ਯੈੱਸ ਪੰਜਾਬ
ਜਲੰਧਰ 16 ਜਨਵਰੀ , 2023:
ਜੇ.ਐਲ ਪ੍ਰੋਡਕਸ਼ਨਜ਼ ਦੇ ਡਾਇਰੈਕਟਰ ਮਹਿਤਾਬ ਚੌਹਾਨ ਅਤੇ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਸ਼ਖਸੀਅਤ ਜਰਨੈਲ ਘੁਮਾਣ ਵਲੋਂ ਅਜ ਜਲੰਧਰ ਵਿਖੇ ਆਯੋਜਿਤ ਇਕ ਪ੍ਰੇਸ ਕਾਨਫਰੰਸ ਵਿਚ ਪੰਜਾਬ ਦੇ ਉੱਭਰਦੇ ਗਾਇਕਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਦੀ ਕਲਾ ਨੂੰ ਤਰਾਸ਼ਣ ਲਈ “ਗਾਉਂਦਾ ਪੰਜਾਬ-ਇਕ ਪਿੰਡ ਇਕ ਕਲਾਕਰ” ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦਾ ਏਲਾਨ ਕੀਤਾ ਗਯਾ ।
ਇਸ ਵਿਲੱਖਣ ਪਲੇਟਫਾਰਮ ਬਾਰੇ ਗੱਲ ਕਰਦੇ ਹੋਏ, ਜੇ ਐਲ ਪ੍ਰੋਡਕਸ਼ਨ ਦੇ ਨਿਰਦੇਸ਼ਕ ਅਤੇ ਸ਼ੋਅ ਦੇ ਕ੍ਰਿਏਟਿਵ ਹੈੱਡ ਜਰਨੈਲ ਸਿੰਘ ਘੁਮਾਣ ਨੇ ਕਿਹਾ, “ਇਸ ਪ੍ਰੋਗਰਾਮ ਦਾ ਟੀਚਾ ਪੰਜਾਬ ਦੇ ਹਰ ਕੋਨੇ ਤੋਂ ਗੁਣਵੱਤਾ ਨਾਲ ਭਰਪੂਰ ਹੁਨਰ ਨੂੰ ਬਾਹਰ ਕੱਢ ਕੇ ਤਰਾਸ਼ਣਾ ਹੈ ਅਤੇ ਉਹ ਪਲੇਟਫਾਰਮ ਦੇਣਾ ਜਿਸ ਦੇ ਉਹ ਅਸਲ ਹੱਕਦਾਰ ਹਨ।” ਉਨ੍ਹਾ ਨੇ ਦੱਸਿਆ ਕਿ “ਗਾਉਂਦਾ ਪੰਜਾਬ” ਪ੍ਰੋਗਰਾਮ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਦੂਰ-ਦੁਰਾਡੇ ਪੰਜਾਬ ਦੇ ਕੋਨੇ-ਕੋਨੇ ਤੋਂ ਹੋਣਹਾਰ ਉਭਰਦੇ ਕਲਾਕਾਰਾਂ, ਗਾਇਕਾਂ, ਲੇਖਕਾਂ ਅਤੇ ਸੰਗੀਤਕਾਰਾਂ ਤੱਕ ਪੁਹੰਚਣ ਦੀ ਪੂਰੀ ਕੋਸ਼ਿਸ਼ ਕਰੇਗਾ। ਸੂਬੇ ਦੇ ਕੋਨੇ-ਕੋਨੇ ਤੋਂ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ, ਸੋਸ਼ਲ ਕਲੱਬਾਂ ਆਦਿ ਤੋਂ ਸ਼ੁਰੂ ਹੋ ਕੇ ਜ਼ਮੀਨੀ ਪੱਧਰ ‘ਤੇ ਆਡੀਸ਼ਨ ਲਏ ਜਾਣਗੇ। ਇਸ ਪ੍ਰੋਗਰਾਮ ‘ਚ ਭਾਗ ਲੈਣ ਲਈ ਪ੍ਰਤੀਯੋਗੀਆਂ ਲਈ ਉਮਰ ਸੀਮਾ 15 ਸਾਲ ਤੋਂ 35 ਸਾਲ ਤੱਕ ਹੈ। “ਜੇ.ਐਲ.ਪੀ.ਐਲ.-ਗਾਉਂਦਾ ਪੰਜਾਬ ਪ੍ਰੋਗਰਾਮ ਦੇ ਕੁੱਲ 26 ਸ਼ੋਅ ਕਰਵਾਏ ਜਾਣਗੇ, ਜਿਸ ਵਿੱਚ ਲਗਭਗ 600 ਉੱਭਰਦੇ ਗਾਇਕਾਂ ਨੂੰ ਆਪਣੇ ਹੁਨਰ ਅਤੇ ਪ੍ਰਤਿਭਾ ਨੂੰ ਪੇਸ਼ ਕਰਨ ਦਾ ਮੌਕਾ ਮਿਲੇਗਾ।
ਜੇ.ਐਲ ਪ੍ਰੋਡਕਸ਼ਨ ਦੇ ਡਾਇਰੈਕਟਰ ਮਹਿਤਾਬ ਚੌਹਾਨ ਨੇ ਕਿਹਾ, “ਗਾਉਂਦਾ ਪੰਜਾਬ” ਇੱਕ ਅਜਿਹਾ ਪਲੇਟਫਾਰਮ ਹੈ ਜੋ ਪੰਜਾਬ ਦੇ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਦੁਨੀਆਂ ਭਰ ਦੇ ਸਰੋਤਿਆਂ ਨਾਲ ਜੋੜਨ ਵਿੱਚ ਮਦਦ ਕਰੇਗਾ। ਸ਼ੋਅ ਦੇ ਪ੍ਰਮੁੱਖ ਕਲਾਕਾਰਾਂ ਨੂੰ “ਜੇਐਲਪੀਐਲ-ਗਾਉਂਦਾ ਪੰਜਾਬ” ਟੀਮ ਦੁਆਰਾ ਲਾਈਵ ਪ੍ਰਦਰਸ਼ਨ ਅਤੇ ਸਟੂਡੀਓ ਰਿਕਾਰਡਿੰਗ ਲਈ ਤਿਆਰ ਕੀਤਾ ਜਾਵੇਗਾ ਅਤੇ ਉਹ ਜੇ ਐਲ ਪ੍ਰੋਡਕਸ਼ਨ ਦੁਆਰਾ ਪ੍ਰਮੋਟ ਵੀ ਕੀਤੇ ਜਾਣਗੇ| ਇਸ ਤੋਂ ਇਲਾਵਾ ਜੇ ਐੱਲ ਪ੍ਰੋਡਕਸ਼ਨ ਵੱਲੋਂ “ਗਾਉਂਦਾ ਪੰਜਾਬ” ਸ਼ੋਅ ਵਿੱਚ ਭਾਗ ਲੈਣ ਵਾਲੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦੇ ਕਈ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਪ੍ਰੋਗਰਾਮ ਨਾਲ ਸਬੰਧਤ ਪ੍ਰੈਸ ਕਾਨਫਰੰਸਾਂ ਵੀ ਕਰਵਾਈਆਂ ਜਾਣਗੀਆਂ |
ਪਹਿਲਾ ਆਡੀਸ਼ਨ ਜਲੰਧਰ ਵਿੱਚ 17 ਜਨਵਰੀ, 2023 ਨੂੰ ਸੀ.ਟੀ ਗਰੁੱਪ ਆਫ਼ ਇੰਸਟੀਚਿਊਟਸ ਵਿੱਚ ਹੋਵੇਗਾ। ਭਾਗ ਲੈਣ ਵਾਲੇ www.gaundapunjab.live ਪੋਰਟਲ ‘ਤੇ ਮੁਫ਼ਤ ‘ਚ ਆਨਲਾਈਨ ਰਜਿਸਟਰ ਕਰ ਸਕਦੇ ਹਨ |
ਇਸ ਸ਼ੋਅ ਨੂੰ ਭਾਰਤ ‘ਚ “ਬੱਲੇ ਬੱਲੇ” ਤੇ “ਦੀ ਅਨਮਿਊਟ” ‘ਤੇ ਪ੍ਰਸਾਰਿਤ ਕੀਤਾ ਜਾਵੇਗਾ | ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਲਈ “ਜਸ ਪੰਜਾਬੀ” ‘ਤੇ ਹਫ਼ਤਾਵਾਰੀ ਪ੍ਰਸਾਰਿਤ ਕੀਤਾ ਜਾਵੇਗਾ। “ਗਾਉਂਦਾ ਪੰਜਾਬ” ਕਈ ਓਟੀਟੀ ਪਲੇਟਫਾਰਮਾਂ ‘ਤੇ ਵੀ ਪ੍ਰਸਾਰਿਤ ਹੋਵੇਗਾ ਅਤੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਯੂਟਿਊਬ ਅਤੇ ਫੇਸਬੁੱਕ ‘ਤੇ ਸੋਸ਼ਲ ਮੀਡੀਆ ਹੈਂਡਲ ” ਜੇ ਐੱਲ ਰਿਕਾਰਡਸ ” ਤੇ ਕੀਤਾ ਜਾਵੇਗਾ।
ਅੱਜ ਦੀ ਪ੍ਰੇਸ ਕਾਨਫਰੰਸ ਵਿਚ ਜੇਐਲਪੀਐਲ ਦੇ ਡਾਇਰੈਕਟਰ ਪਰਮਜੀਤ ਸਿੰਘ ਚੌਹਾਨ, ਸ਼ਿਪਰਾ ਚੌਹਾਨ, ਚੀਫ਼ ਕੋਆਰਡੀਨੇਟਰ ਫੂਲਰਾਜ ਸਿੰਘ ਅਤੇ ਸ਼ੋਅ ਦੇ ਡਾਇਰੈਕਟਰ ਧਰਮਿੰਦਰ ਆਨੰਦ ਵੀ ਮੌਜੂਦ ਸਨ ਜਿਨ੍ਹਾ ਵਲੋਂ “ਗਾਉਂਦਾ ਪੰਜਾਬ-ਇਕ ਪਿੰਡ ਇਕ ਕਲਾਕਰ” ਪ੍ਰੋਗਰਾਮ ਦੀ ਪੂਰੀ ਜਾਣਕਾਰੀ ਦਿੱਤੀ ਗਈ |