ਪੰਜਾਬ ਦਾ ਇਹ ਕਿਸਾਨ ‘ਹੈਪੀ ਸੀਡਰ’ ਨਾਲ ‘ਹੈਪੀ’ – ਵਾਤਾਵਰਨ ਦਾ ਰਾਖ਼ਾ ਬਣਿਆ ਗਗਨਜੀਤ ਸਿੰਘ

ਭਵਾਨੀਗੜ/ਸੰਗਰੂਰ, 5 ਅਕਤੂਬਰ, 2019 –
ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਬੂਰ ਪੈਣ ਲੱਗਿਆ ਹੈ। ਜ਼ਿਲਾ ਸੰਗਰੂਰ ਵਿਚ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਾਏ ਜਾ ਰਹੇ ਜਾਗਰੂਕਤਾ ਕੈਂਪਾਂ ਤੇ ਹੋਰ ਸਾਰਥਕ ਗਤੀਵਿਧੀਆਂ ਬਦੌਲਤ ਕਿਸਾਨ ਪਰਾਲੀ ਸਾੜਨ ਦੀ ਬਜਾਏ ਇਸ ਦਾ ਵਾਤਾਵਰਣ ਪੱਖੀ ਨਿਬੇੜਾ ਕਰ ਰਹੇ ਹਨ। ਅਜਿਹੇ ਹੀ ਕਿਸਾਨਾਂ ’ਚ ਸ਼ਾਮਿਲ ਹੈ, ਜ਼ਿਲੇ ਦੇ ਪਿੰਡ ਘਾਬਦਾਂ ਦਾ 28 ਸਾਲਾ ਕਿਸਾਨ ਗਗਨਜੀਤ ਸਿੰਘ।

ਗਗਨਜੀਤ ਸਿੰਘ ਨੇ ਦੱਸਿਆ ਕਿ ਉਹ ਬਾਰਵੀਂ ਪਾਸ ਹੈ ਤੇ ਪਿਛਲੇ 10 ਸਾਲਾਂ ਤੋਂ ਆਪਣੇ ਪਿਤਾ ਨਾਲ ਖੇਤੀ ਵਿਚ ਹੱਥ ਵਟਾ ਰਿਹਾ ਹੈ। ਉਨਾਂ ਦੇ ਪਰਿਵਾਰ ਕੋਲ 10 ਏਕੜ ਜ਼ਮੀਨ ਹੈ ਤੇ ਕੁਝ ਜ਼ਮੀਨ ਉਹ ਠੇਕੇ ’ਤੇ ਲੈ ਕੇ ਖੇਤੀ ਕਰਦੇ ਹਨ।

ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਸ ਨੇ ਪਿਛਲੇ 4 ਸਾਲਾਂ ਤੋਂ ਨਾ ਤਾਂ ਕਦੇ ਝੋਨੇ ਦੀ ਪਰਾਲੀ ਸਾੜੀ ਹੈ ਅਤੇ ਨਾ ਹੀ ਕਦੇ ਕਣਕ ਦੇ ਨਾੜ ਨੂੰ ਅੱਗ ਲਾਈ ਹੈ। ਗਗਨਜੀਤ ਦਾ ਕਹਿਣਾ ਹੈ ਕਿ ਉਸ ਨੂੰ ਕੁਦਰਤ ਨਾਲ ਬਹੁਤ ਪਿਆਰ ਹੈ।

ਉਸ ਨੇ ਪਿਛਲੇ ਸਾਲਾਂ ਦੌਰਾਨ ਦੇਖਿਆ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਬਹੁਤ ਗੰਧਲਾ ਹੋ ਰਿਹਾ ਹੈ, ਜਿਸ ਨਾਲ ਮਨੁੱਖਾਂ, ਹੋਰ ਜੀਵ-ਜੰਤੂਆਂ ਨੂੰ ਨੁਕਸਾਨ ਹੋਣ ਦੇ ਨਾਲ ਨਾਲ ਜ਼ਮੀਨ ਦੀ ਉਪਜਾੳੂ ਸ਼ਕਤੀ ਵੀ ਘਟ ਰਹੀ ਹੈ ਤਾਂ ਉਸ ਨੇ ਪਰਾਲੀ ਨਾ ਸਾੜਨ ਦੀ ਧਾਰ ਲਈ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਸੇਧ ਲਈ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਪਹਿਲੀ ਵਾਰ 2015 ਵਿੱਚ ਪਰਾਲੀ ਨਾ ਸਾੜਨ ਦਾ ਤਜਰਬਾ ਕੀਤਾ ਸੀ। ਪਹਿਲਾਂ ਉਹ ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਗੱਠਾ ਬਣਾੳਂੁਦੇ ਸਨ ਤੇ ਉਸ ਮਗਰੋਂ ਉਨਾਂ ਨੇ ਹੈਪੀ ਸੀਡਰ ਰਾਹੀਂ ਕਣਕ ਦੀ ਬਿਜਾਈ ਸ਼ੁਰੂ ਕਰ ਦਿੱਤੀ।

ਗਗਨਜੀਤ ਸਿੰਘ ਆਖਦਾ ਹੈ ਕਿ ਪਰਾਲੀ ਨਾ ਸਾੜਨ ਕਾਰਨ ਉਸ ਦੇ ਖੇਤਾਂ ਦੀ ਉਪਜਾੳੂ ਸ਼ਕਤੀ ਵੀ ਵਧੀ ਹੈ ਤੇ ਉੁਸ ਨੂੰ ਫਸਲ ਦਾ ਬੰਪਰ ਝਾੜ ਮਿਲਣ ਲੱਗਾ ਹੈ। ਉਸ ਨੇ ਆਖਿਆ ਕਿ ਉਹ ਹੋਰ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਦਾ ਹੈ ਤਾਂ ਜੋ ਅਸੀਂ ਆਪਣੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾ ਸਕੀਏ।

ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਲੈਣ ਦਾ ਸੱਦਾ
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਗਗਨਜੀਤ ਵਰਗੇ ਉਦਮੀ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਦੇ ਸੁਚੱਜੇ ਨਿਬੇੜੇ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ, ਇਸ ਤਹਿਤ ਸਬੰਧਤ ਖੇਤੀ ਸੰਦਾਂ ’ਤੇ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਕਿਸਾਨ ਇਸ ਸਬਸਿਡੀ ਦਾ ਲਾਭ ਲੈ ਕੇ ਵਾਤਾਵਰਨ ਸੰਭਾਲ ਵਿਚ ਯੋਗਦਾਨ ਪਾਉਣ।

ਖੇਤੀ ਵਿਭਾਗ ਦੇ ਸੁਝਾਏ ਤਰੀਕੇ ਅਪਣਾਉਣ ਕਿਸਾਨ: ਮੁੱਖ ਖੇਤੀਬਾੜੀ ਅਫਸਰ
ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਆਖਿਆ ਕਿ ਗਗਨਜੀਤ ਸਿੰਘ ਵਰਗੇ ਕਿਸਾਨ ਹੋਰਨਾਂ ਲਈ ਪ੍ਰੇਰਨਾਸ੍ਰੋਤ ਹਨ ਅਤੇ ਬਾਕੀ ਕਿਸਾਨ ਅਜਿਹੇ ਅਗਾਂਹਵਧੂ ਕਿਸਾਨਾਂ ਦੇ ਤਜਰਬਿਆਂ ਤੋਂ ਬਹੁਤ ਸਿੱਖਦੇ ਹਨ। ਉਨਾਂ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਵਾਤਾਵਰਨ ਪੱਖੀ ਤਰੀਕਿਆਂ ਨਾਲ ਪਰਾਲੀ ਦਾ ਨਿਬੇੜਾ ਕਰਨ।

Share News / Article

Yes Punjab - TOP STORIES