ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਤੇ ਜਰਮਨੀ ਆਧਾਰਿਤ ਗਰੁੱਪਾਂ ਵੱਲੋਂ ਸਮਰਥਨ ਹਾਸਲ ਅਤਿਵਾਦੀਆਂ ਦਾ ਪਰਦਾਫਾਸ਼; ਏ.ਕੇ.47 ਸਣੇ ਚਾਰ ਕਾਬੂ

ਚੰਡੀਗੜ, 22 ਸਤੰਬਰ, 2019:

ਪੰਜਾਬ ਪੁਲਿਸ ਨੇ ਇਕ ਹੋਰ ਅਤਿਵਾਦੀ ਵਿਰੋਧੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਪਾਕਿਸਤਾਨ ਤੇ ਜਰਮਨੀ ਆਧਾਰਿਤ ਗਰੁੱਪਾਂ ਦੇ ਸਮਰਥਨ ਨਾਲ ਖਾਲਿਸਾਤਨ ਜ਼ਿੰਦਾਬਾਦ ਫੋਰਸ ਦੇ ਮੁੜ ਸੁਰਜੀਤ ਹੋਏ ਅਤਿਵਾਦੀਆਂ ਦਾ ਪਰਦਾਫਾਸ਼ ਕਰਦਿਆਂ ਚਾਰ ਜਣਿਆਂ ਨੂੰ ਹਥਿਆਰਾਂ ਦੀ ਭਾਰੀ ਮਾਤਰਾ ਨਾਲ ਗਿ੍ਰਫਤਾਰ ਕੀਤਾ ਜਿਸ ਵਿੱਚ ਪੰਜ ਏ.ਕੇ.-47 ਰਾਈਫਲਾਂ, ਪਿਸਤੌਲ, ਸੈਟੇਲਾਈਟ ਫੋਨ ਤੇ ਹੈਂਡ ਗ੍ਰਨੇਡ ਸ਼ਾਮਲ ਸਨ।

ਇਹ ਗਰੁੱਪ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਅਤਿਵਾਦੀ ਹਮਲੇ ਕਰਨ ਦੀ ਸਾਜਿਸ਼ ਰਚ ਰਿਹਾ ਸੀ ਜਿਸ ਨੂੰ ਪੰਜਾਬ ਪੁਲਿਸ ਕਾਬੂ ਕਰਨ ਵਿੱਚ ਸਫਲ ਰਹੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮਾਂਤਰੀ ਸਬੰਧਾਂ ਅਤੇ ਸਾਜਿਸ਼ ਦੇ ਪ੍ਰਭਾਵ ਨੂੰ ਦੇਖਦਿਆਂ ਇਹ ਮਾਮਲਾ ਐਨ.ਆਈ.ਏ. ਨੂੰ ਸੌਂਪਣ ਦਾ ਫੈਸਲਾ ਕੀਤਾ ਹੈ ਤਾਂ ਜੋ ਇਸ ਪੂਰੀ ਸਾਜਿਸ਼ ਦਾ ਹੋਰ ਤੇ ਜਲਦੀ ਨਾਲ ਪਰਦਾਫਾਸ਼ ਹੋ ਸਕੇ।

ਚਾਰ ਅਤਿਵਾਦੀਆਂ ਨੂੰ ਐਤਵਾਰ ਨੂੰ ਤਰਨ ਤਾਰਨ ਜ਼ਿਲੇ ਦੇ ਪੁਲਿਸ ਸਟੇਸ਼ਨ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਚੋਹਲਾ ਸਾਹਿਬ ਦੇ ਬਾਹਰਵਾਰ ਕਾਬੂ ਕੀਤਾ ਹੈ ਜਿਹੜੇ ਸਫੇਦ ਰੰਗ ਦੀ ਮਾਰੂਤੀ ਸਵਿਫਟ ਕਾਰ ਨੰਬਰ ਪੀ.ਬੀ. 65 ਐਕਸ 8042 ਦੀ ਵਰਤੋਂ ਕਰ ਰਹੇ ਸਨ।

ਮੁੱਢਲੀ ਜਾਂਚ ਵਿੱਚ ਅਤਿਵਾਦੀਆਂ ਨੂੰ ਹਥਿਆਰ ਅਤੇ ਸੰਚਾਰ ਸਾਧਨ ਸਰਹੱਦ ਪਾਰ ਤੋਂ ਡਰੋਨ ਰਾਹੀਂ ਪਹੁੰਚਾਣ ਦੇ ਖੁਲਾਸੇ ਨਾਲ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਕੋਲ ਮੰਗ ਰੱਖੀ ਹੈ ਕਿ ਉਹ ਭਾਰਤੀ ਹਵਾਈ ਸੈਨਾ ਤੇ ਬੀ.ਐਸ.ਐਫ. ਨੂੰ ਨਿਰਦੇਸ਼ ਦੇਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਰਗੇ ਸਰਹੱਦੀ ਸੂਬੇ ਵਿੱਚ ਡਰੋਨ ਰਾਹੀਂ ਹਮਲੇ ਦੇ ਖਤਰੇ ਦੀ ਸੰਭਾਵਨਾ ਨੂੰ ਰੋਕਿਆ ਜਾ ਸਕਿਆ ਜਾ ਸਕੇ।

ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਇਸ ਗੱਲ ਦੀ ਸੰਭਾਵਨਾ ਹੈ ਕਿ ਹਥਿਆਰਾਂ ਨੂੰ ਪਾਕਿਸਤਾਨ ਵਾਲੇ ਪਾਸਿਓ ਆਈ.ਐਸ.ਆਈ., ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਉਨਾਂ ਅਧੀਨ ਚੱਲ ਰਹੇ ਜਿਹਾਦੀ ਤੇ ਖਾਲਿਸਤਾਨੀ ਪੱਖੀ ਅਤਿਵਾਦੀ ਗਰੁੱਪਾਂ ਵੱਲੋਂ ਪਾਕਿਸਤਾਨ ਦੁਆਰਾ ਲਾਂਚ ਕੀਤੇ ਡਰੋਨਾਂ ਰਾਹੀਂ ਪਹੁੰਚਾਇਆ ਗਿਆ ਸੀ।

ਸ੍ਰੀ ਗੁਪਤਾ ਨੇ ਕਿਹਾ ਕਿ ਹਾਲ ਹੀ ਵਿੱਚ ਜੰਮੂ ਕਸ਼ਮੀਰ ਵਿੱਚ ਵਾਪਰੇ ਘਟਨਾਕ੍ਰਮ ਦੇ ਮੱਦੇਨਜ਼ਰ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਘੁਸਪੈਠ ਦਾ ਉਦੇਸ਼ ਜੰਮੂ ਕਸ਼ਮੀਰ, ਪੰਜਾਬ ਤੇ ਭਾਰਤ ਦੇ ਹੋਰਨਾਂ ਅੰਦਰੂਨੀ ਹਿੱਸਿਆਂ ਵਿੱਚ ਅਤਿਵਾਦੀ ਘਟਨਾਵਾਂ ਨੂੰ ਅੰਜ਼ਾਮ ਪਹੁੰਚਾਣਾ ਹੈ।

ਡੀ.ਜੀ.ਪੀ. ਨੇ ਖੁਲਾਸਾ ਕੀਤਾ ਕਿ ਇਹ ਆਪ੍ਰੇਸ਼ਨ ਸੂਤਰਾਂ ਵੱਲੋਂ ਪ੍ਰਾਪਤ ਵੱਖ-ਵੱਖ ਸੂਚਨਾਵਾਂ ’ਤੇ ਆਧਾਰਿਤ ਸੀ ਕਿ ਪਾਬੰਦੀਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਕਾਰਕੰੁਨਾਂ ਵੱਲੋਂ ਜੰਮੂ ਕਸ਼ਮੀਰ, ਪੰਜਾਬ ਤੇ ਹੋਰਨਾਂ ਸੂਬਿਆਂ ਵਿੱਚ ਅਤਿਵਾਦੀ ਹਮਲੇ ਦੀ ਯੋਜਨਾ ਸੀ।

ਕਾੳੂਂਟਰ ਇੰਟੈਲੀਜੈਂਸ, ਅੰਮਿ੍ਰਤਸਰ ਦੇ ਏ.ਆਈ.ਜੀ. ਕੇਤਨ ਬਾਲੀਰਾਮ ਪਾਟਿਲ ਵੱਲੋਂ ਪੰਜਾਬ ਪੁਲਿਸ ਦੀਆਂ ਚੰਡੀਗੜ ਆਧਾਰਿਤ ਵੱਖ-ਵੱਖ ਟੀਮਾਂ ਨਾਲ ਕੀਤੇ ਇਸ ਆਪ੍ਰੇਸ਼ਨ ਵਿੱਚ ਫੜੇ ਗਏ ਚਾਰ ਅਤਿਵਾਦੀਆਂ ਕੋਲੋਂ ਵੱਡੀ ਗਿਣਤੀ ਵਿੱਚ ਬਰਾਮਦ ਹੋਏ ਹਥਿਆਰਾਂ, ਗੋਲੀ ਸਿੱਕਾ, ਵਿਸਫੋਟਕ ਪਦਾਰਥਾਂ ਤੇ ਸੰਚਾਰ ਸਾਧਨਾਂ ਨੂੰ ਪੰਜਾਬ ਪੁਲਿਸ ਦੇ ਕਾੳੂਂਟਰ ਇੰਟੈਲੀਜੈਂਸ ਵਿੰਗ ਵੱਲੋਂ ਜ਼ਬਤ ਕੀਤਾ ਗਿਆ।

ਅੱਜ ਇੱਥੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਹ ਗਿਰੋਹ ਪਾਕਿਸਤਾਨ ਸਥਿਤ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੱਖੀ ਰਣਜੀਤ ਸਿੰਘ ਉਰਫ ਨੀਟਾ ਅਤੇ ਉਸਦੇ ਜਰਮਨ ਸਥਿਤ ਸਹਿਯੋਗੀ ਗੁਰਮੀਤ ਸਿੰਘ ਉਰਫ ਬੱਗਾ ਉਰਫ ਡਾਕਟਰ (ਜਿਨਾਂ ਨੇ ਪੰਜਾਬ ’ਚ ਅੱਤਵਾਦ ਨੂੰ ਮੁੜ ਸਰਗਰਮ ਕਰਨ ਲਈ ਆਪਣੇ ਗਿਰੋਹਾਂ ਨੂੰ ਮੁੜ-ਸੰਗਠਿਤ ਕੀਤਾ ਸੀ) ਰਾਹੀਂ ਚਲਾਇਆ ਜਾ ਰਿਹਾ ਸੀ।

ਸਥਾਨਕ ਸਲੀਪਰ ਸੈੱਲਾਂ ਦੀ ਸਹਾਇਤਾ ਨਾਲ ਇਨਾਂ ਨੇ ਸਥਾਨਕ ਮੈਂਬਰਾਂ ਨੂੰ ਲੱਭਣ, ਗਰਮ-ਖਿਆਲੀ ਬਣਾਉਣ ਅਤੇ ਭਰਤੀ ਕਰਨ ਦਾ ਕੰਮ ਕੀਤਾ। ਇਸਦੇ ਨਾਲ ਹੀ ਗਿਰੋਹ ਦੇ ਸਥਾਨਕ ਮੈਂਬਰਾਂ ਨੂੰ ਕਾਰਜਸ਼ੀਲ ਕਰਨ ਲਈ ਸਰਹੱਦ ਪਾਰ ਤੋਂ ਫੰਡਾਂ ਤੇ ਆਧੁਨਿਕ ਹਥਿਆਰਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ।

ਗਿ੍ਰਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖ਼ਤ ਬਲਵੰਤ ਸਿੰਘ ਉਰਫ ਬਾਬਾ ਉਰਫ ਨਿਹੰਗ, ਅਕਾਸ਼ਦੀਪ ਸਿੰਘ ਉਰਫ ਅਕਾਸ਼ ਰੰਧਾਵਾ, ਹਰਭਜਨ ਸਿੰਘ ਤੇ ਬਲਬੀਰ ਸਿੰਘ ਵਜੋਂ ਹੋਈ ਹੈ। ਅਕਾਸ਼ਦੀਪ ਤੇ ਬਾਬਾ ਬਲਵੰਤ ਸਿੰਘ ਦੋਵਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਦੋਵਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।

ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮਾਨ ਸਿੰਘ ਜੋ ਇਸ ਵੇਲੇ ਅਸਲਾ ਐਕਟ ਤੇ ਯੂ.ਏ.ਪੀ.ਏ. ਕੇਸ ਅਧੀਨ ਅੰਮਿ੍ਰਤਸਰ ਜੇਲ ਵਿੱਚ ਬੰਦ ਹੈ, ਨੇ ਗੁਰਮੀਤ ਸਿੰਘ ਉਰਫ ਬੱਗਾ ਦੇ ਕਹਿਣ ’ਤੇ ਅਕਾਸ਼ਦੀਪ ਸਿੰਘ ਨੂੰ ਭਰਤੀ ਕੀਤਾ ਸੀ ਜਦੋਂ ਦੋਵੇਂ ਅੰਮਿ੍ਰਤਸਰ ਜੇਲ ਵਿੱਚ ਇਕੱਠੇ ਬੰਦ ਸਨ।

ਖੇਪ ਨੂੰ ਹਾਸਲ ਕਰਨ ਵਾਲਾ ਬਾਬਾ ਬਲਵੰਤ ਸਿੰਘ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਅਤਿਵਾਦੀ ਗਰੁੱਪ ਦਾ ਮੈਂਬਰ ਹੈ, ਪਹਿਲਾ ਵੀ ਯੂ.ਏ.ਪੀ.ਏ. ਅਤੇ ਅਸਲਾ ਐਕਟ ਅਧੀਨ ਪੁਲਿਸ ਥਾਣਾ ਮੁਕੰਦਪੁਰ (ਸ਼ਹੀਦ ਭਗਤ ਸਿੰਘ ਨਗਰ) ਵੱਲੋਂ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਹੁਣ ਉਹ ਜ਼ਮਾਨਤ ਉਤੇ ਸੀ ਅਤੇ ਉਸ ਖਿਲਾਫ ਮੁਕੱਦਮਾ ਚੱਲ ਰਿਹਾ ਹੈ।

ਅੰਮਿ੍ਰਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਦੇ ਪੁਲਿਸ ਥਾਣੇ ਵਿੱਚ 22 ਸਤੰਬਰ 2019 ਨੂੰ ਯੂ.ਏ.ਪੀ.ਏ., ਅਸਲਾ ਐਕਟ, ਵਿਸਫੋਕਟ ਪਦਾਰਥ ਐਕਟ ਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਥਾਰਾਵਾਂ ਤਹਿਤ ਐਫ.ਆਈ.ਆਰ. 0013 ਦਰਜ ਕਰ ਲਈ ਗਈ ਹੈ।

ਅਤਿਵਾਦੀਆਂ ਕੋਲੋਂ ਫੜੇ ਸਮਾਨ ਵਿੱਚ 5 ਏ.ਕੇ.-47 (ਸਮੇਤ 16 ਮੈਗਜ਼ੀਨ ਤੇ 472 ਗੋਲੀ ਸਿੱਕਾ), 4 ਚੀਨ ਦੀਆਂ ਬਣੀਆਂ .30 ਪਿਸਤੌਲਾਂ (ਸਮੇਤ 8 ਮੈਗਜ਼ੀਨ ਤੇ 72 ਗੋਲੀ ਸਿੱਕਾ), 9 ਹੈਂਡ ਗ੍ਰਨੇਡ, 5 ਸੈਟੇਲਾਈਟ ਫੋਨ ਸਮੇਤ ਸਾਰੇ ਸਾਧਨ, ਦੋ ਮੋਬਾਈਲ ਫੋਨ, ਦੋ ਵਾਈਰਲੈਸ ਸੈਟ ਤੇ 10 ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ ਸ਼ਾਮਲ ਸੀ।

ਪੂਰੀ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

Share News / Article

Yes Punjab - TOP STORIES