ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ’ਚ ਰੁੱਖ ਲਾਉਣ ਤੇ ਹਰੇ ਭਰੇ ਪ੍ਰੋਗਰਾਮ ਨੂੰ ਬੜਾਵਾ ਦੇਣ ਲਈ ਨਿਰਦੇਸ਼ ਜਾਰੀ

ਚੰਡੀਗੜ, 1 ਅਗਸਤ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਆਪਣੀ ਸਰਕਾਰ ਦੀਆਂ ਰੁੱਖ ਲਾਉਣ ਅਤੇ ਸੂਬੇ ਨੂੰ ਹਰਿਆ-ਭਰਿਆ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਦੇਣ ਲਈ ਅਨੇਕਾਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਕੰਪਨਸੇਟਰੀ ਅਫੋਰੈਸਟੇਸ਼ਨ ਮੈਨੇਜਮੈਂਟ ਐਂਡ ਪਲਾਨਿੰਗ ਅਥਾਰਟੀ (ਕੈਂਪਾ) ਦੇ ਹੇਠ 1100 ਕਰੋੜ ਰੁਪਏ ਦੇ ਸੂਬੇ ਦੇ ਹਿੱਸੇ ਨੂੰ ਤੁਰੰਤ ਜਾਰੀ ਕਰਾਉਣ ਲਈ ਕੇਂਦਰ ’ਤੇ ਦਬਾਅ ਪਾਉਣ ਵਾਸਤੇ ਜੰਗਲਾਤ ਵਿਭਾਗ ਨੂੰ ਆਖਿਆ ਹੈ।

ਮੁੱਖ ਮੰਤਰੀ ਪੰਜਾਬ ਕੈਂਪਾ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਕੈਂਪਾ ਦੇ ਹੇਠ ਸੂਬੇ ਨੂੰ ਹਰਿਆ-ਭਰਿਆ ਬਣਾਉਣ ਦੇ ਮਿਸ਼ਨ ਨੂੰ ਪੂਰਨ ਕਰਨ ਅਤੇ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਹੋਰ ਵਧਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕੈਂਪਾ ਦੇ ਲਈ ਪੰਜ ਸਾਲਾ ਭਵਿੱਖੀ ਯੋਜਨਾ (2019-25) ਦੇ ਨਾਲ ਸੰਮਲਿਤ ਹੋਣ ਦੇ ਵਾਸਤੇ ਵਧੀਕ ਮੁੱਖ ਸਕੱਤਰ ਜੰਗਲਾਤ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਜੰਗਲਾਤ ਵਿਭਾਗ ਦੇ ਅਸਰਦਾਇਕ ਵਿਕਾਸ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਉਹ ਸੂਬੇ ਦੇ ਜੰਗਲਾਤ ਮਾਹੌਲ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਗੇ।

ਇਸ ਮੌਕੇ ਮੁੱਖ ਮੰਤਰੀ ਨੇ ਸ਼ਹਿਰੀ ਇਲਾਕਿਆਂ ਵਿੱਚ ਆਈ ਹਰਿਆਲੀ ਮੋਬਾਇਲ ਐਪ ਜਾਰੀ ਕਰਨ ਤੋਂ ਇਲਾਵਾ ਔਸ਼ਧੀ ਗੁਣਾਂ ਪੌਦਿਆਂ ਨੂੰ ਲਾਉਣ ਦੀ ਮਹੱਤਤਾ ਬਾਰੇ ਇਕ ਕਿਤਾਬ ਵੀ ਜਾਰੀ ਕੀਤੀ।

ਮਗਨਰੇਗਾ ਦੀ ਸਹਾਇਤਾ ਨਾਲ ਕੈਂਪਾ ਦੇ ਹੇਠ ਪੌਦੇ ਲਾਉਣ ਦੀ ਸ਼ੁਰੂਆਤ ’ਚ ਪ੍ਰਮੁੱਖ ਸਕੱਤਰ ਦਿਹਾਤੀ ਵਿਕਾਸ ਅਤੇ ਪੰਚਾਇਤ ਵੱਲੋਂ ਦਿੱਤੇ ਗਏ ਸੁਝਾਅ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਜੰਗਲਾਤ ਅਤੇ ਵਾਤਾਵਰਣ ਦੇ ਕੇਂਦਰੀ ਮੰਤਰੀ ਕੋਲ ਇਹ ਮੁੱਦਾ ਨਿੱਜੀ ਤੌਰ ’ਤੇ ਉਠਾਉਣਗੇ।

ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਇਨਾਂ ਦੋਵਾਂ ਮੁੱਦਿਆਂ ਬਾਰੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਜੰਗਲਾਤ ਵਿਭਾਗ ਸੂਬਾਈ ਅਥਾਰਟੀ ਲਈ ਅਸਾਮੀਆਂ ਪੈਦਾ ਕਰਨ ਵਾਸਤੇ ਵਿੱਤ ਵਿਭਾਗ ਨਾਲ ਪੰਜ ਸਾਲਾ ਭਵਿੱਖੀ ਯੋਜਨਾ ਬਾਰੇ ਵਿਚਾਰ ਵਟਾਂਦਰਾ ਕਰੇਗਾ।

ਨਿੰਮ, ਕਿੱਕਰ, ਟਾਹਲੀ ਅਤੇ ਕਾਠਾ ਅੰਬ ਵਰਗੇ ਪੌਦਿਆਂ ਨੂੰ ਵਿਸ਼ੇਸ਼ ਤੌਰ ’ਤੇ ਸੜਕਾਂ ਦੇ ਦੁਆਲੇ ਲਾਏ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਅਤੇ ਲੋਕ ਨਿਰਮਾਣ ਵਿਭਾਗ ਦੇ ਨਾਲ ਮਿਲ ਕੇ ਪੌਦੇ ਲਾਉਣ ਲਈ ਤਿੱਖੀ ਮੁਹਿੰਮ ਸ਼ੁਰੂ ਕਰਨ ਵਾਸਤੇ ਜੰਗਲਾਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ।

ਉਨਾਂ ਨੇ ਸਾਰੀਆਂ ਪ੍ਰਮੁੱਖ ਸੜਕਾਂ ਦੁਆਲੇ ਇਹ ਪੌਦੇ ਲਾਏ ਜਾਣ ਦਾ ਸੁਝਾਅ ਦਿੱਤਾ ਹੈ ਜਿੱਥੇ ਚਾਰ ਮਾਰਗੀ ਸੜਕਾਂ ਕਰਨ ਨਾਲ ਦਰਖ਼ਤ ਕੱਟੇ ਗਏ ਹਨ। ਉਨਾਂ ਨੇ ਜ਼ੀਰਕਪੁਰ-ਬਠਿੰਡਾ ਸੜਕ ਅਤੇ ਪੁਰਾਣੀ ਮੁਗਲ ਰੋਡ, ਹੁਸ਼ਿਆਰਪੁਰ ਤੋਂ ਇਲਾਵਾ ਪਟਿਆਲਾ ਅਤੇ ਸੰਗਰੂਰ ਜ਼ਿਲਿਆਂ ਦੀਆਂ ਬੀੜਾਂ ਵਿੱਚ ਵੀ ਇਹ ਦਰਖ਼ਤ ਲਾਉਣ ਲਈ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ।

ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਜੰਗਲਾਤ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ । ਉਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਦੇ ਸਬੰਧ ’ਚ ਸੂਬੇ ਦੇ ਸਾਰੇ ਪਿੰਡਾਂ ਵਿੱਚ 550-550 ਪੌਦੇ ਲਾਉਣ ਦੀ ਸ਼ੁਰੂ ਕੀਤੀ ਮੁਹਿੰਮ ਦੀ ਖਾਸ ਤੌਰ ’ਤੇ ਸਰਾਹਨਾ ਕੀਤੀ।

ਉਨਾਂ ਨੇ ਇਸ ਮਿਸ਼ਨ ਦੀ ਸਫ਼ਲਤਾ ਲਈ ਵਿਭਾਗ ਨੂੰ ਸਖ਼ਤ ਕੋਸ਼ਿਸ਼ਾਂ ਕਰਨ ਲਈ ਆਖਿਆ ਤਾਂ ਜੋ ਪੌਦਿਆਂ ਦੀ ਸੰਭਾਲ ਨੂੰ ਢੁੱਕਵੇਂ ਤਰੀਕੇ ਨਾਲ ਯਕੀਨੀ ਬਣਾਇਆ ਜਾ ਸਕੇ। ਉਨਾਂ ਨੇ ਹਰੇਕ ਘਰ ਵਿੱਚ ਘੱਟੋ-ਘੱਟ ਇਕ ਫਲਦਾਰ ਬੂਟਾ ਲਾਏ ਜਾਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਪਿ੍ਰੰਸੀਪਲ ਚੀਫ਼ ਕੰਜਰਵੇਟਰ ਜੰਗਲਾਤ ਨੂੰ ਨਿਰਦੇਸ਼ ਦਿੱਤੇ ਹਨ।

ਮੀਟਿੰਗ ਵਿੱਚ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਏ.ਸੀ.ਐਸ. ਜੰਗਲਾਤ ਡਾ. ਰੋਸ਼ਨ ਸੰੁਕਾਰੀਆ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਯੋਜਨਾ ਜਸਪਾਲ ਸਿੰਘ, ਵਿੱਤ ਕਮਿਸ਼ਨਰ ਦਿਹਾਤੀ ਵਿਕਾਸ ਅਤੇ ਪੰਚਾਇਤ ਅਨੁਰਾਗ ਵਰਮਾ, ਪਿ੍ਰੰਸੀਪਲ ਚੀਫ਼ ਕੰਜਰਵੇਟਰ ਜੰਗਲਾਤ ਜਤਿੰਦਰ ਸ਼ਰਮਾ ਅਤੇ ਸੀ.ਈ.ਓ. ਕੈਂਪਾ ਪਰਵੀਨ ਕੁਮਾਰ ਵੀ ਹਾਜ਼ਰ ਸਨ।

Share News / Article

Yes Punjab - TOP STORIES