ਯੈੱਸ ਪੰਜਾਬ
ਚੰਡੀਗੜ੍ਹ, 14 ਫ਼ਰਵਰੀ, 2020:
ਪਠਾਨਕੋਟ ਵਿਚ ਤਾਇਨਾਤ ਇਕ ਨੌਜਵਾਨ ਜੱਜ ਦੀ ਇਨੋਵਾ ਚੰਡੀਗੜ੍ਹ ਵਿਚ ਹਾਦਸਾਗ੍ਰਸਤ ਹੋ ਗਈ। ਨਤੀਜੇ ਵਜੋਂ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਜੱਜ ਦੀ ਚੰਡੀਗੜ੍ਹ ਦੇ ਹਸਪਤਾਲ ਵਿਚ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਵਕੀਲ ਦੋਸਤ ਨੂੰ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਜਿੱਥੇ ਉਹ ਜ਼ੇਰ-ਏ-ਇਲਾਜ ਹੈ।
ਪਠਾਨਕੋਟ ਵਿਚ ਜੇ.ਐਮ.ਆਈ.ਸੀ. ਵਜੋਂ ਤੈਨਾਤ ਅਤੇ ਸੰਗਰੂਰ ਦੇ ਰਹਿਣ ਵਾਲੇ 28 ਸਾਲਾ ਜੱਜ ਸ੍ਰੀ ਸਾਹਿਲ ਸਿੰਗਲਾ ਆਪਣੇ 32 ਸਾਲਾ ਦੋਸਤ ਐਡਵੋਕੇਟ ਪਾਹੁਲ ਪ੍ਰੀਤ ਸਿੰਘ ਨਾਲ ਵੀਰਵਾਰ ਰਾਤ ਲਗਪਗ 2 ਵਜੇ ਚੰਡੀਗੜ੍ਹ ਵਿਚ ਗੱਡੀ ਚਲਾ ਰਹੇ ਸਨ ਜਦ ਉਨ੍ਹਾਂ ਦੀ ਇਨੋਵਾ ਸੈਕਟਰ 16 ਅਤੇ 23 ਵਿਚਾਲੇ ਇਕ ਡਿਵਾਈਡਰ ’ਤੇ ਲੱਗੇ ਪੋਲ ਨਾਲ ਜਾ ਟਕਰਾਈ ਜਿਸ ਦੇ ਸਿੱਟੇ ਵਜੋਂ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਦੋਹਾਂ ਨੂੰ ਪੀ.ਜੀ.ਆਈ.ਲਿਜਾਇਆ ਗਿਆ ਜਿੱਥੇ ਸ੍ਰੀ ਸਿੰਗਲਾ ਨੇ ਦਮ ਤੋੜ ਦਿੱਤਾ।
ਜ਼ਿਕਰਯੋਗ ਹੈ ਕਿ ਸ੍ਰੀ ਸਿੰਗਲਾ ਇੱਥੇ ਇਥ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਜੋ ਖ਼ੁਦ ਵੀ ਜੱਜ ਹਨ, ਕੁਝ ਹੋਰਨਾਂ ਔਰਤਾਂ ਨਾਲ ਆਪਣੇ ਪਤੀ ਦੀ ਗੱਡੀ ਦੇ ਪਿੱਛੇ ਹੀ ਦੂਜੀ ਕਾਰ ਵਿਚ ਆ ਰਹੀਆਂ ਸਨ। ਸ੍ਰੀ ਸਿੰਗਲਾ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵਿਚ ਠਹਿਰੇ ਹੋਏ ਸਨ।