ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਹਰ ਜ਼ਿਲ੍ਹੇ ਵਿਚ ਲਗਾਏ ਜਾਣਗੇ ਕੋਆਰਡੀਨੇਟਰ: ਚੇਅਰਮੈਨ ਬਿੰਦਰਾ

ਲੁਧਿਆਣਾ, 18 ਜਨਵਰੀ, 2020 –

ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰ. ਸੁਖਵਿੰਦਰ ਸਿੰਘ ਬਿੰਦਰਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਿਹਤਰ ਤਰੀਕੇ ਨਾਲ ਲੋਕਾਂ ਵਿੱਚ ਲਿਜਾਣ ਲਈ ਬੋਰਡ ਵੱਲੋਂ ਹਰੇਕ ਜ਼ਿਲ੍ਹਾਂ ਪੱਧਰ ‘ਤੇ ਯੂਥ ਕੋਆਰਡੀਨੇਟਰ (ਆਨਰੇਰੀ ਅਹੁਦਾ) ਲਗਾਏ ਜਾ ਰਹੇ ਹਨ।

ਇਹ ਯੂਥ ਕੋਆਰਡੀਨੇਟਰ ਜ਼ਿਲ੍ਹਾਂ ਪੱਧਰ ‘ਤੇ ਤਾਇਨਾਤ ਸਹਾਇਕ ਡਾਇਰੈਕਟਰਾਂ ਦੇ ਤਾਲਮੇਲ ਨਾਲ ਸੂਬੇ ਦੇ ਨੌਜਵਾਨਾਂ ਨੂੰ ਲਾਮਬੰਦ ਕਰਨ ਦਾ ਕੰਮ ਕਰਨਗੇ। ਇਸ ਮੌਕੇ ਜ਼ਿਲ੍ਹਾਂ ਕਾਂਗਰਸ ਪ੍ਰਧਾਨ (ਸ਼ਹਿਰੀ) ਸ੍ਰੀ ਅਸ਼ਵਨੀ ਕੁਮਾਰ ਸ਼ਰਮਾ, ਸ੍ਰ. ਪਰਮਜੀਤ ਸਿੰਘ ਪੰਮਾ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਹਾਜ਼ਰ ਸਨ।

ਅੱਜ ਸਥਾਨਕ ਸਰਕਟ ਹਾਊਸ ਵਿਖੇ ਨੌਜਵਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਬਿੰਦਰਾ ਨੇ ਸ਼ਹਿਰ ਦੇ ਯੂਥ ਆਗੂ ਸ੍ਰੀ ਨਿਤਿਨ ਟੰਡਨ ਨੂੰ ਜ਼ਿਲ੍ਹਾਂ ਲੁਧਿਆਣਾ ਦਾ ਕੋਆਰਡੀਨੇਟਰ ਨਿਯੁਕਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾਂ ਪੱਧਰ ਦੀਆਂ ਨਿਯੁਕਤੀਆਂ ਕਰਨ ਉਪਰੰਤ ਸਟੇਟ ਅਤੇ ਹਲਕਾ ਪੱਧਰ ‘ਤੇ ਵੀ ਅਜਿਹੇ ਕੋਆਰਡੀਨੇਟਰ ਨਿਯੁਕਤ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਇਸੇ ਤਰਾਂ ਜੋ ਨੌਜਵਾਨ ਜਾਂ ਸੰਸਥਾਵਾਂ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਲਿਜਾਣ ਅਤੇ ਹਾਂ-ਪੱਖੀ ਬਦਲਾਅ ਲਈ ਸ਼ਲਾਘਾਯੋਗ ਕੰਮ ਕਰਨਗੇ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ‘ਪ੍ਰਸ਼ੰਸ਼ਾ ਪੱਤਰ’ ਵੀ ਦਿੱਤੇ ਜਾਇਆ ਕਰਨਗੇ। ਇਨ੍ਹਾਂ ਸਰਟੀਫਿਕੇਟਾਂ ਨੂੰ ਹਰ ਪੱਧਰ ‘ਤੇ ਸਰਕਾਰੀ ਮਾਨਤਾ ਮਿਲੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਉਸਾਰੂ ਗਤੀਵਿਧੀਆਂ ਵੱਲ ਲਗਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਨੂੰ ਮੁੜ ਤੋਂ ਗਤੀਸ਼ੀਲ ਕੀਤਾ ਗਿਆ ਹੈ। ਬੋਰਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨਾਲ ਸੰਬੰਧਤ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਸੁਲਝਾ ਕੇ ਨੌਜਵਾਨਾਂ ਦਾ ਸਹਿਯੋਗ ਸੂਬੇ ਦੇ ਵਿਕਾਸ ਲਈ ਲਿਆ ਜਾਵੇ।

ਸ੍ਰ. ਬਿੰਦਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਮੁਸ਼ਕਿਲਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦਾ ਉਚਿਤ ਹੱਲ ਕਢਵਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਦਾ ਸਹਿਯੋਗ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਹਰ ਕਦਮ ਉਠਾਉਣ ਲਈ ਦ੍ਰਿੜ ਸੰਕਲਪ ਹੈ।

Share News / Article

YP Headlines