ਪੰਜਾਬ ’ਚ ਛੇਤੀ ਆਵੇਗੀ ਉਦਯੋਗਿਕ ਕ੍ਰਾਂਤੀ: ਮਨਪ੍ਰੀਤ ਬਾਦਲ, ਸਿੰਗਲਾ ਵੱਲੋਂ ਮੁੰਬਈ ਵਿਚ ਉਦਯੋਗਪਤੀਆਂ ਨਾਲ ਵਿਚਾਰ ਚਰਚਾ

ਮੁੰਬਈ, 24 ਸਤੰਬਰ, 2019 –

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ‘ਚ ਪੰਜਾਬ ਦੇ ਉੱਚ ਪੱਧਰੀ ਵਫਦ ਨੇ ਮੰਗਲਵਾਰ ਨੂੰ ਮੁੰਬਈ ਵਿਖੇ 2 ਦਿਨਾਂ ਦੌਰੇ ਦੇ ਪਹਿਲੇ ਦਿਨ ਕਈ ਸਮਾਗਮਾਂ ਅਤੇ ਮੀਟਿੰਗਾਂ ਵਿੱਚ ਉਦਯੋਗਿਕ ਭਾਈਚਾਰੇ ਨਾਲ ਵਿਚਾਰ-ਵਟਾਂਦਰਾ ਕੀਤਾ। ਇਨਵੈਸਟ ਪੰਜਾਬ ਦੇ ਵਫਦ ਨੇ ਸੰਮੇਲਨ ਤੋਂ ਪਹਿਲਾਂ ਵਿਚਾਰ-ਚਰਚਾ ਦਾ ਆਯੋਜਨ ਕੀਤਾ ਅਤੇ ਦਸੰਬਰ, 2019 ‘ਚ ਕਰਵਾਈ ਜਾਣ ਵਾਲੀ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ ਵਿਚ ਹਿੱਸਾ ਲੈਣ ਲਈ ਉੱਦਮੀਆਂ ਨੂੰ ਸੱਦਾ ਦਿੱਤਾ।

ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ 1960 ਦੇ ਦਹਾਕੇ ਵਿਚ ਦੇਸ਼ ਨੂੰ ਅਨਾਜ ਉਤਪਾਦਨ ਵਿਚ ਸਵੈ-ਨਿਰਭਰ ਬਣਾਉਣ ਵਾਲੀ ਹਰੀ ਕ੍ਰਾਂਤੀ ਵਿਚ ਪੰਜਾਬ ਦੀ ਅਹਿਮ ਭੂਮਿਕਾ ਸੀ, ਇਸੇ ਤਰ੍ਹਾਂ ਹੁਣ ਪੰਜਾਬ ਜਲਦੀ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਵੀ ਤਿਆਰ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਵਿਕਾਸ ਦੇ ਹਰ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਹੁਣ ਇਹ ਤੇਜੀ ਨਾਲ ਪ੍ਰਮੁੱਖ ਉਦਯੋਗਿਕ ਸੂਬਿਆਂ ਦੇ ਬਰਾਬਰ ਆਉਂਦਾ ਜਾ ਰਿਹਾ ਹੈ ਅਤੇ ਜਲਦੀ ਹੀ ਦੇਸ ਦੇ ਉਦਯੋਗਿਕ ਖੇਤਰ ਵਿਚ ਮੋਹਰੀ ਸੂਬਾ ਬਣ ਕੇ ਉਭਰੇਗਾ।

ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਉਦਯੋਗੀਕਰਨ ਵੱਲ ਵਧ ਰਿਹਾ ਹੈ ਕਿਉਂਕਿ ਸਾਡੀ ਰਵਾਇਤੀ ਖੇਤੀ ਵਾਲੀ ਆਰਥਿਕਤਾ ਪਹਿਲਾਂ ਹੀ ਸਿਖਰ ‘ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਦਯੋਗੀਕਰਨ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਇੱਕੋ-ਇਕ ਜ਼ਰੀਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਤੇ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਨਿਵੇਸਕਾਂ ਲਈ ਢੁੱਕਵੇਂ ਮਾਹੌਲ ਦੇ ਨਾਲ ਨਾਲ ਰਿਆਇਤਾਂ ਅਤੇ ਸੁਖਾਲੇ ਕਾਰੋਬਾਰ ਵਾਲੀਆਂ ਨੀਤੀਆਂ ਸਦਕਾ ਪੰਜਾਬ ਵਿਚ ਉਦਯੋਗ ਮੁੜ ਸੁਰਜੀਤ ਹੋ ਗਏ ਹਨ।

ਇਸ ਤੋਂ ਪਹਿਲਾਂ ਇਨਵੈਸਟ ਪੰਜਾਬ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਇਨਵੈਸਟ ਪੰਜਾਬ-ਇਕ ਵਨ-ਸਟਾਪ ਪਲੇਟਫਾਰਮ ਹੈ ਜੋ ਸੰਭਾਵਤ ਨਿਵੇਸਕਾਂ ਅਤੇ ਉੱਦਮੀਆਂ ਲਈ ਨਿਰਮਾਣ, ਫੂਡ ਪ੍ਰੋਸੈਸਿੰਗ ਆਈ.ਟੀ/ ਆਈ.ਟੀ.ਈ.ਐਸ, ਸਟਾਰਟਅੱਪਜ, ਐਸ.ਐਮ.ਈਜ਼ ਅਤੇ ਸਿੱਖਿਆ ਵਰਗੇ ਵਿਭਿੰਨ ਖੇਤਰਾਂ ਵਿਚ ਆਪਣੇ ਉੱਦਮ ਸਥਾਪਤ ਕਰਨ ਵਾਸਤੇ ਢੁੱਕਵਾਂ ਮਹੌਲ ਯਕੀਨੀ ਬਣਾ ਰਿਹਾ ਹੈ।

ਇਨਵੈਸਟ ਪੰਜਾਬ ਦੇ ਸੀ.ਈ.ਓ ਸ੍ਰੀ ਰਜਤ ਅਗਰਵਾਲ ਨੇ ਇੱਕ ਸੰਖੇਪ ਪੇਸਕਾਰੀ ਦਿੱਤੀ ਜਿਸ ਵਿੱਚ ਇਨਵੈਸਟ ਪੰਜਾਬ ਪਲੇਟਫਾਰਮ ਦੇ ਨਾਲ ਉਦਯੋਗਿਕ ਵਿਕਾਸ ਦੀ ਰੂਪ-ਰੇਖਾ ਉਲੀਕਣ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਉਦਯੋਗਿਕ ਅਤੇ ਵਪਾਰਕ ਨੀਤੀ ਦੀਆਂ ਪ੍ਰਮੁੱਖ ਵਿਸੇਸਤਾਵਾਂ ਉੱਤੇ ਚਾਨਣਾ ਪਾਇਆ ਗਿਆ।

ਉਦਯੋਗਿਕ ਇਕਾਈਆਂ ਵਿਚੋਂ ਐਮ ਐਂਡ ਐਮ ਲਿਮ. (ਸਵਰਾਜ ਡਵੀਜਨ) ਦੇ ਸੀ.ਈ.ਓ. ਸ੍ਰੀ ਹਰੀਸ਼ ਚਵਾਨ ਨੇ ਕਿਹਾ ਕਿ ਬੁਲੰਦ ਉੱਦਮੀ ਭਾਵਨਾ ਨਾਲ ਮਜਬੂਤ ਵੈਂਡਰ ਈਕੋਸਿਸਟਮ ਮੁਕਾਬਲੇਬਾਜੀ ਵਿਚ ਸਹਾਈ ਹੋਇਆ ਹੈ ਅਤੇ ਹੁਣ ਪੰਜਾਬ ਵਿੱਚ ਸਾਡੇ ਵਿਕਰੇਤਾ ਦੱਖਣੀ ਭਾਰਤ ਵਿੱਚ ਹੋਰ ਪਲਾਂਟਾਂ ਨੂੰ ਉਤਪਾਦ ਸਪਲਾਈ ਕਰ ਰਹੇ ਹਨ।

ਵਰਧਮਾਨ ਸਪੈਸਲ ਸਟੀਲ ਲਿਮ. ਦੇ ਐਮ.ਡੀ. ਸ੍ਰੀ ਸਚਿਤ ਜੈਨ ਨੇ ਕਿਹਾ ਕਿ ਸੂਬੇ ਵਿਚ ਕੰਮ ਕਰਨ ਦੀ ਇੱਕ ਸਾਨਦਾਰ ਰਿਵਾਇਤ ਹੈ ਜਿਸ ਵਿੱਚ ਕੋਈ ਹੜਤਾਲ ਨਹੀਂ ਕੀਤੀ ਜਾਂਦੀ ਅਤੇ ਉਦਯੋਗ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਸਰਕਾਰ ਦੀ ਘੱਟ ਤੋਂ ਘੱਟ ਦਖਲਅੰਦਾਜੀ ਹੈ।

ਮਨੋਹਰ ਪੈਕਿੰਗ ਦੇ ਡਾਇਰੈਕਟਰ ਆਦਿੱਤਿਆ ਪਟਵਰਧਨ ਨੇ ਮੌਜੂਦਾ ਉਦਯੋਗਿਕ ਅਤੇ ਵਪਾਰ ਨੀਤੀ ਦੇ ਨਾਲ ਨਾਲ ਇਨਵੈਸਟ ਪੰਜਾਬ ਦੀ ਵੀ ਸਲਾਘਾ ਕੀਤੀ ਜੋ ਪੇਸੇਵਰ ਪਹੁੰਚ ਨਾਲ ਉਦਯੋਗਪਤੀਆਂ ਨੂੰ ਸੂਬੇ ਵਿਚ ਨਵਾਂ ਕਾਰੋਬਾਰ ਸਥਾਪਤ ਕਰਨ ਵਿਚ ਪ੍ਰੇਰਿਤ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਇਸ ਤੋਂ ਪਹਿਲਾਂ ਇਨਵੈਸਟ ਪੰਜਾਬ ਦੇ ਵਫਦ ਨੇ ਵਿੱਤੀ ਸੰਸਥਾਵਾਂ (ਪੀ.ਈ/ਵੀ.ਸੀਜ਼ ਵੰਡਜ) ਦੇ ਪ੍ਰਤੀਨਿਧੀਆਂ ਅਤੇ ਸਫਲ ਉੱਦਮੀਆਂ ਨਾਲ ਵਿਚਾਰ ਵਟਾਂਦਰਾਂ ਕੀਤਾ।

ਮੀਟਿੰਗ ਵਿਚ ਮੁੰਬਈ ਏਂਜਲ ਨੈਟਵਰਕ, ਸਾਫਟਬੈਂਕ, ਮੈਕੁਅਰੀ, ਮੋਰਗਨ ਸਟੈਨਲੇ, ਐਸ.ਬੀ.ਆਈ. ਕੈਪੀਟਲ ਮਾਰਕਿਟਸ ਜਿਹੇ ਪ੍ਰਮੁੱਖ ਅੰਤਰਰਾਸਟਰੀ ਉਦਯੋਗਿਕ ਇਕਾਈਆਂ ਦੇ ਸੀਨੀਅਰ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਪੰਜਾਬ ਵਿੱਚ ਨਿਵੇਸ ਕਰਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਸੀ.ਈ.ਓ. ਇਨਵੈਸਟ ਪੰਜਾਬ ਨੇ ਮੌਜੂਦਾ ਈਕੋਸਿਸਟਮ ਪੇਸ ਕੀਤਾ ਅਤੇ ਸੂਬੇ ਵਿੱਚ ਨਿਵੇਸ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਾਰਿਆਂ ਨਿਵੇਸਕਾਂ ਨੂੰ ਸੰਮੇਲਨ 2019 ਵਿਚ ਆਉਣ ਦਾ ਸੱਦਾ ਦਿੱਤਾ। ਵਫਦ ਨੇ ਪ੍ਰਮੁੱਖ ਕਾਰੋਬਾਰੀ ਘਰਾਣਿਆਂ ਜਿਵੇਂ ਟਾਟਾ ਸਮੂਹ, ਸਾਇਮੈਂਜ਼, ਗੋਦਰੇਜ ਨਾਲ ਵੀ ਮੁਲਾਕਾਤ ਕੀਤੀ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES