ਪੰਜਾਬ ਪੁਲਿਸ ਮੁਲਾਜ਼ਮਾਂ ਖਿਲਾਫ ਮੰਦੀ ਸ਼ਬਦਾਵਲੀ ਬੋਲਣ ਲਈ ਸਿੱਧੂ ਮੁਆਫੀ ਮੰਗਣ , ਚੰਨੀ ਤੇ ਰੰਧਾਵਾ ਇਸ ਮਾਮਲੇ ’ਤੇ ਆਪਣੀ ਚੁੱਪੀ ਤੋੜਨ: ਅਕਾਲੀ ਦਲ

ਯੈੱਸ ਪੰਜਾਬ
ਚੰਡੀਗੜ੍ਹ, 27 ਦਸੰਬਰ, 2021 –
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੁੰ ਆਖਿਆ ਕਿ ਉਹ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਵਰਤੀ ਆਪਣੀ ਮੰਦੀ ਸ਼ਬਦਾਵਲੀ ਲਈ ਮੁਆਫੀ ਮੰਗਣ ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਪੰਜਾਬ ਪੁਲਿਸ ਦੇ ਖਿਲਾਫ ਮੰਦੀ ਸ਼ਬਦਾਵਲੀ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਇਸ ’ਤੇ ਮੂਕ ਦਰਸ਼ਕ ਬਣ ਕੇ ਬੈਠੇ ਹਨ।

ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪਹਿਲਾਂ ਇਕ ਡੀ ਐਸ ਪੀ ਨੂੰ ਬੋਲਣਾ ਪਿਆ ਤੇ ਹੁਣ ਐਸ ਆਈ ਨੁੰ ਬੋਲਣਾ ਪਿਆ ਹੈ। ਉਹਨਾਂ ਕਿਹਾ ਕਿ ਵਰਦੀ ਵਿਚ ਹੁੰਦਿਆਂ ਇਕ ਸ਼ਕਤੀਸ਼ਾਲੀ ਬੰਦੇ ਖਿਲਾਫ ਬੋਲਣਾ ਬਹੁਤ ਔਖਾ ਹੁੰਦਾ ਹੈ ਪਰ ਇਸ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਤੋਂ ਉਹਨਾਂ ਦੇ ਅੰਦਰਲੇ ਗੁੱਸੇ ਤੇ ਮਾਨਸਿਕਤ ਅਵਸਥਾ ਸਮਝਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਾਂਗਰਸ ਦੇ ਆਗੂ ਨੁੰ ਸਮਝਾਉਣ ਕਿ ਵਰਦੀਧਾਰੀ ਪੁਲਿਸ ਦੇ ਖਿਲਾਫ ਬਿਆਨਬਾਜ਼ੀ ਤੇ ਮਨੋਬਲ ਡੇਗਣ ਵਾਲੀਆਂ ਟਿੱਪਣੀਆਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੋ ਪਹਿਲਾਂ ਟਿੱਪਣੀਆਂ ਕੀਤੀਆਂ ਹਨ, ਉਹ ਵਾਪਸ ਲੈ ਕੇ ਪੁਲਿਸ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਪੁਲਿਸ ਦਾ ਮਨੋਬਲ ਤੇ ਵਰਦੀ ਦੀ ਇੱਜ਼ਤ ਕਾਇਮ ਰਹੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ