‘ਪੰਜਾਬ ਪੁਲਿਸ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਦੇ ਸਮਰੱਥ’: ਡੀ.ਜੀ.ਪੀ. ਦਿਨਕਰ ਗੁਪਤਾ

ਪਟਿਆਲਾ, 28 ਸਤੰਬਰ, 2019 –
ਪੰਜਾਬ ਦੇ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਅੱਜ ਸੂਬੇ ਦੇ ਸਮੂਹ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਪਟਿਆਲਾ ਵਿਖੇ ਕੀਤੀ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਸੂਬੇ ‘ਚ ਅਮਨ ਕਾਨੂੰਨ ਤੇ ਨਸ਼ਿਆਂ ਵਰਗੇ ਮੁੱਦਿਆਂ ਸਮੇਤ ਹੋਰ ਕਈ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਪਟਿਆਲਾ ਦੀ ਪੁਲਿਸ ਲਾਈਨ ਵਿਖੇ ਹੋਈ ਇਸ ਉੱਚ ਪੱਧਰੀ ਮੀਟਿੰਗ ਦੌਰਾਨ ਪੁਲਿਸ ਵਿਭਾਗ ਦੇ ਸਮੂਹ ਏ.ਡੀ.ਜੀ.ਪੀ., ਆਈ.ਜੀ., ਪੁਲਿਸ ਕਮਿਸ਼ਨਰ ਅਤੇ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਛੱਡ ਕੇ ਸੂਬੇ ਦੇ ਸਮੂਹ ਜ਼ਿਲ੍ਹਿਆਂ ਦੇ ਪੁਲਿਸ ਮੁਖੀ ਵੀ ਹਾਜ਼ਰ ਸਨ।

ਮੀਟਿੰਗ ਉਪਰੰਤ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਮੀਡੀਆ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਦੀ ਇਸ ਮੀਟਿੰਗ ‘ਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚ ਅਮਨ ਕਾਨੂੰਨ ਅਤੇ ਨਸ਼ਿਆਂ ਸਮੇਤ ਹੋਰ ਕਈ ਨਾਜ਼ੁਕ ਮੁੱਦਿਆਂ ‘ਤੇ ਪੁਲਿਸ ਵੱਲੋਂ ਵੱਖ-ਵੱਖ ਫਰੰਟਾਂ ‘ਤੇ ਕੀਤੇ ਜਾ ਰਹੇ ਤੇ ਕੀਤੇ ਜਾਣ ਵਾਲੇ ਕੰਮਾਂ ‘ਤੇ ਖੁੱਲਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਰੇਕ ਜ਼ਿਲ੍ਹੇ ਦੇ ਕੰਮਕਾਜ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ।

ਇਸ ਮੌਕੇ ਪੱਤਰਕਾਰਾਂ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਨੇੜੇਓ ਹਥਿਆਰਾਂ ਦੀ ਹੋਈ ਬਰਾਮਦਗੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਇਸ ਮੁੱਦੇ ‘ਤੇ ਸਹੀ ਦਿਸ਼ਾ ‘ਚ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਦੇ ਡੀ.ਜੀ. ਨੇ ਵੀ ਬੀਤੇ ਕੱਲ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ ਅਤੇ ਉਹ ਵੀ ਬਾਂਰਡਰ ਰੇਂਜ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਏ ਹਨ। ਡੀ.ਜੀ.ਪੀ. ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਸ਼ਾਂਤਮਈ ਮਾਹੌਲ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਪੰਜਾਬ ਪੁਲਿਸ ਹਰੇਕ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਦੇ ਸਮਰੱਥ ਹੈ।

ਅੱਜ ਦੀ ਇਸ ਮੀਟਿੰਗ ਪੰਜਾਬ ਦੇ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਤੋਂ ਇਲਾਵਾ ਸਪੈਸ਼ਲ ਡੀ.ਜੀ.ਪੀ. ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸ੍ਰੀ ਪ੍ਰਬੋਦ ਕੁਮਾਰ, ਏ.ਡੀ.ਜੀ.ਪੀ. ਐਡਮਿਨ ਸ੍ਰੀ ਗੌਰਵ ਯਾਦਵ, ਏ.ਡੀ.ਜੀ.ਪੀ. ਸੁਰੱਖਿਆ ਸ੍ਰੀ ਵਰਿੰਦਰ ਕੁਮਾਰ, ਏ.ਡੀ.ਜੀ.ਪੀ. ਲਾਅ ਐਂਡ ਆਰਡਰ ਸ੍ਰੀ ਈਸ਼ਵਰ ਸਿੰਘ, ਏ.ਡੀ.ਜੀ.ਪੀ. ਪੀ.ਏ.ਪੀ. ਸ੍ਰੀ ਕੁਲਦੀਪ ਸਿੰਘ, ਆਈ.ਜੀ. ਕਮਾਂਡੋ ਕਮ ਐਸ.ਓ.ਜੀ. ਸ੍ਰੀ ਏ.ਕੇ. ਪਾਂਡੇ, ਡੀ.ਜੀ.ਪੀ. ਦੇ ਸਪੈਸ਼ਲ ਆਫਿਸਰ ਸ੍ਰੀ ਸੁਰਿੰਦਰਾ ਲਾਂਬਾ, ਆਈ.ਜੀ. ਪਟਿਆਲਾ ਰੇਂਜ ਸ੍ਰੀ ਜਤਿੰਦਰ ਸਿੰਘ ਔਲਖ, ਆਈ.ਜੀ. ਜਲੰਧਰ ਰੇਂਜ ਅਤੇ ਸਾਈਬਰ ਕਰਾਈਮ ਸ੍ਰੀ ਨੌਨਿਹਾਲ ਸਿੰਘ, ਆਈ.ਜੀ. ਬਠਿੰਡਾ ਰੇਂਜ ਸ੍ਰੀ ਅਰੁਣ ਕੁਮਾਰ ਮਿੱਤਲ, ਆਈ.ਜੀ. ਫਿਰੋਜ਼ਪੁਰ ਰੇਂਜ ਸ੍ਰੀ ਬੀ. ਚੰਦਰਾਸ਼ੇਖਰ, ਆਈ.ਜੀ. ਕਾਊਂਟਰ ਇਨਟੈਂਲੀਜੈਸ਼ ਪੰਜਾਬ ਸ੍ਰੀ ਅਮਿਤ ਪ੍ਰਸ਼ਾਦ, ਕਮਿਸ਼ਨਰ ਜਲੰਧਰ ਪੁਲਿਸ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਸਮੇਤ ਬਾਂਰਡਰ ਰੇਂਜ ਅੰਮ੍ਰਿਤਸਰ ਨੂੰ ਛੱਡਕੇ ਪੰਜਾਬ ਦੇ ਸਮੂਹ ਜ਼ਿਲ੍ਹਿਆ ਦੇ ਜ਼ਿਲ੍ਹਾ ਪੁਲਿਸ ਮੁਖੀ ਵੀ ਹਾਜ਼ਰ ਸਨ।

Share News / Article

YP Headlines