ਪੰਜਾਬ ਮੈਡੀਕਲ ਅਤੇ ਸਰਜੀਕਲ ਯੂਨਿਟਾਂ ’ਚ ਭਰਤੀ ਮਰੀਜ਼ਾਂ ਲਈ ਕੇਅਰ ਕਮਪੈਨੀਅਨ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਬਣਿਆ: ਬਲਬੀਰ ਸਿੱਧੂ

ਚੰਡੀਗੜ੍ਹ, 2 ਜੁਲਾਈ, 2019:

ਪੰਜਾਬ ਸੂਬੇ ਭਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੈਡੀਕਲ ਅਤੇ ਸਰਜੀਕਲ ਯੂਨਿਟਾਂ ‘ਚ ਭਰਤੀ ਹੋਏ ਮਰੀਜ਼ਾਂ ਲਈ ਕੇਅਰ ਕਮਪੈਨੀਅਨ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਮੋਹਰੀ ਸੂਬਾ ਬਣ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਇਸ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਅੱਜ ਹੋਟਲ ਮਾਊਂਟਵਿਊ, ਚੰਡੀਗੜ੍ਹ ਵਿਖੇ ਸ਼ੁਰੂਆਤ ਕੀਤੀ।

ਆਪਣੇ ਭਾਸਣ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਪ੍ਰੋਗਰਾਮ ਦੁਆਰਾ ਮੈਡੀਕਲ ਅਤੇ ਸਰਜੀਕਲ ਮਰੀਜਾਂ ਦੇ ਰਿਸਤੇਦਾਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਉਹ ਹਸਪਤਾਲਾਂ ਵਿੱਚ ਰਹਿੰਦੇ ਹੋਏ ਆਪਣੇ ਅਜੀਜਾਂ ਦੀ ਦੇਖਭਾਲ ਕਿਵੇਂ ਕਰ ਸਕਦੇ ਹਨ ਤਾਂ ਜੋ ਮਰੀਜਾਂ ਨੂੰ ਹਸਪਤਾਲ ਤੋਂ ਘਰ ਜਾ ਕੇ ਵੀ ਵਧੀਆ ਨਤੀਜੇ ਮਿਲ ਸਕਣ।

ਇਸ ਦੇ ਸਿੱਟੇ ਵਜੋਂ ਤੰਦਰੁਸਤ ਖੁਰਾਕ, ਕਸਰਤ, ਸਫਾਈ ਵਰਗੇ ਸਿਹਤਮੰਦ ਰਵੱਈਏ ਦੀ ਵਧੀਆ ਆਦਤ ਬਣੇਗੀ ਤੇ ਨਾਲ ਹੀ ਮਰੀਜ ਨੂੰ ਛੁੱਟੀ ਮਿਲਣ ਉਪਰੰਤ ਆਉਣ ਵਾਲੀਆਂ ਮੁਸ਼ਕਲਾਂ ਵੀ ਘੱਟਣਗੀਆਂ।

ਸ੍ਰੀ ਸਿੱਧੂ ਨੇ ਕਿਹਾ ਕਿ ਇਸ ਸਾਧਾਰਣ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੀ ਸਫਲਤਾ ਨੂੰ ਦੇਖਦਿਆਂ, ਮਰੀਜ਼ਾਂ ਦੇ ਇਲਾਜ ਦੇ ਮੱਦੇਨਜਰ ਇਸ ਪ੍ਰੋਗਰਾਮ ਦਾ ਵਿਸਥਾਰ ਸੂਬੇ ਦੇ ਹੋਰ ਖੇਤਰਾਂ ਵਿੱਚ ਵੀ ਕੀਤਾ ਜਾ ਰਿਹਾ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਸੂਬੇ ਭਰ ਦੇ ਜ਼ਿਲ੍ਹਾ ਹਸਪਤਾਲਾਂ ਦੇ ਸਾਰੇ ਮੈਡੀਕਲ ਅਤੇ ਸਰਜੀਕਲ ਕੇਅਰ ਯੂਨਿਟਾਂ ਵਿੱਚ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਪਹਿਲਕਦਮੀ ਲਈ ਦੇਸ਼ ਦਾ ਮੋਹਰੀ ਸੂਬਾ ਬਣਦੇ ਹੋਏ ਪੰਜਾਬ ਨੇ ਇੱਕ ਸਾਧਾਰਣ ਪ੍ਰੋਗਰਾਮ ਰਾਹੀਂ ਮਰੀਜ਼ਾਂ ਦੇ ਪਰਿਵਾਰਾਂ ਨੂੰ ਸਿਹਤ ਸੁਧਾਰ ਅਤੇ ਇਲਾਜ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਮਰੀਜ ਨੂੰ ਘਰ ਜਾ ਕੇ ਵੀ ਇਲਾਜ ਦੀ ਹਰ ਤਰ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਮਿਲ ਸਕੇ।

ਸ੍ਰੀ ਅਮਿਤ ਕੁਮਾਰ, ਸਿਹਤ ਅਤੇ ਮਿਸ਼ਨ ਡਾਇਰੈਕਟਰ, ਰਾਸ਼ਟਰੀ ਸਿਹਤ ਮਿਸ਼ਨ, ਪੰਜਾਬ ਨੇ ਇਸ ਮੌਕੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਮਰੀਜ ਦੇ ਪਰਿਵਾਰ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਮਰੀਜ ਦੀ ਸਿਹਤ ਵਿੱਚ ਸੁਧਾਰ ਕਰਨਾ ਹੈ। ਉਹਨਾਂ ਕਿਹਾ ਕਿ ਇਹ ਵਿਸ਼ੇਸ਼ ਪ੍ਰੋਗਰਾਮ ਜੱਚਾ ਬੱਚਾ ਸਿਹਤ ਅਧੀਨ 2017 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੀ ਸਫਲਤਾ ਨੂੰ ਦੇਖਦੇ ਹੋਏ ਸਤੰਬਰ, 2018 ਵਿੱਚ ਇਸ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ।

ਹੁਣ ਤੱਕ ਇਸ ਪ੍ਰੋਗਰਾਮ ਅਧੀਨ 60,000 ਪਰਿਵਾਰਕ ਮੈਂਬਰਾਂ ਨੂੰ ਸਿਖਲਾਈ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦੇ ਬਹੁਤ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਘਰ ਵਿੱਚ ਕੀਤੇ ਜਾਣ ਵਾਲੇ ਇਲਾਜ ਸਬੰਧੀ ਵਿਵਹਾਰ ਵਿੱਚ ਵੀ ਤਬਦੀਲੀ ਆਈ ਹੈ ਅਤੇ ਇਲਾਜ ਉਪਰੰਤ ਆਉਣ ਵਾਲੀਆਂ ਮੁਸ਼ਕਲਾਂ ਵਿੱਚ ਵੀ ਬਹੁਤ ਗਿਰਾਵਟ ਆਈ ਹੈ।

ਡਾ. ਬਲਜੀਤ ਕੌਰ, ਸੂਬਾ ਪ੍ਰੋਗਰਾਮ ਅਧਿਕਾਰੀ, ਕੇਅਰ ਕਮਪੈਂਨੀਅਨ ਪ੍ਰੋਗਰਾਮ ਨੇ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਸਰਕਾਰ ਦਾ ਉਪਰਾਲਾ ਹੈ ਜੋ ਕਿ ਨੂਰਾ ਹੇਲਥ ਅਤੇ ਯੋਜ- ਏਡ ਇਨੋਵੇਸ਼ਨ ਫਾਊਂਡੇਸ਼ਨ ਦੇ ਤਕਨੀਕੀ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।

ਇਸ ਮੀਟਿੰਗ ਵਿੱਚ ਡਾ. ਜਸਪਾਲ ਕੌਰ, ਸਿਹਤ ਸੇਵਾਵਾਂ, ਡਾ. ਸ਼ਾਹਿਦ ਆਲਮ, ਪ੍ਰਧਾਨ ਤੇ ਸਹਿ-ਸੰਸਥਾਪਕ ਨੂਰਾ ਹੈਲਥ ਅਤੇ ਸ੍ਰੀ ਅਨੰਦ ਕੁਮਾਰ ਯੋਜ- ਏਡ ਇਨੋਵੇਸ਼ਨ ਫਾਊਂਡੇਸ਼ਨ ਵੀ ਹਾਜਰ ਸਨ।

Yes Punjab - Top Stories