ਪੰਜਾਬ ਦੇ ਮੰਤਰੀਆਂ ਨੇ ਕਿਹਾ, ਬਾਦਲ ਬੜ੍ਹਕਾਂ ਨਾ ਮਾਰਣ, ਹਰਸਿਮਰਤ ਨੂੰ ਮੋਦੀ ਵਜ਼ਾਰਤ ਤੋਂ ਅਸਤੀਫ਼ਾ ਦੇਣ ਲਈ ਕਹਿਣ

ਚੰਡੀਗੜ੍ਹ, 1 ਮਾਰਚ, 2020:

ਕਾਂਗਰਸੀ ਮੰਤਰੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਲੀ ਹਿੰਸਾ ਉਤੇ ਮੋਦੀ ਸਰਕਾਰ ਵਿਰੁੱਧ ਬੜ੍ਹਕਾਂ ਮਾਰਨ ਦੀ ਬਜਾਏ ਕੋਈ ਠੋਸ ਕਦਮ ਚੁੱਕਣ ਲਈ ਵੰਗਾਰਦਿਆਂ ਨਸੀਹਤ ਦਿੱਤੀ ਹੈ ਕਿ ਉਹ ਸਭ ਤੋਂ ਪਹਿਲਾ ਆਪਣੀ ਨੂੰਹ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਕੋਲੋਂ ਮੋਦੀ ਸਰਕਾਰ ਵਿੱਚੋਂ ਅਸਤੀਫ਼ਾ ਦਿਵਾਉਣ।

ਅੱਜ ਇੱਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਅਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ ਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵੱਡੇ ਬਾਦਲ ਵੱਲੋਂ ਬਠਿੰਡਾ ਵਿਖੇ ਅਕਾਲੀ ਦਲ ਦੀ ਰੈਲੀ ਦੌਰਾਨ ਦੇਸ਼ ਵਿੱਚ ਘੱਟ ਗਿਣਤੀਆਂ ਲਈ ਡਰ, ਅਸਰੁੱਖਿਆ ਤੇ ਅਨਿਸ਼ਚਤਤਾ ਦਾ ਮਾਹੌਲ ਕਹਿਣ ਨਾਲ ਅਕਾਲੀ ਦਲ ਇਸ ਮਾਮਲੇ ਵਿੱਚ ਭਾਜਪਾ ਜਿੰਨਾ ਹੀ ਜਿੰਮੇਵਾਰ ਹੋਣ ਤੋਂ ਸੁਰਖ਼ਰੂ ਨਹੀਂ ਹੋ ਸਕਦਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿੱਚ ਭਾਈਵਾਲੀ ਅਕਾਲੀ ਦਲ ਨੇ ਪਹਿਲਾ ਸੀਏਏ ਦੇ ਮੁੱਦੇ ਉਤੇ ਪਾਰਲੀਮੈਂਟ ਵਿੱਚ ਵੋਟ ਪਾਈ ਅਤੇ ਉਸ ਤੋਂ ਬਾਅਦ ਦਿੱਲੀ ਵਿੱਚ ਘੱਟ ਗਿਣਤੀਆਂ ਉਤੇ ਹੋਏ ਦਮਨ ਉਪਰ ਕੋਈ ਬਿਆਨ ਜਾਂ ਨਿੰਦਾ ਨਹੀਂ ਕੀਤੀ ਗਈ। ਇਸ ਤੋਂ ਵੀ ਵੱਡੀ ਗੱਲ ਬਾਦਲ ਦੀ ਨੂੰਹ ਹਰਸਿਮਰਤ ਬਾਦਲ ਮੋਦੀ ਸਰਕਾਰ ਵਿੱਚ ਵਜ਼ੀਰੀ ਦਾ ਸੁੱਖ ਮਾਣ ਰਹੀ ਹੈ।

ਕਾਂਗਰਸੀ ਮੰਤਰੀਆਂ ਨੇ ਕਿਹਾ ਕਿ ਇਹ ਬਾਦਲਾਂ ਦੀ ਮੁੱਢ ਤੋਂ ਹੀ ਆਦਤ ਰਹੀ ਹੈ ਕਿ ਉਨ੍ਹਾਂ ਨੇ ਕੌਮੀ ਮੁੱਦਿਆਂ ਉਤੇ ਦੋਗਲਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਜੇ ਵੱਡੇ ਬਾਦਲ ਸੱਚਮੁੱਚ ਇਸ ਮਾਮਲੇ ਨੂੰ ਲੈ ਕੇ ਗੰਭੀਰ ਅਤੇ ਘੱਟ ਗਿਣਤੀਆਂ ਪ੍ਰਤੀ ਫਿਕਰਮੰਦੀ ਰੱਖਦੇ ਹਨ ਤਾਂ ਉਹ ਪਹਿਲਾ ਹਰਸਿਮਰਤ ਬਾਦਲ ਤੋਂ ਅਸਤੀਫ਼ਾ ਦਿਵਾਉਣ ਨਹੀਂ ਤਾਂ ਫੋਕੀ ਬਿਆਨਬਾਜੀ ਕਰ ਕੇ ਮੱਗਰਮੱਛ ਦੇ ਹੰਝੂ ਵਹਾਉਣ ਵਾਲਾ ਕੰਮ ਨਾ ਕਰਨ।

Share News / Article

Yes Punjab - TOP STORIES