ਪੰਜਾਬ ਦੀ ਖ਼ੇਡ ਯੂਨੀਵਰਸਿਟੀ ਦਾ ਨਾਂਅ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂਅ ’ਤੇ ਰੱਖਣ ਦੀ ਵਿਰੋਧਤਾ ਸ਼ੁਰੂ, ਬੀਰ ਦਵਿੰਦਰ ਸਿੰਘ ਨੇ ਚੁੱਕੇ ਸਵਾਲ

ਯੈੱਸ ਪੰਜਾਬ
ਪਟਿਆਲਾ 31 ਜੁਲਾਈ, 2019:

ਪੰਜਾਬ ਦੀ ਪਹਿਲੀ ਖ਼ੇਡ ਯੂਨੀਵਰਸਿਟੀ ਦਾ ਨਾਂਅ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂਅ ’ਤੇ ਰੱਖਣ ਦੀ ਵਿਰੋਧਤਾ ਸ਼ੁਰੂ ਹੋ ਗਈ ਹੈ ਅਤੇ ਇਸ ਕੰਮ ਦਾ ਮੁੱਢ ਬੰਨਿ੍ਹਆਂ ਹੈ ਕੈਪਟਨ ਅਮਰਿੰਦਰ ਸਿੰਘ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਸ਼ਾਹੀ ਸਹਿਰ ਦੇ ਸਾਬਕਾ ਕਾਂਗਰਸ ਆਗੂ ਅਤੇ ਸਾਬਕਾ ਡਿਪਟੀ ਸਪੀਕਰ ਸ: ਬੀਰਦਵਿੰਦਰ ਸਿੰਘ ਨੇ।

ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਪੰਜਾਬ ਦੀ ਪਹਿਲੀ ਖ਼ੇਡ ਯੂਨੀਵਰਸਿਟੀ ਦਾ ਨਾਂਅ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂਅ ’ਤੇ ਰੱਖੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ।

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਸਨ।

ਇਸ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ: ਬੀਰਦਵਿੰਦਰ ਸਿੰਘ ਨੇ ਸਖ਼ਤ ਸ਼ਬਦਾਵਲੀ ਵਾਲੇ ਆਪਣੇ ਪ੍ਰੈਸ ਨੋਟ ਵਿਚ ਇਸ ਦੀ ਕਰੜੀ ਵਿਰੋਧਤਾ ਕਰਦਿਆਂ ਇਸ ਫ਼ੈਸਲੇ ’ਤੇ ਮੋਹਰ ਲਾਉਣ ਵਾਲੇ ਵਜ਼ੀਰਾਂ ਦੀ ਵੀ ਸਖ਼ਤ ਸ਼ਬਦਾਂ ਵਿਚ ਅਲੋਚਨਾ ਕੀਤੀ ਹੈ।

ਸ: ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਖ਼ੇਡ ਯੂਨੀਵਰਸਿਟੀ ਦਾ ਨਾਂਅ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂਅ ’ਤ ਰੱਖਣਾ ਹੀ ਹੈ ਤਾਂ ਪਟਿਆਲਾ ਵਿਚੋਂ ਮਹਾਤਮਾ ਗਾਂਧੀ ਅਤੇ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਹਟਵਾ ਦਿੱਤੇ ਜਾਣ।

ਸ: ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਆਮ ਕਰਕੇ ਅਤੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਖ਼ਾਸ ਕਰਕੇ, ਇਸ ਬੇਹੱਦ ਵਿਪਰੀਤ ਪ੍ਰਸਤਾਵ ਦਾ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਹ ਮੰਗ ਕਰਨੀ ਚਾਹੀਦੀ ਹੈ ਕਿ ਇਸ ਪ੍ਰਸਤਾਵਤ ਖ਼ੇਡ ਯੂਨੀਵਰਸਿਟੀ ਦਾ ਨਾਂਅ ਕੇਵਲ ਪੰਜਾਬ ਖ਼ੇਡ ਯੂਨੀਵਰਸਿਟੀ ਹੀ ਹੋਣਾ ਚਾਹੀਦਾ ਹੈ, ਹੋਰ ਕੁਝ ਨਹੀਂ।

Share News / Article

Yes Punjab - TOP STORIES