ਪੰਜਾਬ ਨੂੰ ਪਲਾਸਟਿਕ ਮੁਕਤ ਬਣਾਉਣਾ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਸਲ ਸ਼ਰਧਾਂਜਲੀ ਹੋਵੇਗੀ: ਏ. ਵੇਨੂੰ ਪ੍ਰਸਾਦ

ਚੰਡੀਗੜ, 20 ਸਤੰਬਰ, 2019 –
ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਨੂੰ ਪ੍ਰਸਾਦ ਨੇ ਸੂਬੇ ਦੇ ਨਾਗਰਿਕਾਂ ਨੂੰ ਪੰਜਾਬ ਵਿਚ ਸਿੰਗਲ ਯੂਸ ਪਲਾਸਟਿਕ ਦੀ ਵਰਤੋਂ ਨੂੰ ਠੱਲ ਪਾਉਣ ਲਈ ਵਿਆਪਕ ਮੁਹਿੰਮ ਸੁਰੂ ਕਰਨ ਦਾ ਸੱਦਾ ਦਿੱਤਾ। ਉਨਾਂ ਜਨਤਾ ਨੂੰ ‘ਪਲਾਸਟਿਕ ਮੁਕਤ ਪੰਜਾਬ’ ਦਾ ਦਰਜਾ ਹਾਸਲ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਉਹਨਾਂ ਕਿਹਾ ਕਿ ਸੂਬੇ ਨੂੰ ਪਲਾਸਟਿਕ ਮੁਕਤ ਬਣਾਉਣਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਅਸਲ ਸਰਧਾਂਜਲੀ ਹੋਵੇਗੀ।

ਉਹ ਸੂਬੇ ਵਿਚ ਪਲਾਸਟਿਕ ਦੀ ਵਰਤੋਂ ਨੂੰ ਠੱਲ ਪਾਉਣ ਦੇ ਮੁੱਦੇ ਸਬੰਧੀ ਸਵੱਛ ਸਰਵੇਖਣ-2020 ‘ਤੇ ਸ਼ਹਿਰੀ ਸਥਾਨਕ ਇਕਾਈਆਂ ਲਈ ਕਰਵਾਈ ਗਈ ਸੂਬਾ ਪੱਧਰੀ ਵਰਕਸ਼ਾਪ ਦੇ ਉਦਘਾਟਨ ਉਪਰੰਤ ਸੰਬੋਧਨ ਕਰ ਰਹੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਵਰਕਸ਼ਾਪ ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਬਾਰੇ ਮੰਤਰਾਲਾ ਅਤੇ ਪੀ.ਐਮ.ਆਈ.ਡੀ.ਸੀ ਵਲੋਂ ਚੰਡੀਗੜ ਵਿਖੇ ਸਾਂਝੇ ਤੌਰ ‘ਤੇ ਆਯੋਜਿਤ ਕਰਵਾਈ ਗਈ। ਉਨਾਂ ਕਿਹਾ ਕਿ ਇਸ ਵਰਕਸ਼ਾਪ ਵਿਚ 167 ਸ਼ਹਿਰੀ ਸਥਾਨਕ ਇਕਾਈਆਂ ਦੇ 400 ਭਾਗੀਦਾਰਾਂ ਨੇ ਹਿੱਸਾ ਲਿਆ ਜਿਹਨਾਂ ਵਿਚ ਨਗਰ ਨਿਗਮ ਦੇ ਕਮਿਸ਼ਨਰ/ਮੇਅਰ, ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ, ਨਗਰ ਪਾਲਿਕਾ/ਨਗਰ ਪੰਚਾਇਤ/ਪ੍ਰਧਾਨਾਂ ਦੇ ਕਾਰਜਕਾਰੀ ਅਧਿਕਾਰੀ, ਸੈਨੇਟਰੀ ਇੰਸਪੈਕਟਰ, ਕਮਿਊਨਿਟੀ ਫੈਸੀਲੀਟੇਟਰਜ਼ ਅਤੇ ਪੀ.ਐਮ.ਆਈ.ਡੀ.ਸੀ. ਦਾ ਸਟਾਫ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ਵਰਕਸ਼ਾਪ ਵਿਚ 10 ਵਿਭਾਗਾਂ ਦੇ ਪ੍ਰਸ਼ਾਸ਼ਕੀ ਸਕੱਤਰ/ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।

ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਕਮ ਸੀ.ਈ.ਓ, ਪੀ.ਐਮ.ਆਈ.ਡੀ.ਸੀ. ਸ੍ਰੀ ਅਜੋਏ ਸ਼ਰਮਾਂ ਨੇ ਐਸ.ਬੀ.ਐਮ.ਯੂ. ‘ਤੇ ਪੰਜਾਬ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ‘ਸਵੱਛਤਾ ਹੀ ਸੇਵਾ‘ ਮੁਹਿੰਮ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਪਲਾਸਟਿਕ ਵੇਸਟ ਦੇ ਸੁਰੱਖਿਅਤ ਨਿਪਟਾਰੇ ਸਬੰਧੀ ਵੀ ਜਾਣਕਾਰੀ ਦਿੱਤੀ।

ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਜੁਆਇੰਟ ਸਕੱਤਰ ਸ੍ਰੀ ਵੀ.ਕੇ. ਜਿੰਦਲ ਨੇ ਆਪਣੇ ਸੰਬੋਧਨ ਵਿਚ ਗਿੱਲੇ ਕੂੜੇ ਨੂੰ ਵੱਖ ਕਰਨ ਦੇ ਸਰੋਤਾਂ ਤੇ ਇਸ ਦਾ 100 ਫੀਸਦੀ ਨਿਪਟਾਰਾ ਕਰਨ, ਕੂੜਾ ਦੇ ਪ੍ਰਬੰਧਨ ਵਿਚ ਨਾਗਰਿਕਾਂ ਦੀ ਭਾਗੀਦਾਰੀ, ਕੂੜਾ ਇਕੱਠਾ ਕਰਨ ਵਾਲਿਆਂ ਨੂੰ ਕੂੜਾ ਪ੍ਰਬੰਧਨ ਪ੍ਰਣਾਲੀ ਵਿਚ ਸ਼ਾਮਲ ਕਰਨ, ਸਿਵਰੇਜਾਂ ਦਾ ਢੁੱਕਵਾਂ ਪ੍ਰਬੰਧ ਕਰਨ, ਇਕ ਵਾਰ ਵਰਤੇ ਜਾਣ ਵਾਲੇ ਪਲਾਸਿਟਿਕ ਦੇ ਬਦਲਾਵ ਜਿਵੇਂ ਕੱਪੜੇ ਦੇ ਥੈਲੇ, ਜੂਟ ਦੇ ਥੈਲੇ, ਸਟੀਲ ਭਾਂਡੇ ਆਦਿ ਦਾ ਪ੍ਰਚਾਰ ਕਰਨ ‘ਤੇ ਜ਼ੋਰ ਦਿੱਤਾ।

ਬੁਲਾਰੇ ਨੇ ਕਿਹਾ ਕਿ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੀ ਨੈਸ਼ਨਲ ਪ੍ਰੋਜੈਕਟ ਮੈਨੇਜਮੈਂਟ ਟੀਮ ਨੇ ਸਵੱਛ ਸਰਵੇਖਣ-2020 ਦੇ ਟੂਲਕਿੱਟ ਸਬੰਧੀ ਜਾਣਕਾਰੀ ਦਿੱਤੀ ਜਿਸ ਦਾ ਆਖਰੀ ਪੜਾਅ 4 ਜਨਵਰੀ, 2020 ਨੂੰ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਇਹ ਵਰਕਸ਼ਾਪ ਸਵੱਛਤਾ ਹੀ ਸੇਵਾ ਮੁਹਿੰਮ ਵਿਚ ਵੱਖ-ਵੱਖ ਭਾਈਚਾਰਿਆਂ ਨੂੰ ਸ਼ਾਮਲ ਕਰਨ ਅਤੇ ਸੂਬੇ ਵਿਚੋਂ ਸਿੰਗਲ ਯੂਸ ਪਲਾਸਟਿਕ ਦੀ ਵਰਤੋਂ ਨੂੰ ਠੱਲ ਪਾਉਣ ਵਿਚ ਮਦਦਗਾਰ ਸਾਬਿਤ ਹੋਵੇਗੀ।

Share News / Article

Yes Punjab - TOP STORIES