ਪੰਜਾਬ ਡੈਮੋਕਰੈਟਿਕ ਅਲਾਇੰਸ ਵੱਲੋਂ ਮੋਦੀ ਤੇ ਕੈਪਟਨ ਸਰਕਾਰਾਂ ਦੀਆਂ ਤਾਨਾਸ਼ਾਹ ਅਤੇ ਫੁੱਟ ਪਾਊ ਨੀਤੀਆਂ ਦੇ ਵਿਰੋਧ ਦਾ ਐਲਾਨ

ਪਟਿਆਲਾ, 14 ਸਤੰਬਰ, 2019 –

ਦੇਸ਼ ਅਤੇ ਸੂਬੇ ਦੇ ਮੋਜੂਦਾ ਸਿਆਸੀ ਹਲਾਤਾਂ ਅਤੇ ਜਨਤਕ ਮੁੱਦਿਆਂ ਸਬੰਧੀ ਭਵਿੱਖ ਦੀ ਰਣਨੀਤੀ ਬਣਾਉਣ ਲਈ ਪੰਜਾਬ ਡੈਮੋਕ੍ਰੇਟਿਕ ਅਲਾਂਇੰਸ ਦੀ ਮੀਟਿੰਗ ਪਟਿਆਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਮੁੱਖ ਤੋਰ ਉੱਪਰ ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਬਸਪਾ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ, ਸੀ.ਪੀ.ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸੀ.ਪੀ.ਆਈ ਦੇ ਨੈਸ਼ਨਲ ਕੋਂਸਲ ਮੈਂਬਰ ਨਿਰਮਲ ਸਿੰਘ ਧਾਲੀਵਾਲ, ਆਰ.ਐਮ.ਪੀ.ਆਈ ਦੇ ਨੈਸ਼ਨਲ ਸਕੱਤਰ ਮੰਗਤ ਰਾਮ ਪਾਸਲਾ, ਨਵਾਂ ਪੰਜਾਬ ਪਾਰਟੀ ਪ੍ਰਧਾਨ ਡਾ. ਧਰਮਵੀਰ ਗਾਂਧੀ, ਐਮ.ਸੀ.ਪੀ.ਆਈ(ਯੂ) ਦੇ ਆਗੂ ਕਿਰਨਜੀਤ ਸਿੰਘ ਸੇਖੋਂ ਅਤੇ ਪੰਜਾਬ ਏਕਤਾ ਪਾਰਟੀ ਦੇ ਜਨਰਲ ਸਕੱਤਰ ਰਛਪਾਲ ਸਿੰਘ ਜੋੜਾਮਾਜਰਾ ਸ਼ਾਮਿਲ ਹੋਏ।

ਤਿੰਨ ਘੰਟੇ ਚੱਲੀ ਲੰਮੀ ਮੀਟਿੰਗ ਵਿੱਚ ਹੋਈ ਵਿਸਥਾਰਪੂਰਵਕ ਚਰਚਾ ਦੋਰਾਨ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਪੀ.ਡੀ.ਏ ਨਿਰੰਤਰ ਸੰਘਰਸ਼ ਸ਼ੁਰੂ ਕਰੇਗੀ। ਆਗੂਆਂ ਨੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਜਨਤਾ ਦੇ ਮੁੱਦਿਆਂ ਜਿਵੇਂ ਕਿ ਭ੍ਰਿਸ਼ਟਾਚਾਰ, ਬੇਰੋਜਗਾਰੀ, ਅਮਨ ਕਾਨੂੰਨ ਦੀ ਸਥਿਤੀ, ਮਹਿੰਗੀ ਬਿਜਲੀ, ਕਰਮਚਾਰੀਆਂ ਅਤੇ ਠੇਕੇ ਦੇ ਮੁਲਾਜਮਾਂ ਦੇ ਮੁੱਦੇ, ਟਰਾਂਸਪੋਰਟ ਮਾਫੀਆ, ਮਾਈਨਿੰਗ ਮਾਫੀਆ, ਖੇਤੀਬਾੜੀ ਦੀਆਂ ਮੁਸ਼ਕਿਲਾਂ, ਕਿਸਾਨਾਂ ਅਤੇ ਬੇਜਮੀਨੇ ਮਜਦੂਰਾਂ ਦੀ ਕਰਜ਼ਾ ਮੁਆਫੀ, ਸਿਹਤ ਪ੍ਰਣਾਲੀ, ਸਿੱਖਿਆ, ਡਰੱਗਸ ਅਤੇ ਪਾਣੀਆਂ ਦੇ ਵਿਵਾਦ ਆਦਿ ਨੂੰ ਗੰਭੀਰਤਾ ਨਾਲ ਲਿਆ।

ਇਸੇ ਤਰਾਂ ਹੀ ਮੀਟਿੰਗ ਦੋਰਾਨ ਸੱਭ ਦਾ ਮੰਨਣਾ ਸੀ ਕਿ ਕੱਟੜਵਾਦੀ ਅਤੇ ਵਿਵਾਦਿਤ ਮੁੱਦਿਆਂ ਨੂੰ ਉੇਠਾ ਕੇ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਅਤੇ ਘੱਟ ਗਿਣਤੀਆਂ ਨੂੰ ਦਬਾ ਕੇ ਮੋਦੀ ਸਰਕਾਰ ਲੋਕਾਂ ਨੂੰ ਵੰਡਣ ਦਾ ਆਪਣਾ ਏਜੰਡਾ ਲਾਗੂ ਕਰ ਰਹੀ ਹੈ। ਮੋਦੀ ਸਰਕਾਰ ਆਰਥਿਕ ਫਰੰਟ ਉੱਪਰ ਪੂਰੀ ਤਰਾਂ ਨਾਲ ਫੇਲ ਹੋ ਗਈ ਹੈ, ਜੀ.ਡੀ.ਪੀ 5 ਫੀਸਦੀ ਤੋਂ ਵੀ ਹੇਠਾਂ ਹੈ, ਕਰਮਚਾਰੀਆਂ ਅਤੇ ਮੁਲਾਜਮਾਂ ਦੀਆਂ ਨੋਕਰੀਆਂ ਜਾ ਰਹੀਆਂ ਹਨ, ਛੋਟੇ ਅਤੇ ਦਰਮਿਆਨੇ ਵਪਾਰੀ ਬੁਰੀ ਤਰਾ ਨਾਲ ਪ੍ਰਭਾਵਿਤ ਹਨ।

ਮੋਦੀ ਸਰਕਾਰ ਬੇਸ਼ਰਮੀ ਨਾਲ ਪੂੰਜੀਵਾਦੀਆਂ ਦੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਸਰਕਾਰ ਸਾਰੀਆਂ ਸ਼ਕਤੀਆਂ ਨੂੰ ਕੇਂਦਰ ਸਰਕਾਰ ਕੋਲ ਕੇਂਦਰਿਤ ਕਰ ਰਹੀ ਹੈ, ਅਨੇਕਾਂ ਬਿੱਲ ਲਿਆ ਰਹੀ ਹੈ ਅਤੇ ਕਾਨੂੰਨ ਲਾਗੂ ਕਰ ਰਹੀ ਹੈ ਜੋ ਕਿ ਆਮ ਲੋਕਾਂ ਦੇ ਖਿਲਾਫ ਹਨ। ਵੱਡੇ ਵਪਾਰਿਕ ਘਰਾਣੇ ਬੈਂਕਾਂ ਵਿੱਚ ਜਮਾਂ ਜਨਤਕ ਪੈਸੇ ਨੂੰ ਲੁੱਟ ਰਹੇ ਹਨ, ਮੋਬ ਲਿੰਚਿੰਗ ਦੇ ਦੋਸ਼ੀਆਂ ਅਤੇ ਹੋਰਨਾਂ ਅਪਰਾਧੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਦੇਸ਼ ਦੀਆਂ ਸਾਰੀਆਂ ਲੋਕਤੰਤਰਿਕ ਸੰਸਥਾਵਾਂ ਨੂੰ ਪੂਰੀ ਤਰਾਂ ਨਾਲ ਸਰਕਾਰ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਹੈ ਅਤੇ ਉਹ ਹੁਣ ਅਜਾਦ ਅਤੇ ਨਿਰਪੱਖ ਢੰਗ ਨਾਲ ਕੰਮ ਨਹੀਂ ਕਰ ਸਕਦੇ। ਮੋਦੀ ਸਰਕਾਰ ਦੇਸ਼ ਵਿੱਚ ਡਰ ਅਤੇ ਨਫਰਤ ਦਾ ਮਾਹੋਲ ਪੈਦਾ ਕਰ ਰਹੀ ਹੈ। ਲੋਕਾਂ ਦਾ ਧਿਆਨ ਉਹਨਾਂ ਦੇ ਅਸਲ ਮੁੱਦਿਆਂ ਤੋਂ ਹਟਾਉਣ ਲਈ ਝੂਠਾ ਪ੍ਰੋਪੋਗੰਡਾ ਫੈਲਾਇਆ ਜਾ ਰਿਹਾ ਹੈ।

ਪੀ.ਡੀ.ਏ ਦੇ ਆਗੂਆਂ ਨੇ ਐਲਾਨ ਕੀਤਾ ਕਿ ਸੰਘਰਸ਼ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਅਤੇ ਪੰਜਾਬ ਅਤੇ ਦੇਸ਼ ਦੇ ਜਨਤਕ ਮੁੱਦਿਆਂ ਨੂੰ ਸੂਚੀਬੱਧ ਕਰਨ ਲਈ ਪੀ.ਡੀ.ਏ ਦੀ ਅਗਲੀ ਮੀਟਿੰਗ ਛੇਤੀ ਹੀ ਰੱਖੀ ਜਾਵੇਗੀ।

Share News / Article

YP Headlines