ਪੰਜਾਬ ਦੇ ਕਾਂਗਰਸ ਆਗੂ ਸਿੱਖਾਂ ਦੇ ਕਾਤਿਲਾਂ ਨਾਲ ਨਾਤਾ ਤੋੜਣ ਦੀ ਨੈਤਿਕ ਦਲੇਰੀ ਵਿਖਾਉਣ: ਸੁਖ਼ਬੀਰ ਬਾਦਲ ਦਾ ਢੀਂਗਰਾ ਰਿਪੋਰਟ ’ਤੇ ਬਿਆਨ

ਚੰਡੀਗੜ੍ਹ, 16 ਜਨਵਰੀ, 2020:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਕਿਹਾ ਹੈ ਕਿ ਉਹ ਹਜ਼ਾਰਾਂ ਸਿੱਖ ਦੇ ਕਾਤਿਲਾਂ ਨਾਲ ਸਾਰੇ ਨਾਤੇ ਤੋੜਣ ਦੀ ਨੈਤਿਕ ਦਲੇਰੀ ਵਿਖਾਉਣ।

ਉਹਨਾਂ ਕਿਹਾ ਕਿ ਇਹਨਾਂ ਕਾਤਿਲਾਂ ਨੂੰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਸਿਰਫ ਹੱਲਾਸ਼ੇਰੀ ਹੀ ਨਹੀਂ ਸੀ ਦਿੱਤੀ ਗਈ, ਸਗੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਮੇਤ ਹਾਈ ਕਮਾਂਡ ਦੇ ਆਗੂਆਂ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੇ ਅੱਗੇ ਲੱਗ ਕੇ ਇਹਨਾਂ ਕਾਤਿਲਾਂ ਦੀ ਅਗਵਾਈ ਕੀਤੀ ਸੀ।

ਉਹਨਾਂ ਕਿਹਾ ਕਿ ਤੁੱਛ ਸਿਆਸੀ ਫਾਇਦਿਆਂ ਖਾਤਿਰ ਇਹਨਾਂ ਕਾਤਿਲਾਂ ਦੇ ਦਰਾਂ ਅੱਗੇ ਖੜ੍ਹ ਕੇ ਉਡੀਕ ਕਰਦਿਆਂ ਪੰਜਾਬ ਦੇ ਕਿਸੇ ਵੀ ਕਾਂਗਰਸੀ ਆਗੂ ਨੂੰ ਕਦੇ ਉਸ ਦੀ ਜ਼ਮੀਰ ਨੇ ਨਹੀਂ ਝੰਜੋੜਿਆ।

ਸਰਦਾਰ ਬਾਦਲ ਸਿੱਟ ਦੇ ਮੁਖੀ ਦਿੱਲੀ ਹਾਈਕੋਰਟ ਦੇ ਜਸਟਿਸ (ਸੇਵਾਮੁਕਤ) ਸ੍ਰੀ ਐਸ ਐਨ ਢੀਂਗਰਾ ਦੀ ਰਿਪੋਰਟ ਬਾਰੇ ਟਿੱਪਣੀਆਂ ਕਰ ਰਹੇ ਸਨ। ਉਹਨਾਂ ਕਿਹਾ ਕਿ ਇਸ ਰਿਪੋਰਟ ਨੇ ਕਾਂਗਰਸ ਦੇ ਅਪਰਾਧ ਦੇ ਆਖਰੀ ਕੱਜਣ ਚੁੱਕ ਦਿੱਤਾ ਹੈ ਅਤੇ ਸਾਬਿਤ ਕਰ ਦਿੱਤਾ ਹੈ ਕਿ 1984 ਵਿਚ ਸਿੱਖਾਂ ਦਾ ਕੀਤਾ ਕਤਲੇਆਮ ਇੱੱਕ ਯੋਜਨਾਬੱਧ ਨਸਲਕੁਸ਼ੀ ਸੀ।

ਪੰਜਾਬੀਆਂ ਨੂੰ ਵਿਸ਼ਵਾਸ਼ ਕਰਨਾ ਔਖਾ ਲੱਗ ਰਿਹਾ ਹੈ ਕਿ ਉਹਨਾਂ ਦੇ ਸੂਬੇ ਦੇ ਕਾਂਗਰਸੀ ਆਗੂ ਖਾਸ ਕਰਕੇ ਜੋ ਸਿੱਖ ਭਾਈਚਾਰੇ ਨਾਲ ਸੰਬੰਧਤ ਹਨ, ਉਹ ਆਪਣੇ ਨਿਰਦੋਸ਼ ਰਿਸ਼ਤੇਦਾਰਾਂ ਦੇ ਕਾਤਲਾਂ ਨਾਲ ਖਾਣਾ ਖਾਣ ਅਤੇ ਸ਼ਰਾਬਾਂ ਪੀਣ ਮਗਰੋਂ ਅਰਾਮ ਦੀ ਨੀਂਦ ਕਿਵੇਂ ਸੌਂ ਸਕਦੇ ਹਨ?

ਸਰਦਾਰ ਬਾਦਲ ਨੇ ਕਿਹਾ ਕਿ ਜਦੋਂ ਰਾਜੀਵ ਗਾਂਧੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਨੂੰ ਇਹ ਕਹਿ ਕੇ ਸਹੀ ਠਹਿਰਾਉਂਦਾ ਸੀ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ ਤਾਂ ਪੰਜਾਬ ਦੇ ਕਾਂਗਰਸੀ ਤਾੜੀਆਂ ਮਾਰਦੇ ਸਨ। ਉਹਨਾਂ ਕਿਹਾ ਕਿ ਰਾਜੀਵ ਗਾਂਧੀ ਦਰਅਸਲ ਭੁੱਲ ਗਿਆ ਸੀ ਕਿ ਦੁਨੀਆਂ ਦਾ ਕੋਈ ਵੀ ਦਰੱਖਤ ਇੰਨਾ ਵੱਡਾ ਨਹੀਂ ਹੁੰਦਾ ਕਿ ਉਹ ਦੁਨੀਆਂ ਨੂੰ ਕੰਬਣ ਲਾ ਦੇਵੇ।

ਜੋ ਕੁੱਝ 1984 ਵਿਚ ਵਾਪਰਿਆ ਸੀ, ਉਹ ਮਨੁੱਖਤਾ ਅਤੇ ਕੁਦਰਤ ਦਾ ਕਤਲੇਆਮ ਸੀ। ਆਉਣ ਵਾਲੀਆਂ ਸਦੀਆਂ ਤਕ ਕਾਂਗਰਸ ਪਾਰਟੀ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉਹਨਾਂ ਕਿਹਾ ਕਿ ਪਰ ਪੰਜਾਬ ਦੇ ਕਾਂਗਰਸੀ ਅਜੇ ਵੀ ਸੱਤਾ ਦੇ ਸੁੱਖ ਖਰੀਦਣ ਲਈ ਹਜ਼ਾਰਾਂ ਸਿੱਖਾਂ ਦੇ ਖੂਨ ਨੂੰ ਖੁਸ਼ੀ ਖੁਸ਼ੀ ਵੇਚ ਰਹੇ ਹਨ। ਪਰ ਉਹ ਕੁਦਰਤ ਦੇ ਇਨਸਾਫ ਤੋਂ ਕਦੇ ਨਹੀਂ ਬਚ ਪਾਉਣਗੇ।

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਆਦਾ ਦੇਰ ਨਹੀਂ ਲੱਗਣੀ ਇਸ ਦੇਸ਼ ਦਾ ਕਾਨੂੰਨ ਜਲਦੀ ਹੀ ਕਮਲ ਨਾਥ ਵਰਗਿਆਂ ਨੂੰ ਵੀ ਗਰਦਨ ਤੋਂ ਫੜ ਲਵੇਗਾ। ਉਹਨਾਂ ਕਿਹਾ ਕਿ ਅਸੀਂ ਦੇਸ਼ ਦੀ ਨਿਆਂਪਾਲਿਕਾ ਦੇ ਧੰਨਵਾਦੀ ਹਾਂ, ਜਿਸ ਨੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਪਰ ਨਿਆਂਪਾਲਿਕਾ ਨੂੰ ਵੀ ਅਪਰਾਧ ਦੇ ਤੱਥ ਇਸ ਅੱਗੇ ਰੱਖੇ ਜਾਣ ਦੀ ਲੋੜ ਹੁੰਦੀ ਹੈ। ਇਸ ਵਾਸਤੇ ਅਸੀਂ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਹੁਣ ਨਰਿੰਦਰ ਮੋਦੀ ਦੀ ਅਗਵਾਈ ਵਾਲੀਆਂ ਐਨਡੀਏ ਸਰਕਾਰਾਂ ਦੇ ਸ਼ੁਕਰਗੁਜ਼ਾਰ ਹਾਂ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪਿਛਲੇ 35 ਸਾਲਾਂ ਤੋਂ ਕਾਂਗਰਸ ਹਾਈ ਕਮਾਂਡ ਆਪਣਾ ਪਰਦਾਫਾਸ਼ ਹੋਣ ਦੇ ਡਰ ਤੋਂ ਇਸ ਕਤਲੇਆਮ ਲਈ ਵਰਤੇ ਗਏ ਉਹਨਾਂ ਨਿਰਦਈ ਅਪਰਾਧੀਆਂ ਨੂੰ ਬਚਾਉਂਦੀ ਆ ਰਹੀ ਹੈ। ਉਹਨਾਂ ਕਿਹਾ ਕਿ ਮਾਫੀਆ ਗੈਂਗ ਕਲਚਰ ਵਾਂਗ ਗਾਂਧੀਆਂ ਦਾ ਘਰ ਇਹਨਾਂ ਭਾੜੇ ਦੇ ਕਾਤਿਲਾਂ ਦੇ ਪਿੱਛੇ ਚੱਟਾਨ ਵਾਂਗ ਖੜ੍ਹਿਆ ਹੈ।

ਰਾਜੀਵ ਗਾਂਧੀ ਇਹਨਾਂ ਕਾਤਿਲਾਂ ਦਾ ਸਰਗਨਾ ਬਣ ਕੇ ਹੀ ਖੁਸ਼ ਨਹੀਂ ਸੀ ਹੋਇਆ, ਸਗੋਂ ਇਹਨਾਂ ਨੂੰ ਕੈਬਨਿਟ ਦੇ ਅਹੁਦਿਆਂ ਨਾਲ ਵੀ ਨਿਵਾਜਿਆ ਸੀ। ਇੱਕ ਤੋਂ ਬਾਅਦ ਇੱਕ ਦੇਸ਼ ਦੇ ਉੱਘੇ ਨਾਗਰਿਕ ਗਾਂਧੀ ਖਾਨਦਾਨ ਦੇ ਗੁੰੁਡਿਆਂ ਵੱਲੋਂ ਕਤਲੇਆਮ ਵਿਚ ਨਿਭਾਈ ਸਿੱਧੀ ਭੂਮਿਕਾ ਦੇ ਸਬੂਤ ਲੈ ਕੇ ਅੱਗੇ ਆ ਰਹੇ ਹਨ।

ਉਹਨਾਂ ਕਿਹਾ ਕਿ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਬਣੀ ਸਥਿਰ ਗੈਰ-ਕਾਂਗਰਸੀ ਸਰਕਾਰ ਮਗਰੋਂ ਹੀ ਕਾਂਗਰਸ ਦੀ ਅਲਮਾਰੀ ਵਿਚੋਂ ਇਸ ਅਪਰਾਧ ਦੇ ਪਿੰਜਰ ਬਾਹਰ ਆਉਣੇ ਸ਼ੁਰੂ ਹੋਏ ਸਨ।

ਸਰਦਾਰ ਬਾਦਲ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਚਹੇਤੇ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਸਮੇਤ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਤਾਕਤਵਰ ਕਾਤਿਲਾਂ ਦਾ ਕਦੇ ਵੀ ਪਰਦਾਫਾਸ਼ ਨਹੀਂ ਸੀ ਹੋਣਾ ਅਤੇ ਨਾ ਹੀ ਉਹਨਾਂ ਦੇ ਪਾਪਾਂ ਦੀ ਸਜ਼ਾ ਮਿਲਣੀ ਸ਼ੁਰੂ ਹੋਣੀ ਸੀ, ਜੇਕਰ ਵਾਜਪਾਈ ਸਾਹਿਬ ਨੇ ਇਸ ਮਾਮਲੇ ਵਿਚ ਨਿੱਜੀ ਅਤੇ ਮਾਨਵਵਾਦੀ ਰੁਚੀ ਨਾ ਵਿਖਾਈ ਹੁੰਦੀ।

ਉਹਨਾਂ ਕਿਹਾ ਕਿ ਪਰ ਪੰਜਾਬ ਵਿਚ ਸਾਰਿਆਂ ਨੂੰ ਇਹ ਗੱਲ ਹੈਰਾਨ ਕਰਦੀ ਹੈ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਆਪਣੇ ਭਾਈਚਾਰੇ ਦੇ ਕਾਤਿਲਾਂ ਦੀ ਸੇਵਾ ਕਰਨਾ ਫਿਰ ਵੀ ਜਾਰੀ ਰੱਖਿਆ ਅਤੇ ਅਜੇ ਵੀ ਕਰ ਰਹੇ ਹਨ।

Share News / Article

Yes Punjab - TOP STORIES