ਪੰਜਾਬ ਦੀਆਂ ਮੰਡੀਆਂ ’ਚ ਤੇਜ਼ਾਬ ਨਾਲ ਅਦਰਕ ਧੋਣ ਦਾ ਕੋਈ ਮਾਮਲਾ ਨਹੀਂ: ਪਨੂੰ

ਚੰਡੀਗੜ੍ਹ, 30 ਅਗਸਤ, 2019 –

ਮੰਡੀਆਂ ਵਿੱਚ ਤੇਜ਼ਾਬ ਨਾਲ ਧੋਤੇ ਅਦਰਕ ਦੀ ਵਿਕਰੀ ਸਬੰਧੀ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ, ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸ਼ੁੱਕਰਵਾਰ ਨੂੰ ਸੂਬੇ ਭਰ ਦੀਆਂ 31 ਫ਼ਲ ਅਤੇ ਸਬਜ਼ੀ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ, ਸ. ਕੇ.ਐਸ. ਪਨੂੰ ਨੇ ਦਿੱਤੀ।

ਡਵੀਜ਼ਨ, ਜ਼ਿਲ੍ਹਾ ਅਤੇ ਮਾਰਕੀਟ ਕਮੇਟੀ ਪੱਧਰ ’ਤੇ ਗਠਿਤ ਟੀਮਾਂ ਨੂੰ ਇਹ ਜ਼ਿੰਮਾ ਸੌਂਪਿਆ ਗਿਆ। ਮੰਡੀ ਬੋਰਡ, ਫੂਡ ਸੇਫਟੀ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀਆਂ ਇਨ੍ਹਾਂ ਟੀਮਾਂ ਨੇ ਮੰਡੀਆਂ ਵਿੱਚ ਹਾਨੀਕਾਰਕ ਅਦਰਕ ਦੇ ਨਾਲ ਨਾਲ ਗਲੇ-ਸੜੇ ਅਤੇ ਗੈਰ ਵਿਗਿਆਨਿਕ ਢੰਗ ਨਾਲ ਪਕਾਏ ਫਲਾਂ ਅਤੇ ਸਬਜ਼ੀਆਂ ਲੱਭਣ ਲਈ ਚੈਕਿੰਗ ਕੀਤੀ।

ਹਾਨੀਕਾਰਕ ਅਦਰਕ ਦੀ ਵਿਕਰੀ ਸਬੰਧੀ ਡਰ ਨੂੰ ਦੂਰ ਕਰਦਿਆਂ ਸ. ਪਨੂੰ ਨੇ ਦੱਸਿਆ ਕਿ ਸਬਜ਼ੀ ਮੰਡੀਆਂ ਵਿੱਚ ਤੇਜ਼ਾਬ ਨਾਲ ਧੋਤਾ ਅਜਿਹਾ ਕੋਈ ਅਦਰਕ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਚੈਕਿੰਗ ਦੌਰਾਨ ਤਕਰੀਬਨ 140.40 ਕੁਇੰਟਲ ਗਲੇ ਸੜੇ ਫਲ ਅਤੇ ਸਬਜ਼ੀਆਂ ਮਿਲੀਆਂ ਜਿਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਤੇਜ਼ਾਬ ਨਾਲ ਧੋਤੇ ਅਦਰਕ ਦੀ ਵਿਕਰੀ ਸਬੰਧੀ ਸ਼ੋਸ਼ਲ ਮੀਡੀਆ ’ਤੇ ਪੋਸਟਾਂ ਵਾਇਰਲ ਹੋਣ ਦੇ ਨਾਲ-ਨਾਲ ਕਈ ਨਿਊਜ਼ ਚੈਨਲਾਂ ’ਤੇ ਵੀ ਇਸ ਸਬੰਧੀ ਸੂਚਨਾ ਦਿੱਤੀ ਜਾ ਰਹੀ ਹੈ। ਤੇਜ਼ਾਬ ਨਾਲ ਅਦਰਕ ਧੋਣ ਨਾਲ ਇਹ ਦੇਖਣ ਨੂੰ ਕਾਫ਼ੀ ਆਕਰਸ਼ਕ ਲਗਦਾ ਹੈ ਜਿਸ ਕਰਕੇ ਵਧੀਆ ਕੁਆਲਿਟੀ ਦਾ ਮੰਨਿਆ ਜਾਂਦਾ ਹੈ, ਜਿਸ ਨਾਲ ਇਸਦੀ ਵਿਕਰੀ ਵਧਦੀ ਹੈ। ਇਸ ਲਈ ਸਬਜ਼ੀ ਮੰਡੀਆਂ ਦੀ ਵੱਡੇ ਪੱਧਰ ’ਤੇ ਚੈਕਿੰਗ ਕੀਤੀ ਗਈ। ਸ. ਪਨੂੰ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

ਇਸ ਛਾਪੇਮਾਰੀ ਦੌਰਾਨ ਸੰਗਰੂਰ ਵਿੱਚ 1.80 ਕੁਇੰਟਲ, ਪਟਿਆਲਾ ਵਿੱਚ 2.70 ਕੁਇੰਟਲ, ਲੁਧਿਆਣਾ ਵਿੱਚ 1.70 ਕੁਇੰਟਲ, ਖੰਨਾ ਵਿੱਚ 5 ਕੁਇੰਟਲ, ਜਗਰਾਉਂ ਵਿੱਚ 1.5 ਕੁਇੰਟਲ, ਹੁਸ਼ਿਆਰਪੁਰ ਵਿੱਚ 14 ਕੁਇੰਟਲ, ਨਵਾਂਸ਼ਹਿਰ ਵਿੱਚ 0.7 ਕੁਇੰਟਲ, ਬਲਾਚੌਰ ਵਿੱਚ 54 ਕੁਇੰਟਲ, ਤਰਨ ਤਾਰਨ ਵਿੱਚ 0.45 ਕੁਇੰਟਲ, ਕਪੂਰਥਲਾ ਵਿੱਚ 0.26, ਜਲੰਧਰ ਵਿੱਚ 0.18 ਕੁਇੰਟਲ, ਅੰਮਿ੍ਰਤਸਰ ਵਿੱਚ 1.5 ਕੁਇੰਟਲ, ਪਠਾਨਕੋਟ ਵਿੱਚ 0.65 ਅਤੇ ਬਟਾਲਾ ਵਿੱਚ 1.67 ਕੁਇੰਟਲ ਗਲੇ-ਸੜੇ ਫ਼ਲ ਅਤੇ ਸਬਜ਼ੀਆਂ ਮਿਲੀਆਂ।

Share News / Article

Yes Punjab - TOP STORIES