ਪੰਜਾਬ ’ਚ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਡਾਕਟਰਾਂ ਦਾ ‘ਡੈਪੂਟੇਸ਼ਨ’ ਰੱਦ ਹੋਵੇਗਾ: ਬਲਬੀਰ ਸਿੱਧੂ

ਚੰਡੀਗੜ੍ਹ, 19 ਜੂਨ, 2019:
ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਵਿਸ਼ੇਸ਼ ਤੌਰ ’ਤੇ ਸਰਹੱਦੀ ਤੇ ਦੂਰ ਦਰਾਡੇ ਦੇ ਇਲਾਕਿਆਂ ਵਿਚ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਮੈਡੀਕਲ ਅਫਸਰਾਂ ਦੀ ਡੈਪੂਟੇਸ਼ਨ ਨੂੰ ਰੱਦ ਕੀਤਾ ਜਾਵੇਗਾ। ਇਹ ਆਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਕਲਿਆਣ ਭਵਨ ਵਿਖੇ ਸਮੂਹ ਸਿਵਲ ਸਰਜਨਾਂ ਨਾਲ ਕੀਤੀ ਪਲੇਠੀ ਮੀਟਿੰਗ ਵਿਚ ਦਿੱਤੇ।

ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਿਵਲ ਸਰਜਨ ਇਹ ਯਕੀਨੀ ਬਣਾਉਣ ਕਿ ਸਰਕਾਰੀ ਹਸਪਤਾਲਾਂ ਵਿਚ ਡਾਕਟਰ ਕੇਵਲ ਜਨ ਅੋਸ਼ਦੀ ਕੇਂਦਰ ਵਿਚ ਮਿਲਣ ਵਾਲੀਆਂ ਹੀ ਦਵਾਈਆਂ ਮਰੀਜ਼ਾਂ ਨੂੰ ਲ਼ਿਖਣ ਤਾਂ ਜੋ ਲੋੜਵੰਦ ਲੋਕਾਂ ਨੂੰ ਆਪਣੀ ਜੇਬ ਵਿਚੋਂ ਪੈਸਾ ਖਰਚ ਕੇ ਪ੍ਰਾਇਵੇਟ ਕੈਮਿਸਟਾਂ ਕੋਲ ਦਵਾਈਆਂ ਨਾ ਖਰੀਦਣੀਆਂ ਪੈਣ।

ਉਨ੍ਹਾਂ ਕਿਹਾ ਕਿ ਹਸਪਤਾਲਾਂ ਦੀ ਕਾਰਗੁਜ਼ਾਰੀ ਵਿਚ ਹੋਰ ਸੁਧਾਰ ਲਿਆਉਣ ਲਈ ਪਿਛਲੇ ਮਹੀਨੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ 535 ਨਰਸਾਂ ( ਏ.ਐਨ.ਐਮ) ਨੂੰ ਭਰਤੀ ਕੀਤਾ ਗਿਆ ਹੈ ਅਤੇ ਜੂਨ ਦੇ ਆਖਰੀ ਹਫਤੇ ਤੱਕ ਅਧੀਨ 114 ਹੋਰ ਨਰਸਾਂ ਭਰਤੀ ਕੀਤੀਆਂ ਜਾਣਗੀਆਂ।

ਸਿਹਤ ਮੰਤਰੀ ਨੇ ਜਿਲ੍ਹਾਵਾਰ ਸਿਵਲ ਸਰਜਨਾਂ ਤੋਂ ਸਪੈਸ਼ਲਿਸਟਾਂ ਤੇ ਹੋਰ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪਈਆਂ ਆਸਮੀਆਂ ਦੀ ਵੀ ਜਾਣਕਾਰੀ ਲਈ ਤੇ ਇਕ ਹਫਤੇ ਤੱਕ ਸਾਰੀਆਂ ਖਾਲੀ ਅਸਾਮੀਆਂ ਦਾ ਵੇਰਵਾ ਭੇਜਣ ਲਈ ਕਿਹਾ। ਜਿਸ ਉਪਰੰਤ ਸਿਹਤ ਵਿਭਾਗ ਖਾਲੀ ਪਈ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰੇਗਾ।

ਸ. ਸਿੱਧੂ ਨੇ ਹੈਲਥ ਤੇ ਵੈੱਲਨੈੱਸ ਕੇਂਦਰਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਇਨ੍ਹਾਂ ਕੇਂਦਰਾਂ ਦੀ ਸਥਾਪਨਾ 13 ਅਹਿਮ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਗਈ ਹੈ ਅਤੇ ਹੁਣ ਤੱਕ 847 ਕੇਂਦਰ ਸਥਾਪਿਤ ਕਰ ਦਿੱਤੇ ਗਏ ਹਨ ਜਿਸ ਲਈ 419 ਕਮਿਊਨਟੀ ਹੈਲਥ ਅਫਸਰ ਨੂੰ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਅਗਸਤ 2019 ਤੱਕ ਨਵੇਂ 553 ਕਮਿਊਨਟੀ ਹੈਲਥ ਅਫਸਰਾਂ ਨੂੰ ਵੈੱਲਨੈੱਸ ਕੇਂਦਰਾਂ ’ਤੇ ਨਿਯੁਕਤ ਕੀਤਾ ਜਾਵੇਗਾ ਅਤੇ ਮਾਰਚ 2018 ਤੱਕ 1800 ਸਬ-ਸੈਂਟਰਾਂ ਨੂੰ ਵੈੱਲਨੈੱਸ ਕੇਂਦਰਾਂ ਵਿਚ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦਾ ਵੇਰਵਾ ਆਨ-ਲਾਇਨ ਕਰਨ ਲਈ ਕਮਿਊਨਟੀ ਹੈਲਥ ਅਫਸਰ ਨੂੰ ਜਲਦ ਕੰਪਿਊਟਰ ਵੀ ਉਪਲਬਧ ਕਰਵਾਏ ਜਾਣਗੇ।

ਮੀੰਟਿਗ ਵਿਚ ਹਾਜਰ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਸਿਹਤ ਮੰਤਰੀ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਵਿਚ ਪੰਜਾਬ ਤੇ ਆਂਧਰਾ ਪ੍ਰਦੇਸ਼ ਨੂੰ ਹੈਲਥ ਤੇ ਵੈੱਲਨੈੱਸ ਕੇਂਦਰਾਂ ਦੀ ਸਥਾਪਨਾ ਲਈ ਵਧੀਆ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਐਲਾਨੇ ਗਏ ਹਨ।
ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਕਿਹਾ ਕਿ ਸਿਵਲ ਸਰਜਨ ਜਿਲ੍ਹਿਆਂ ਵਿਚ ਯਕੀਨੀ ਬਣਾਉਣ ਕਿ ਸੀਨੀਅਰ ਮੈਡੀਕਲ ਅਫਸਰ ਨਿਜੀ ਤੌਰ ’ਤੇ ਸਬ-ਸੈਂਟਰਾਂ ਦਾ ਦੌਰਾ ਕਰਨ ਤਾਂ ਜੋ ਮਾਂ ਤੇ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲਿਆਂ ਸੇਵਾਵਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਸਿਹਤ ਮੰਤਰੀ ਵਲੋਂ ਇਸ ਮੌਕੇ ’ਤੇ ਵਧੀਆ ਕਾਰਗੁਜ਼ਾਰੀ ਮੁਹੱਈਆ ਕਰਵਾਉਣ ਵਾਲੇ ਐਸ.ਐਮ.ਓ. ਮਾਛੀਵਾੜਾ (ਲੁਧਿਆਣਾ), ਮੁਕੰਦਪੁਰ (ਨਵਾਂ ਸ਼ਹਿਰ) ਗੁਰ ਸਰ ਸੁਧਾਰ (ਲੁਧਿਆਣਾ), ਬਾਬਾ ਬਕਾਲਾ (ਅੰਮ੍ਰਿਤਸਰ) ਤੇ ਕਾਲੋ ਮਾਜਰਾ ( ਪਟਿਆਲਾ) ਨੂੰ ਤੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੀਟਿੰਗ ਵਿਚ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਮਰਦੀਪ ਸਿੰਘ ਚੀਮਾ, ਮਿਸ਼ਨ ਡਾਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ ਅਮਿਤ ਕੁਮਾਰ, ਡਾਇਰੈਕਟਰ ਸਿਹਤ ਸੇਵਾਵਾਂ, ਡਾ. ਜਸਪਾਲ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡਾ. ਅਵਨੀਤ ਕੌਰ, ਡਾਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ ਰੀਟਾ ਭਾਰਦਵਾਜ, ਡਿਪਟੀ ਡਾਇਰੈਕਟਰਜ਼ ਤੇ ਸਿਵਲ ਸਰਜਨ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:
ਕੈਪਟਨ-ਸਿੱਧੂ ਵਿਵਾਦ: ਅਹਿਮਦ ਪਟੇਲ ਕੀ ਭੁਰਜੀ ਦਾ ਆਂਡਾ ਬਣਾ ਲੈਣਗੇ? – ਐੱਚ.ਐੱਸ.ਬਾਵਾ

Yes Punjab - Top Stories