ਪੰਜਾਬ ’ਚ ਬਣੀ ਹੜ੍ਹਾਂ ਵਾਲੀ ਸਥਿਤੀ ਲਈ ਬਾਦਲ ਅਤੇ ਕੈਪਟਨ ਦੋਵੇਂ ਜ਼ਿੰਮੇਵਾਰ: ਖ਼ਹਿਰਾ

ਚੰਡੀਗੜ, 19 ਜੁਲਾਈ, 2019 –
ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁੱਲਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਹ ਚਿਤਾਵਨੀ ਦਿੱਤੀ ਕਿ ਜੇਕਰ ਕੁਝ ਹੋਰ ਦਿਨ ਬਾਰਿਸ਼ ਜਾਰੀ ਰਹੀ ਤਾਂ ਸਮੁੱਚਾ ਪੰਜਾਬ ਪਾਣੀ ਵਿੱਚ ਡੁੱਬ ਜਾਵੇਗਾ ਅਤੇ ਇਹ ਵੀ ਆਖਿਆ ਕਿ ਬਠਿੰਡਾ ਵਿੱਚ ਆਈ ਹੜ ਵਰਗੀ ਸਥਿਤੀ ਅਤੇ ਸੂਬੇ ਦੇ ਹੋਰਨਾਂ ਸ਼ਹਿਰਾਂ ਦਾ ਅਜਿਹਾ ਹੀ ਹਾਲ ਸਿਆਸਤਦਾਨਾਂ ਦੀ ਨਖਿੱਧ ਅਤੇ ਬੇਈਮਾਨ ਸੋਚ ਦਾ ਨਤੀਜਾ ਹੈ।

ਉਹਨਾਂ ਆਖਿਆ ਕਿ ਬਠਿੰਡਾ ਅਤੇ ਹੋਰਨਾਂ ਸ਼ਹਿਰਾਂ ਵਿੱਚ ਪਾਣੀ ਭਰ ਜਾਣਾ ਸਾਡੇ ਆਗੂਆਂ ਦੀ ਭਵਿੱਖ ਨੂੰ ਲੈ ਕੇ ਨਕਾਰਾ ਸੋਚ, ਸਟੋਰਮ ਸੀਵਰ ਬਣਾਏ ਜਾਣ ਵਿੱਚ ਫੇਲ ਰਹਿਣ ਅਤੇ ਲੋਕਲ ਬਾਡੀਜ ਵਿਭਾਗ ਵਿੱਚ ਹੋ ਰਹੇ ਅੰਨੇ ਭ੍ਰਿਸ਼ਟਾਚਾਰ ਦਾ ਨਤੀਜਾ ਹੈ।

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਲਾਲਚੀ ਸਿਆਸਤਦਾਨਾਂ ਨੇ ਪੰਜਾਬ ਵਰਗੇ ਬੇਹਤਰੀਨ ਸੂਬੇ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ ਅਤੇ ਨਿਰੰਤਰ ਹੋ ਰਹੀ ਬਾਰਿਸ਼ ਨਾਲ ਆਏ ਹੜਾਂ ਕਾਰਨ ਲੋਕਾਂ ਦੇ ਹੋ ਰਹੇ ਮੰਦਹਾਲ ਬਾਰੇ ਰਤਾ ਭਰ ਵੀ ਚਿੰਤਤ ਨਹੀਂ ਹਨ। ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਦੇ ਬਿਨਾਂ ਕਿਸੇ ਪਲਾਨ ਦੇ ਹੋ ਰਹੇ ਵਿਕਾਸ ਲਈ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਬਾਦਲ ਅਤੇ ਮੋਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਪਿਛਲੇ ਅਨੇਕਾਂ ਦਹਾਕਿਆਂ ਤੋਂ ਇਹ ਦੋਨੋਂ ਹੀ ਸੱਤਾ ਵਿੱਚ ਹਨ।

ਖਹਿਰਾ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਯੂਨੀਅਨ ਫੂਡ ਮੰਤਰੀ ਹਰਸਿਮਰਤ ਕੋਰ ਬਾਦਲ ਵਰਗੇ ਸਿਆਸੀ ਆਗੂਆਂ ਵਾਸਤੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਬਠਿੰਡਾ ਦੇ ਲੋਕ 6-8 ਫੁੱਟ ਪਾਣੀ ਵਿੱਚ ਰਹਿਣ ਲਈ ਮਜਬੂਰ ਹਨ ਕਿਉਂਕਿ ਉਹਨਾਂ ਦਾ ਸੱਭ ਕੁਝ ਪਾਣੀ ਨੇ ਤਬਾਹ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਆਈ.ਜੀ ਦਾ ਦਫਤਰ, ਸੀਨੀਅਰ ਅਫਸਰਾਂ ਦੀਆਂ ਰਿਹਾਇਸ਼ਾਂ ਅਤੇ ਕੋਰਟ ਕੰਪਲੈਕਸ ਵੀ ਪਾਣੀ ਵਿੱਚ ਡੁੱਬ ਗਏ ਹਨ ਅਤੇ ਉਥੇ ਪਾਣੀ ਦੇ ਨਿਕਾਸ ਦਾ ਕੋਈ ਵੀ ਹੱਲ ਨਹੀਂ ਹੈ।

ਉਹਨਾਂ ਕਿਹਾ ਕਿ ਮੋਜੂਦਾ ਰਾਜ ਕਰਨ ਵਾਲਿਆਂ ਨੇ ਸ਼ਹਿਰਾਂ ਦੀ ਕੋਈ ਵੀ ਭਵਿੱਖ ਦੀ ਪਲਾਨਿੰਗ ਨਹੀਂ ਕੀਤੀ, ਨਾ ਕੋਈ ਮਾਸਟਰ ਪਲਾਨ ਹੈ ਅਤੇ ਨਾ ਹੀ ਕਿਤੇ ਸਟੋਰਮ ਸੀਵਰ ਪਾਇਆ ਗਿਆ ਹੈ। ਉਹਨਾਂ ਆਖਿਆ ਕਿ ਪਾਣੀ ਦੇ ਕੁਦਰਤੀ ਵਹਾਅ ਨੂੰ ਅਣਘੜਤ ਉਸਾਰੀਆਂ ਕਰਕੇ ਰੋਕ ਦਿੱਤਾ ਗਿਆ ਹੈ, ਬਰਸਾਤੀ ਨਾਲਿਆਂ ਉੱਪਰ ਸਿਆਸੀ ਆਗੂਆਂ ਦੀ ਸ਼ਹਿ ਉੱਪਰ ਲੈਂਡ ਮਾਫੀਆ ਨੇ ਕਬਜ਼ਾ ਕਰ ਲਿਆ ਹੈ।

ਉਹਨਾਂ ਕਿਹਾ ਕਿ ਇਥੋਂ ਤੱਕ ਕਿ ਪਿੰਡਾਂ ਦੇ ਛੱਪੜਾਂ ਉੱਪਰ ਵੀ ਪ੍ਰਭਾਵਸ਼ਾਲੀ ਸਿਆਸੀ ਲੋਕਾਂ ਨੇ ਕਬਜ਼ਾ ਕਰ ਲਿਆ ਹੈ ਅਤੇ ਬਰਸਾਤੀ ਪਾਣੀ ਪਿੰਡਾਂ ਵਿੱਚ ਹੜ ਲਿਆ ਰਿਹਾ ਹੈ ਅਤੇ ਵੱਡੇ ਪੱਧਰ ਉੱਪਰ ਫਸਲਾਂ ਨੂੰ ਤਬਾਹ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਬਠਿੰਡਾ ਨੂੰ ਸਮਾਰਟ ਸਿਟੀ ਬਣਾਉਣ ਦਾ ਵਾਅਦਾ ਕੀਤਾ ਸੀ, ਪਾਣੀ ਦੀ ਸਮੱਸਿਆ ਨਾਲ ਨਜਿੱਠਣ ਦੇ ਨਾਮ ਉੱਪਰ ਕਰੋੜਾਂ ਰੁਪਏ ਖਰਚੇ ਪਰੰਤੂ ਨਤੀਜਾ ਤਬਾਹੀ ਹੀ ਰਿਹਾ। ਆਪਣੇ ਹੀ ਜੱਦੀ ਸ਼ਹਿਰ ਦੇ ਲੋਕਾਂ ਦੇ ਬਚਾਅ ਲਈ ਨਾ ਆਉਣ ਦਾ ਵੀ ਉਹਨਾਂ ਨੇ ਹਰਸਿਮਰਤ ਕੋਰ ਬਾਦਲ ਅਤੇ ਮਨਪ੍ਰੀਤ ਬਾਦਲ ਉੱਪਰ ਇਲਜਾਮ ਲਗਾਇਆ।

ਉਹਨਾਂ ਮੰਗ ਕੀਤੀ ਕਿ ਬਠਿੰਡਾ ਨਿਵਾਸੀਆਂ ਦੇ ਘਰੇਲੂ ਸਮਾਨ ਦੇ ਹੋਏ ਨੁਕਸਾਨ ਦਾ 100 ਫੀਸਦੀ ਨੁਆਵਜਾ ਦਿੱਤਾ ਜਾਵੇ। ਉਹਨਾਂ ਖਦਸ਼ਾ ਜਤਾਇਆ ਕਿ ਜੇਕਰ ਤੁਰੰਤ ਕੋਈ ਕਦਮ ਨਾ ਉਠਾਇਆ ਤਾਂ ਬਠਿੰਡਾ ਵਿੱਚ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਫੈਲ ਸਕਦੀਆਂ ਹਨ।

ਖਹਿਰਾ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸੁਵਿਧਾਵਾਂ ਦੀ ਘਾਟ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਭ੍ਰਿਸ਼ਟਾਚਾਰ ਵੀ ਹੈ। ਉਹਨਾਂ ਨੇ ਸ਼ਹਿਰਾਂ ਦੇ ਉੱਪਰ ਹਜਾਰਾਂ ਕਰੋੜ ਰੁਪਏ ਖਰਚੇ ਜਾਣ ਦੇ ਮੁੱਖ ਮੰਰੀ ਦੇ ਦਾਅਵਿਆਂ ਉੱਪਰ ਵੀ ਸਵਾਲ ਕੀਤਾ।

ਉਹਨਾਂ ਕਿਹਾ ਕਿ ਆਮ ਤੋਰ ਉੱਪਰ ਵਿਕਾਸ ਫੰਡਾਂ ਦਾ ਸਿਰਫ 30-40 ਫੀਸਦੀ ਹੀ ਸਹੀ ਢੰਗ ਨਾਲ ਵਰਤੋਂ ਵਿੱਚ ਆਉਂਦਾ ਹੈ ਅਤੇ ਬਾਕੀ ਰਹਿੰਦਾ ਲਾਲਚੀ ਸਿਆਸਤਦਾਨਾਂ ਅਤੇ ਅਫਸਰਾਂ ਵੱਲੋਂ ਖੁਰਦ ਬੁਰਦ ਕਰ ਦਿੱਤਾ ਜਾਂਦਾ ਹੈ। ਉਹਨਾਂ ਆਖਿਆ ਕਿ ਪੰਜਾਬ ਵਿੱਚੋਂ ਡਰੱਗਸ ਦਾ ਕੋਹੜ ਖਤਮ ਕਰਨ ਵਿੱਚ ਫੇਲ ਰਹਿਣ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਗੈਰਕਾਨੂੰਨੀ ਮਾਨੀਨਿੰਗ, ਜਮੀਨਾਂ ਉੱਪਰ ਕਬਜੇ ਆਦਿ ਨੂੰ ਰੋਕਣ ਵਿੱਚ ਵੀ ਅਸਫਲ ਰਹੇ ਹਨ।

ਉਹਨਾਂ ਕਿਹਾ ਕਿ ਸੰਗਰੂਰ ਜਿਲੇ ਦੇ ਪਿੰਡ ਮੂਣਕ ਨਜਦੀਕ ਘੱਗਰ ਦਰਿਆ ਵਿੱਚ ਪਿਆ ਪਾੜ ਸਾਡੇ ਪਾਣੀ ਸ੍ਰੋਤਾਂ ਦੇ ਮਾੜੇ ਰੱਖ ਰਖਾਵ ਦੀ ਇੱਕ ਮਿਸਾਲ ਹੈ। ਉਹਨਾਂ ਕਿਹਾ ਕਿ ਹਰ ਸਾਲ ਹੜਾਂ ਕਾਰਨ ਕਰੋੜਾਂ ਰੁਪਏ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ ਪਰੰਤੂ ਇਸ ਦਾ ਕੋਈ ਵੀ ਪੁਖਤਾ ਹੱਲ ਨਹੀਂ ਕੀਤਾ ਗਿਆ।

ਖਹਿਰਾ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਪ੍ਰਕਾਰ ਦਾ ਵੀ ਡਿਸਾਸਟਰ ਮੈਨਜਮੈਂਟ ਸਿਸਟਮ ਨਹੀਂ ਹੈ। ਭਾਂਵੇ ਇੱਕ ਵਿਭਾਗ ਤਾਂ ਬਣਾਇਆ ਗਿਆ ਹੈ ਪਰੰਤੂ ਕੁਦਰਤੀ ਆਫਤਾਂ ਦੀਆਂ ਅਨੇਕ ਘਟਨਾਵਾਂ ਹੋਣ ਦੇ ਬਾਵਜੂਦ ਇਸ ਵਿਭਾਗ ਵਿੱਚ ਕੋਈ ਵੀ ਸਟਾਫ ਤਾਇਨਾਤ ਨਹੀਂ ਕੀਤਾ ਗਿਆ।

Share News / Article

Yes Punjab - TOP STORIES