ਪੰਜਾਬ ਪੁਲਿਸ ਵਿਰੁੱਧ ਵਿਵਾਦਤ ਬਿਆਨ ਦੇਣ ਲਈ ਨਵਜੋਤ ਸਿੰਘ ਸਿੱਧੂ ਤੇ ਸੁਖਬੀਰ ਸਿੰਘ ਬਾਦਲ ਮੁਆਫ਼ੀ ਮੰਗਣ: ਪਰਮਿੰਦਰ ਸਿੰਘ ਢੀਂਡਸਾ

ਯੈੱਸ ਪੰਜਾਬ
ਚੰਡੀਗੜ੍ਹ/ ਐੱਸ.ਏ.ਐੱਸ ਨਗਰ, 28 ਦਸੰਬਰ, 2021:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਪੁਲਿਸ ਦੇ ਖਿਲਾਫ਼ ਪਹਿਲਾਂ ਨਵਜੋਤ ਸਿੱਧੂ ਅਤੇ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਵਰਤੀ ਗਈ ਮੰਦੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਦੇ ਖਿਲਾਫ਼ ਦਿੱਤੇ ਵਿਵਾਦਤ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਦੋਵੇਂ ਆਗੂਆਂ ਵੱਲੋਂ ਦਿੱਤੇ ਗਏ ਅਜਿਹੇ ਵਿਵਾਦਤ ਬਿਆਨਾਂ ਅਤੇ ਮੰਦੀ ਸ਼ਬਦਾਵਲੀ ਨਾਲ ਪੰਜਾਬ ਪੁਲਿਸ ਦਾ ਅਕਸ ਖ਼ਰਾਬ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਰਾਤ-ਦਿਨ ਪੂਰੀ ਤਨਦੇਹੀ ਨਾਲ ਰਾਜ ਦੀ ਸੇਵਾ ਕਰ ਕੇ ਕਾਨੂੰਨ ਵਿਵਸਥਾ ਨੂੰ ਸੰਭਾਲ ਰਹੀ ਹੈ ਅਤੇ ਦੂਜੇ ਪਾਸੇ ਸਿਆਸੀ ਲੀਡਰਾਂ ਵੱਲੋਂ ਪੁਲਿਸ ਦਾ ਅਪਮਾਨ ਕਰਨਾ ਬੇਹੱਦ ਸ਼ਰਮਨਾਕ ਹੈ।

ਸ: ਢੀਂਡਸਾ ਨੇ ਕਿਹਾ ਕੋਰੋਨਾ ਕਾਲ ਵਿੱਚ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੇਵਾਵਾਂ ਦੇਣ ਵਾਲਾ ਕੋਈ ਹੋਰ ਨਹੀ ਸਗੋਂ ਪੁਲਿਸ ਦੇ ਮੁਲਾਜ਼ਮ ਹੀ ਸਨ।

ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਬਾਦਲ ਦਲ ਦੇ ਉਪਰੋਕਤ ਲੀਡਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਵਰਤੀ ਗਈ ਮੰਦੀ ਸ਼ਬਦਵਾਲੀ ਕਾਰਨ ਪੁਲਿਸ ਫੋਰਸ ਵਿੱਚ ਕਾਫ਼ੀ ਰੋਸ ਹੈ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਲੈਕੇ ਹੇਠਲੇ ਪੱਧਰ ਤੱਕ ਦੇ ਪੁਲਿਸ ਮੁਲਾਜ਼ਮ ਇਨ੍ਹਾਂ ਲੀਡਰਾਂ ਦੇ ਖਿਲਾਫ਼ ਖੁੱਲ੍ਹਕੇ ਸਾਹਮਣੇ ਆ ਗਏ ਹਨ ਅਤੇ ਆਪਣੇ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ।

ਸ: ਢੀਂਡਸਾ ਨੇ ਅੱਗੇ ਕਿਹਾ ਕਿ ਰਾਜ ਦੇ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਜੇਕਰ ਸਰਕਾਰ ਵਿੱਚ ਸਿਖਰ `ਤੇ ਬੈਠੇ ਰਾਜਨੀਤਕ ਲੋਕ ਭ੍ਰਿਸ਼ਟਾਚਾਰ `ਤੇ ਰੋਕ ਲਗਾਉਣ ਤਾਂ ਹੇਠਲੇ ਪੱਧਰ `ਤੇ ਕੰਮ ਕਰੇ ਰਹੇ ਮੁੁਲਾਜ਼ਮ ਆਪਣੇ-ਆਪ ਇਮਾਨਦਾਰ ਹੋ ਜਾਂਦੇ ਹਨ। ਇਸ ਕਰਕੇ ਲੀਡਰਾਂ ਨੂੰ ਮੁਲਾਜ਼ਮਾਂ ਦਾ ਮਨੋਬਲ ਡੇਗਣ ਵਾਲੀਆਂ ਅਜਿਹੀਆਂ ਟਿੱਪਣੀਆਂ ਅਤੇ ਮੰਦੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ