰਸਿਟੀ ਦੇ ਕੈਂਪਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਵੀ ਲਾਏ। ਸੈਮੀਨਾਰ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋਫੈਸਰ ਕਰਮਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਚੰਗੇ ਅਮਲ ਅਪਨਾਉਣੇ ਚਾਹੀਦੇ ਹਨ।
ਸੈਮੀਨਾਰ ਨੂੰ ਡਾ. ਪਰਮਜੀਤ ਸਿੰਘ ਕੰਗ, ਚੇਅਰਮੈਨ ਪ੍ਰੋ. ਸਵੀਨ, ਪ੍ਰੋ. ਪ੍ਰਭਾ, ਪ੍ਰੋ. ਰਾਜ ਦਵਿੰਦਰ ਸਿੰਘ, ਬਰਿੰਦਰ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਡਾ. ਪਰਮਜੀਤ ਸਿੰਘ ਕੰਗ, ਚੇਅਰਪਰਸਨ, ਲਾਈਫ ਲੌਂਗ ਲਰਨਿੰਗ ਵਿਭਾਗ ਨੇ ਮੁੱਖ ਮਹਿਮਾਨ, ਸਟਾਫ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ।