ਪੰਜਾਬ ’ਚ ਕੋਰੋਨਾ ਨੇ ਤੇਜ਼ੀ ਫ਼ੜੀ, 12 ਘੰਟਿਆਂ ’ਚ 12 ਨਵੇਂ ਪਾਜ਼ਿਟਿਵ ਕੇਸ – ਕਿੱਥੇ ਕਿੱਥੇ ਵਧੇ ਮਾਮਲੇ?

ਯੈੱਸ ਪੰਜਾਬ
ਚੰਡੀਗੜ੍ਹ, 7 ਅਪ੍ਰੈਲ, 2020:

ਪੰਜਾਬ ਵਿਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਬੀਤੀ ਰਾਤ ਸਰਕਾਰ ਵੱਲੋਂ ਜਾਰੀ ਮੀਡੀਆ ਬੁਲੇਟਿਨ ਵਿਚ ਪਾਜ਼ਿਟਿਵ ਕੇਸਾਂ ਦੀ ਜੋ ਗਿਣਤੀ 79 ਸੀ ਉਹ ਰਾਤੋ ਰਾਤ ਵਧ ਕੇ 91 ਹੋ ਗਈ ਹੈ। ਇੰਜ ਲਗਪਗ 12 ਘੰਟਿਆਂ ਵਿਚ 12 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।

ਰਾਜ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 8 ਮੌਤਾਂ ਹੋ ਚੁੱਕੀਆਂ ਹਨ ਜਦਕਿ 12 ਵਿਅਕਤੀ ਇਸ ਭਿਆਨਕ ਬਿਮਾਰੀ ਦੇ ਪ੍ਰਕੋਪ ਵਿਚੋਂ ਬਾਹਰ ਆ ਚੁੱਕੇ ਹਨ।

ਪੰਜਾਬ ਅੰਦਰ ਕੋਰੋਨਾਵਾਇਰਸ ਨੇ ਹੁਣ ਤਕ 15 ਜ਼ਿਲਿ੍ਹਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ।

ਇਸ ਵੇਲੇ ਮੋਹਾਲੀ ਵਿਚ ਸਭ ਤੋਂ ਜ਼ਿਆਦਾ 26 ਕੇਸ ਹਨ ਜਦਕਿ ਨਵਾਂਸ਼ਹਿਰ 19 ਕੇਸਾਂ ਨਾਲ ਦੂਜੇ ਸਥਾਨ ’ਤੇ ਹੈ।

ਪਿਛਲੇ 12 ਘੰਟਿਆਂ ਵਿਚ ਸੂਬੇ ਅੰਦਰ 12 ਨਵੇਂ ਕੇਸ ਆਏ ਹਨ। ਇਨ੍ਹਾਂ ਵਿਚੋਂ ਮੋਹਾਲੀ ਵਿਚ 7, ਮਾਨਸਾ ਵਿਚ 2, ਅੰਮ੍ਰਿਤਸਰ ਅਤੇ ਪਠਾਨਕੋਟ ਵਿਚ 1-1 ਅਤੇ ਮੋਗਾ ਵਿਚ 1 ਕੇਸ ਸਾਹਮਣੇ ਆਇਆ ਹੈ।

ਮੋਹਾਲੀ ਵਿਚ ਡੇਰਾ ਬੱਸੀ ਤੋਂ 7 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ।

ਪਠਾਨਕੋਟ ਵਿਚ ਸਾਹਮਣੇ ਆਇਆ ਨਵਾਂ ਪਾਜ਼ਿਟਿਵ ਕੇਸ ਸੁਜਾਨਪੁਰ ਦੇ 77 ਸਾਲਾ ਬਜ਼ੁਰਗ ਦਾ ਹੈ। ਇਹ ਉਸੇ ਔਰਤ ਰਾਜ ਰਾਣੀ ਦਾ ਪਤੀ ਹੈ ਜਿਸਦੀ ਪਹਿਲਾਂ ਕੋਰੋਨਾਵਾਇਰਸ ਕਰਕੇ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਰਾਜ ਰਾਣੀ ਦਾ ਕੇਸ ਸਾਹਮਣੇ ਆਉਣ ’ਤੇ ਜੋ ਸੈਂਪਲ ਲਏ ਗਏ ਸਨ ਉਨ੍ਹਾਂ ਵਿਚੋਂ ਉਸਦੇ ਪਤੀ ਨੂੰ ਪਾਜ਼ਿਟਿਵ ਪਾਇਆ ਗਿਆ ਹੈ ਜਦਕਿ 6 ਹੋਰ ਕੇਸ ਨੈਗੇਟਿਵ ਪਾਏ ਗਏ ਹਨ। ਪਤਾ ਲੱਗਾ ਹੈ ਕਿ ਇਸ ਵਿਅਕਤੀ ਨੂੰ ਚਿੰਤਪੁਰਨੀ ਮੈਡੀਕਲ ਕਾਲਜ ਵਿਖ਼ੇ ਦਾਖ਼ਲ ਕਰਵਾਇਆ ਗਿਆ ਹੈ।

ਅੰਮ੍ਰਿਤਸਰ ਵਿਚ ਕੋਰੋਨਾ ਦੀ ਭੇਂਟ ਚੜ੍ਹੇ ਨਿਗਮ ਦੇ ਨਿਗਰਾਨ ਇੰਜੀਨੀਅਰ ਦੀ ਪਤਨੀ ਨੂੰ ਵੀ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਮਾਨਸਾ ਦੇ ਬੁਢਲਾਢਾ ਕਸਬੇ ਵਿਚ ਦੋ ਹੋਰ ਵਿਅਕਤੀ ਪਾਜ਼ਿਟਵ ਪਾਏ ਗਏ ਹਨ। ਇਹ ਦੋਵੇਂ ਛੱਤੀਸਗੜ੍ਹ ਤੋਂ ਹਨ ਅਤੇ ਦੋਵੇਂ ਤਬਲੀਗੀ ਜਮਾਤ ਦੇ ਲੋਕਾਂ ਨਾਲ ਸੰਪਰਕ ਵਿਚ ਆਏ ਦੱਸੇ ਜਾਂਦੇ ਹਨ। ਇਸ ਨਾਲ ਮਾਨਸਾ ਦੇ ਪਾਜ਼ਿਟਿਵ ਕੇਸਾਂ ਦੀ ਕੁਲ ਗਿਣਤੀ 5 ਹੋ ਗਈ ਹੈ। ਪਤਾ ਲੱਗਾ ਹੈ ਕਿ ਇਹ ਦੋਵੇਂ ਪਹਿਲਾਂ ਹੀ ‘ਆਈਸੋਲੇਸ਼ਨ ਸੈਂਟਰ’ ਵਿਚ ਸਨ। ਇਹ ਵੀ ਖ਼ਬਰ ਹੈ ਕਿ ਇਨ੍ਹਾਂ ਦੇ ਸੰਪਰਕ ਵਿਚ ਆਏ 20 ਵਿਅਕਤੀਆਂ ਦੇ ਨਤੀਜੇ ‘ਨੈਗੇਟਿਵ’ ਪਾਏ ਗਏ ਹਨ।

ਮੋਗਾ ਵਿਚ ਸਾਹਮਣੇ ਆਇਆ ਮਾਮਲਾ ਬਾਘਾਪੁਰਾਣਾ ਤੋਂ ਹੈ ਪਰ ਇਸਨੂੰ ਸਿੱਧੇ ਤੌਰ ’ਤੇ ਤਬਲੀਗੀ ਜਮਾਤ ਨਾਲ ਸੰਬੰਧਤ ਨਹੀਂ ਦੱਸਿਆ ਜਾ ਰਿਹਾ ਹਾਲਾਂਕਿ ਇਸ ਦੀ ਅਤੇ ਇਸ ਦੇ ਸਾਥੀਆਂ ਦੀ ਮੁੰਬਈ ਆਦਿ ਆਉਣ ਜਾਣ ਦੀ ਗੱਲ ਸਾਹਮਣੇ ਆਈ ਹੈ। ਉਸਦੇ ਸਥਾਨਕ ਮਸੀਤ ਦੇ ਇਮਾਮ ਸਣੇ 11 ਸਾਥੀਆਂ ਨੂੰ ਲਾਜਪਤ ਰਾਏ ਕਾਲਜ, ਮੋਗਾ ਵਿਖ਼ੇ ਆਈਸੋਲੇਟ ਕੀਤਾ ਗਿਆ ਹੈ।

ਮੰਗਲਵਾਰ ਸਵੇਰ ਦੀ ਜ਼ਿਲ੍ਹਾ ਵਾਰ ਸਥਿਤੀ ਕੁਝ ਇਸ ਤਰ੍ਹਾਂ ਹੈ:

ਮੋਹਾਲੀ 26 ਕੇਸ
ਨਵਾਂਸ਼ਹਿਰ 19 ਕੇਸ
ਅੰਮ੍ਰਿਤਸਰ 10 ਕੇਸ
ਹੁਸ਼ਿਆਰਪੁਰ 7 ਕੇਸ
ਲੁਧਿਆਣਾ 6 ਕੇਸ
ਜਲੰਧਰ 6 ਕੇਸ
ਮਾਨਸਾ 5 ਕੇਸ
ਰੋਪੜ 3 ਕੇਸ
ਫ਼ਤਹਿਗੜ੍ਹ ਸਾਹਿਬ 2 ਕੇਸ
ਪਠਾਨਕੋਟ 2 ਕੇਸ
ਪਟਿਆਲਾ 1 ਕੇਸ
ਬਰਨਾਲਾ 1 ਕੇਸ
ਫ਼ਰੀਦਕੋਟ 1 ਕੇਸ
ਕਪੂਰਥਲਾ 1 ਕੇਸ
ਮੋਗਾ 1 ਕੇਸ


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES