ਯੈੱਸ ਪੰਜਾਬ
ਚੰਡੀਗੜ੍ਹ, 20 ਮਾਰਚ, 2023:
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਅਜੇ ਨਹੀਂ ਹੋਈ ਹਾਲਾਂਕਿ ਪੁਲਿਸ ਇਸ ਬਾਰੇ ਸਿਰਤੋੜ ਯਤਨ ਕਰ ਰਹੀ ਹੈ। ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਏ ਜਾਣ ਬਾਰੇ ਖ਼ਬਰਾਂ ਨਿਰਮੂਲ ਅਤੇ ਨਿਰਾਧਾਰ ਹਨ।
ਇਹ ਗੱਲ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਆਈ.ਜੀ.ਸ: ਸੁਖ਼ਚੈਨ ਸਿੰਘ ਗਿੱਲ ਨੇ ਆਖ਼ੀ। ਉਹਨਾਂ ਨੇ ਆਮ ਲੋਕਾਂ ਅਤੇ ਮੀਡੀਆ ਨੂੰ ਵੀ ਫ਼ਿਰ ਸੁਚੇਤ ਕੀਤਾ ਕਿ ਉਹ ਇਸ ਤਰ੍ਹਾਂ ਦੀਆਂ ਖ਼ਬਰਾਂ ਚਲਾਉਣ ਜਾਂ ਸੋਸ਼ਲ ਮੀਡੀਆ ’ਤੇ ਪਾਉਣ ਤੋਂ ਪਹਿਲਾਂ ਉਨ੍ਹਾਂ ਦੀ ਤਸਦੀਕ ਕਰ ਲੈਣ।
ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ਼ ਸਨਿਚਰਵਾਰ ਦੀ ਘਟਨਾ ਤੋਂ ਬਾਅਦ 6 ਨਵੇਂ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਤੋਂ ਕਈ ਹਥਿਆਰ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ।
ਸ:ਗਿੱਲ ਨੇ ਕਿਹਾ ਕਿ ਪਹਿਲੇ ਹੀ ਦਿਨ ਹਿਰਾਸਤ ਵਿੱਚ ਲਏ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵਿੱਚੋਂ 4 ਨੂੰ ਐੱਨ.ਐਸ.ਏ. ਲਗਾ ਕੇ ਦੂਜੇ ਹੀ ਦਿਨ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ ਜਦਕਿ ਬੀਤੀ ਰਾਤ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਵੀ ਅਨ.ਐੱਸ.ਏ. ਲਗਾ ਕੇ ਡਿਬਰੂਗੜ੍ਹ ਲਈ ਰਵਾਨਾ ਕਰ ਦਿੱਤਾ ਗਿਆ ਹੈ। ਦੀਪ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ, ਜਿਸ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ’ਤੇ ਵੀ ਐਨ.ਐਸ.ਏ. ਲਗਾਇਆ ਗਿਆ ਹੈ। ਜਿਹੜੇ ਵਿਅਕਤੀ ਪਹਿਲਾਂ ਡਿਬਰੂਗੜ੍ਹ ਭੇਜੇ ਗਏ ਉਨ੍ਹਾਂ ਵਿੱਚ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਬਸੰਤ ਸਿੰਘ ਦੌਲਤਪੁਰਾ, ਗੁਰਮੀਤ ਸਿੰਘ ਬੁੱਕਣਵਾਲਾ ਆਦਿ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਹੋਣ ’ਤੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਵੀ ਐੱਨ.ਐੱਸ.ਏ. ਲਗਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਐੱਨ.ਐੱਸ.ਏ. ਤਹਿਤ ਗ੍ਰਿਫ਼ਤਾਰ ਵਿਅਕਤੀ ਨੂੰ 5 ਦਿਨ ਕੁਝ ਵੀ ਦੱਸਣ ਦੀ ਲੋੜ ਨਹੀਂ ਹੁੰਦੀ ਅਤੇ ਅਸਾਧਾਰਣ ਹਾਲਾਤ ਵਿੱਚ ਇਹ ਗੱਲ 15 ਦਿਨ ਤਕ ਵਧਾਈ ਵੀ ਜਾ ਸਕਦੀ ਹੈ। ਉਸ ਕੋਲ ਕਾਨੂੰਨੀ ਚਾਰਾਜੋਈ ਕੋਈ ਨਹੀਂ ਰਹਿ ਜਾਂਦੀ ਅਤੇ ਤਿੰਨ ਤਿੰਨ ਮਹੀਨੇ ਕਰਕੇ ਇਕ ਸਾਲ ਤਕ ਜੇਲ੍ਹ ਵਿੱਚ ਰੱਖ਼ਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਮਾਮਲੇ ਵਿੱਚ ਦੇਸ਼ ਦੀ ਕਿਸੇ ਵੀ ਜੇਲ੍ਹ ਵਿੱਚ ਰੱਖ਼ਿਆ ਜਾ ਸਕਦਾ ਹੈ।
ਸ: ਗਿੱਲ ਨੇ ਦਾਅਵਾ ਕੀਤਾ ਕਿ ਵਿਦੇਸ਼ਾਂ ਤੋਂ ਫੰਡਿੰਗ ਅਤੇ ਆਈ.ਐੱਸ.ਆਈ.ਨਾਲ ਸੰਬੰਧ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਵਹੀਰ ਚਲਾਏ ਜਾਣ ਵਾਲੇ ਵੀ ਦੇਸ਼ ਵਿਦੇਸ਼ ਤੋਂ ਫੰਡਿੰਗ ਹੋਈ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਆਨੰਦਪੁਰ ਖ਼ਲਸਾ ਫ਼ੋਰਸ (ਏ.ਕੇ.ਐਫ.) ਵੀ ਬਣਾਈ ਗਈ ਅਤੇ ਉਸਦੇ ਲੋਕਾਂ ਕੋਲ ਮੌਜੁਦ ਸਾਰੇ ਹਥਿਆਰਾਂ ’ਤੇ ਏ.ਕੇ.ਐਫ. ਲਿਖ਼ਿਆ ਹੈ ਅਤੇ ਉਸ ਦੇ ਘਰ ਦੇ ਗੇਟ ’ਤੇ ਵੀ ਏ.ਕੇ.ਐਫ. ਲਿਖ਼ਿਆ ਹੈ। ਇਸ ਤੋਂ ਇਲਾਵਾ ਏ.ਕੇ.ਐੱਫ਼. ਲਿਖ਼ੀਆਂ ਬੁਲੇਟ ਪਰੂਫ਼ ਜੈਕੇਟਾਂ ਵੀ ਬਰਾਮਦ ਹੋਈਆਂ ਹਨ।
ਸ: ਗਿੱਲ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਦੇ ਕਾਫ਼ਲੇ ਵਿੱਚ ਚੱਲਦੀਆਂ ਗੱਡੀਆਂ ਵੀ ਉਹਨਾਂ ਲੋਕਾਂ ਦੇ ਨਾਂਅ ’ਤੇ ਹਨ ਜਿਨ੍ਹਾਂ ਦੀ ਆਮਦਨ ਦੇ ਇੰਨੇ ਸਾਧਨ ਹੀ ਨਹੀਂ ਕਿ ਉਹ ਇਸ ਤਰ੍ਹਾਂ ਦੀਆਂ ਗੱਡੀਆਂ ਖ਼ਰੀਦ ਸਕਣ। ਉਨ੍ਹਾਂ ਕਿਹਾ ਕਿ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।