ਪੰਜਾਬ ਨੇ ਇੰਸਪੈਕਟਰ ਰਾਜ ਖ਼ਤਮ ਕੀਤਾ, ਢਾਈ ਸਾਲਾਂ ’ਚ 50 ਹਜ਼ਾਰ ਕਰੋੜ ਦਾ ਨਿਵੇਸ਼ ਕਰਵਾਇਆ: ਮਨਪ੍ਰੀਤ ਬਾਦਲ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ/ਐਸ.ਏ.ਐਸ. ਨਗਰ, 4 ਨਵੰਬਰ, 2019:

ਮੋਦੀ ਸਰਕਾਰ ਵੱਲੋਂ ਮਾਲੀਆ ਵੰਡ ਅਨੁਪਾਤ ਵਿੱਚ ਪੱਖਪਾਤ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਜੀ.ਐਸ.ਟੀ. ਵਿੱਚੋਂ ਰਾਜ ਦਾ ਹਿੱਸਾ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਿ ਅਦਾਇਗੀ ਵਿੱਚ ਦੇਰੀ ਕਾਰਨ ਪੰਜਾਬ ਨੂੰ ਵਾਰ ਵਾਰ ਨੁਕਸਾਨ ਨਾ ਝੱਲਣਾ ਪਵੇ। ਉਨ੍ਹਾਂ ਆਰਥਿਕਤਾ ਸਬੰਧੀ ਮਾੜੀਆਂ ਨੀਤੀਆਂ ਲਈ ਮੋਦੀ ਸਰਕਾਰ ਨੂੰ ਜਮ ਕੇ ਕੋਸਿਆ।

ਮੁਹਾਲੀ ਵਿਖੇ 5 ਤੇ 6 ਦਸੰਬਰ ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ-2019 ਸਬੰਧੀ ਇਨਵੈਸਟ ਪੰਜਾਬ ਵੱਲੋਂ ਸਨਅਤਕਾਰਾਂ ਦੀਆਂ ਮੁਸ਼ਕਲਾਂ ਜਾਣਨ ਲਈ ਕਰਵਾਏ ਸੰਮੇਲਨ ਦੌਰਾਨ ਨਿਵੇਸ਼ਕਾਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਫ਼ਲਤਾ ਨਾਲ ਇੰਸਪੈਕਟਰ ਰਾਜ ਦਾ ਖਾਤਮਾ ਕੀਤਾ ਹੈ, ਜਿਹੜਾ ਸਨਅਤ ਨੂੰ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਾਬਤ ਹੋਇਆ ਹੈ ਅਤੇ ਇਸ ਨਾਲ ਪੰਜਾਬ ਵਿੱਚ ਪਿਛਲੇ ਢਾਈ ਸਾਲਾਂ ਦੌਰਾਨ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ।

ਸਨਅਤ ਨੂੰ ਸੁਰਜੀਤ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਵਚਨਬੱਧਤਾ ਦੁਹਰਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਮਰੱਥਾ ਹੈ ਕਿ ਉਹ ਸਨਅਤ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣ ਸਕਦਾ ਹੈ। ਉਨ੍ਹਾਂ ਸੂਬੇ ਵਿੱਚ ਵਪਾਰ ਨੂੰ ਸੁਖਾਲਾ ਕਰਨ ਲਈ ਕੀਤੀਆਂ ਨੀਤੀਗਤ ਪਹਿਲਾਂ ਵੀ ਗਿਣਾਈਆਂ।

ਉਨ੍ਹਾਂ ਵੱਡੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਹੋਰ ਨਿਵੇਸ਼ ਕਰਨ ਤਾਂ ਕਿ ਸੂਬੇ ਨੂੰ ਨਿਵੇਸ਼ ਪੱਖੋਂ ਉਚਾਈਆਂ ਉਤੇ ਪਹੁੰਚਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਵਿਸ਼ਵ ਪੱਧਰ ਦੇ ਇੰਜਨੀਅਰ ਤੇ ਤਕਨੀਸ਼ੀਅਨ ਹਨ, ਜੋ ਉੱਭਰਦੇ ਉੱਦਮੀਆਂ ਲਈ ਲਾਭਕਾਰੀ ਸਾਬਤ ਹੋ ਸਕਦੇ ਹਨ।

ਸਨਅਤਕਾਰ ਤੇ ਇਹ ਤਕਨੀਸ਼ੀਅਨ ਮਿਲ ਕੇ ਰਾਜ ਦੇ ਆਰਥਿਕ ਪੱਖੋਂ ਸੁਨਹਿਰੀ ਦੌਰ ਨੂੰ ਵਾਪਸ ਲਿਆ ਸਕਦੇ ਹਨ। ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ-2019 ਲਈ ਉੱਦਮੀਆਂ ਨੂੰ ਨਿੱਜੀ ਤੌਰ ਉਤੇ ਸੱਦਾ ਦਿੰਦਿਆਂ ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਸੰਮੇਲਨ ਸੂਬੇ ਵਿੱਚ ਵਪਾਰ ਦੀ ਸਮਰੱਥਾ ਨੂੰ ਹੋਰ ਸਿਖਰ ਉਤੇ ਪਹੁੰਚਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕੀਤੀ, ਜਿਸ ਦੀ ਦੇਸ਼ ਦੀ ਵਿਕਾਸ ਦਰ ਘਟ ਕੇ 5 ਫੀਸਦੀ ਉਤੇ ਆ ਗਈ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਨਾਲ ਵਿੱਤੀ ਸੰਸਥਾਵਾਂ ਵਿੱਚ ਲੋਕਾਂ ਦਾ ਸਮੁੱਚਾ ਵਿਸ਼ਵਾਸ ਡਾਵਾਂਡੋਲ ਹੋਇਆ ਹੈ। ਜਿਹੜੀ ਵਿਕਾਸ ਦਰ ਇਕ ਸਮੇਂ 10 ਫੀਸਦੀ ਸੀ, ਉਹ ਹੁਣ ਘਟ ਕੇ 5 ਫੀਸਦੀ ਉਤੇ ਆ ਗਈ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਆਪਣੀ ਗਤੀਸ਼ੀਲ ਲੀਡਰਸ਼ਿਪ ਦੀ ਅਗਵਾਈ ਵਿੱਚ ਨਿਵੇਸ਼ਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਉਸਾਰੂ ਮਾਹੌਲ ਸਿਰਜਿਆ ਹੈ।

ਇਸ ਮੌਕੇ ਵਧੀਕ ਮੁੱਖ ਸਕੱਤਰ ਇੰਡਸਟਰੀਜ਼ ਸ੍ਰੀਮਤੀ ਵਿਨੀ ਮਹਾਜਨ ਨੇ ਸਨਅਤਕਾਰਾਂ ਨਾਲ ਵਿਚਾਰ ਵਟਾਂਦਰਾ ਸੈਸ਼ਨ ਦੀ ਅਗਵਾਈ ਕੀਤੀ ਅਤੇ ਸਨਅਤਕਾਰਾਂ ਦੇ ਮਸਲਿਆਂ ਦਾ ਹੱਲ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੇ ਵਧੀਆ ਰਿਆਇਤਾਂ ਵਾਲੀ ਬਿਹਤਰੀਨ ਸਨਅਤੀ ਨੀਤੀ ਬਣਾਈ ਹੈ।

ਉਨ੍ਹਾਂ ਕਿਹਾ ਕਿ ਨੌਕਰਸ਼ਾਹੀ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਪੈਦਾ ਕਰਨ ਲਈ ਕੰਮ ਕਰੇਗੀ। ਇਸ ਸਮੇਂ ਸਨਅਤਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਮੁਕਤ ਮਾਹੌਲ, ਸਸਤੀ ਬਿਜਲੀ ਤੇ ਹੋਰ ਰਿਆਇਤਾਂ ਦੀ ਗੱਲ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਬਿਉਰੋ ਆਫ਼ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਸੀ.ਈ.ਓ. ਰਜਤ ਅਗਰਵਾਲ, ਇਨਵੈਸਟ ਪੰਜਾਬ ਦੇ ਵਧੀਕ ਸੀ.ਈ.ਓ. ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਗਿਰੀਸ਼ ਦਿਆਲਨ, ਨਿਵੇਸ਼ ਬਾਰੇ ਮੁੱਖ ਮੰਤਰੀ ਦੇ ਸਲਾਹਕਾਰ ਮੇਜਰ ਬੀ.ਐਸ. ਕੋਹਲੀ, ਵਧੀਕ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਹੋਰ ਹਾਜ਼ਰ ਸਨ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •