ਯੈੱਸ ਪੰਜਾਬ
ਜਲੰਧਰ, 11, ਜੁਲਾਈ, 2019 –
ਪੰਜਾਬ ਵਿਚ ਅੱਜ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਔਰਤਾਂ ਸਣੇ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਸਾਰੇ ਵਿਅਕਤੀ ਇਕ ਆਲਟੋ ਕਾਰ ਵਿਚ ਸਵਾਰ ਸਨ ਜਿਸਦੀ ਇਕ ਇਲੋਵਾ ਕਾਰ ਨਾਲ ਟੱਕਰ ਹੋ ਗਈ।
ਹਾਦਸਾ ਵੀਰਵਾਰ ਸਵੇਰੇ ਜਲੰਧਰ-ਪਠਾਨਕੋਟ ਮੁੱਖ ਮਾਰਗ ’ਤੇ ਪਿੰਡ ਪਚਰੰਗਾ ਨੇੜੇ ਵਾਪਰਿਆ।
ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਜੰਮੂ ਕਸ਼ਮੀਰ ਦੇ ਵਸਨੀਕ ਹੋਣਗੇ ਕਿਉਂਕਿ ਆਲਟੋ ਕਾਰ ਜੰਮੂ ਕਸ਼ਮੀਰ ਦੇ ਨੰਬਰ ਦੀ ਹੈ।
ਪਠਾਨਕੋਟ ਵਾਲੇ ਪਾਸਿਉਂ ਆ ਰਹੀ ਇਹ ਆਲਟੋ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਡਿਵਾਈਡਰ ਪਾਰ ਕਰਕੇ ਦੂਜੇ ਬੰਨਿਉਂ ਜਲੰਧਰ ਵੱਲੋਂ ਆਉਂਦੀ ਇਕ ਇਨੋਵਾ ਕਾਰ ਨਾਲ ਟਕਰਾ ਗਈ।
ਇਨੋਵਾ ਕਾਰ ਨੂੰ ਕੈਨੇਡਾ ਦਾ ਨਿਵਾਸੀ ਮਨਿੰਦਰਦੀਪ ਸਿੰਘ ਚਲਾ ਰਿਹਾ ਸੀ ਅਤੇ ੳਹ ਜਲੰਧਰ ਤੋਂ ਹੁਸ਼ਿਆਰਪੁਰ ਦੇ ਪਿੰਡ ਜੌੜਾ ਵੱਲ ਜਾ ਰਿਹਾ ਸੀ।
ਇਨੋਵਾ ਵਿਚ ਸਵਾਰ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਥਾਣਾ ਭੋਗਪੁਰ ਦੇ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਅਗਲੇਰੀ ਕਾਰਵਾਈ ਆਰੰਭੀ ਹੈ।