ਪੰਜਾਬ-ਚੰਡੀਗੜ੍ਹ ਦੀ ਵਿਦਿਆਰਥੀ ਸਿਆਸਤ ‘ਚ ਕੁੱਦੀ ‘ਆਪ’ – ਵਿਦਿਆਰਥੀ ਵਿੰਗ ਸੀ.ਵਾਈ.ਐਸ.ਐਸ ਦੀ 12 ਮੈਂਬਰੀ ਸਟੇਟ ਕਮੇਟੀ ਦਾ ਐਲਾਨ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 3 ਜਨਵਰੀ, 2020 –
ਆਮ ਆਦਮੀ ਪਾਰਟੀ (ਆਪ) ਦੇ ਨੌਜਵਾਨ ਆਗੂ ਅਤੇ ਵਿਧਾਇਕ ਮੀਤ ਹੇਅਰ ਦੀ ਅਗਵਾਈ ਹੇਠ ‘ਆਪ’ ਨੇ ਚੰਡੀਗੜ੍ਹ ਅਤੇ ਪੰਜਾਬ ਲਈ ਆਪਣੇ ਵਿਦਿਆਰਥੀ ਵਿੰਗ ਸੀ.ਵਾਈ.ਐਸ.ਐਸ. (ਵਿਦਿਆਰਥੀ ਨੌਜਵਾਨ ਸੰਘਰਸ਼ ਕਮੇਟੀ) ਪੰਜਾਬ ਦੀ 12 ਮੈਂਬਰੀ ਸਟੇਟ ਕਮੇਟੀ ਦਾ ਐਲਾਨ ਕੀਤਾ ਹੈ। ਜਿਸ ਤਹਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਆਗੂ ਰੇਸ਼ਮ ਸਿੰਘ ਗੋਦਾਰਾ ਨੂੰ ਸੀ.ਵਾਈ.ਐਸ.ਐਸ ਚੰਡੀਗੜ੍ਹ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਹੈ।

ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ‘ਚ ਪੰਜਾਬ ਭਰ ਤੋਂ ਪੁੱਜੇ ਵਿਦਿਆਰਥੀਆਂ ਨਾਲ ਬੈਠਕ ਉਪਰੰਤ ਮੀਡੀਆ ਨੂੰ ਸੰਬੋਧਿਤ ਹੁੰਦਿਆਂ ਮੀਤ ਹੇਅਰ ਨੇ ਦੱਸਿਆ ਕਿ ਪੁਰਾਣੇ ਵਿਦਿਆਰਥੀ ਆਗੂ ਨਵਜੋਤ ਸਿੰਘ ਸੈਣੀ, ਸਾਬਕਾ ਸੀ.ਵਾਈ.ਐਸ.ਐਸ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ, ਵਿਦਿਆਰਥੀ ਰਾਜਨੀਤੀ ‘ਚੋਂ ਉੱਭਰੇ ਸਤਬੀਰ ਸਿੰਘ ਸੀਰਾ ਬਨਭੌਰਾ (ਅਮਲੋਹ) ਅਤੇ ਆਰਟੀਆਈ ਕਾਰਕੁੰਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਸੁਖਰਾਜ ਸਿੰਘ ਬੱਲ, ਰੇਸ਼ਮ ਸਿੰਘ ਗੋਦਾਰਾ, ਡੀਏਵੀ ਕਾਲਜ ਜਲੰਧਰ ਦੇ ਵਿਦਿਆਰਥੀ ਆਗੂ ਹਰਸ਼ ਸਿੰਘ, ਕਾਬਲ ਸਿੰਘ ਪੰਜਾਬ ਯੂਨੀਵਰਸਿਟੀ, ਰਾਜਦੀਪ ਸਿੰਘ ਬਰਾੜ ਅਮਰਗੜ੍ਹ ਨਵਰੀਤ ਕੌਰ ਪੰਜਾਬ ਯੂਨੀਵਰਸਿਟੀ, ਨਰਿੰਦਰ ਕੌਰ ਭਰਾਜ ਪੰਜਾਬੀ ਯੂਨੀਵਰਸਿਟੀ ਅਤੇ ਰਮਨਦੀਪ ਸਿੰਧੂ ਬਠਿੰਡਾ ਨੂੰ ਮੈਂਬਰ ਜਦਕਿ ਸਾਬਕਾ ਵਿਦਿਆਰਥੀ ਆਗੂ ਦਿਨੇਸ਼ ਚੱਢਾ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ।

ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਪਿਛਲੇ 2 ਦਹਾਕਿਆਂ ਤੋਂ ਸੂਬੇ ਦੇ ਵਿਦਿਆਰਥੀਆਂ ਦੇ ਮਸਲੇ ਹੱਲ ਹੋਣ ਦੀ ਥਾਂ ਜਟਿਲ ਹੋ ਰਹੇ ਹਨ, ਕਿਉਂਕਿ ਰਵਾਇਤੀ ਸੱਤਾਧਾਰੀ ਧਿਰਾਂ ਨੇ ਵਿਦਿਆਰਥੀਆਂ ਨੂੰ ‘ਮਸਲ ਪਾਵਰ’ ਲਈ ਹਥਿਆਰ ਵਾਂਗ ਵਰਤਦੇ ਰਹੇ ਹਨ। ਚੰਡੀਗੜ੍ਹ ਵਾਂਗ ਸੂਬੇ ਦੇ ਕਾਲਜਾਂ ਯੂਨੀਵਰਸਿਟੀਆਂ ‘ਚ ਚੋਣਾਂ ਕਰਾਉਣ, ਘਰ-ਘਰ ਸਰਕਾਰੀ ਨੌਕਰੀ, ਬੇਰੁਜ਼ਗਾਰੀ ਭੱਤੇ ਦੇ ਵਾਅਦਿਆਂ ਸਮੇਤ, ਐਸਸੀ ਅਤੇ ਘੱਟ ਗਿਣਤੀ ਵਿਦਿਆਰਥੀਆਂ ਦੇ ਅੰਡਰ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਵਜ਼ੀਫ਼ੇ ਦੇਣ ਤੋਂ ਵੀ ਚੁੱਕੀ ਹੈ।

ਸਰਕਾਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਫ਼ੰਡਾਂ ਅਤੇ ਸਟਾਫ਼ ਦੀ ਕਮੀ ਨਾਲ ਜੂਝ ਰਹੀਆਂ ਹਨ, ਕਿਉਂਕਿ ਸਰਕਾਰ ਸਸਤੀ ਅਤੇ ਸਰਕਾਰੀ ਸਿੱਖਿਆ ਦੀ ਥਾਂ ਮਹਿੰਗੇ ਪ੍ਰਾਈਵੇਟ ਸਿੱਖਿਆ ਮਾਫ਼ੀਆ ਨੂੰ ਸ਼ਰੇਆਮ ਉਤਸ਼ਾਹਿਤ ਕਰ ਰਹੀ ਹੈ। ਭਾਰੀ ਫ਼ੀਸਾਂ ਅਤੇ ਮਹਿੰਗੀ ਪ੍ਰਾਈਵੇਟ ਸਿੱਖਿਆ ਕਾਰਨ ਆਮ ਘਰਾਂ, ਗ਼ਰੀਬਾਂ ਅਤੇ ਦਲਿਤਾਂ ਦੇ ਹੋਣਹਾਰ ਬੱਚਿਆਂ ਨੂੰ ਸਿੱਖਿਆ ਖ਼ਾਸ ਕਰਕੇ ਉੱਚ ਸਿੱਖਿਆ ਦੇ ਮੌਕਿਆਂ ਤੋਂ ਬਾਹਰ ਕਰ ਦਿੱਤਾ ਹੈ। ਸਰਕਾਰੀ ਟਰਾਂਸਪੋਰਟ ‘ਤੇ ਹੈਵੀ ਹੋਏ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਵੱਲੋਂ ਵਿਦਿਆਰਥੀਆਂ ਨੂੰ ਸੂਬਾ ਭਰ ‘ਚ ਜ਼ਲੀਲ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਮੀਤ ਹੇਅਰ ਨੇ ਕਿਹਾ ਕਿ ਸੀ.ਵਾਈ.ਐਸ.ਐਸ ਵਿਦਿਆਰਥੀਆਂ ਦੇ ਤਮਾਮ ਹੱਕਾਂ ਅਤੇ ਹਿੱਤਾਂ ਲਈ ਸੜਕ ਤੋਂ ਸਦਨ ਤੱਕ ਦੀ ਲੜਾਈ ਲੜੇਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਵਿਦਿਆਰਥੀਆਂ ਨੂੰ ਵਿਧਾਨ ਸਭਾ ਤੱਕ ਪਹੁੰਚਾਇਆ ਹੈ।

ਮੀਤ ਹੇਅਰ ਨੇ ਕਿਹਾ ਕਿ ਇਹ ਸਟੇਟ ਕਮੇਟੀ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਸੀ.ਵਾਈ.ਐਸ.ਐਸ ਦੇ ਸਰਗਰਮ ਵਿੰਗ ਖੜੇ ਕਰੇਗੀ ਤਾਂ ਕਿ ਵਿਦਿਆਰਥੀਆਂ ਦਾ ਜਾਗਰੂਕ ਵਰਗ ਨਾ ਕੇਵਲ ਵਿਦਿਆਰਥੀਆਂ ਸਗੋਂ ਪੰਜਾਬ ਦੇ ਭਖਵੇਂ ਮੁੱਦਿਆਂ ਨੂੰ ਵੀ ਜ਼ੋਰ-ਸ਼ੋਰ ਨਾਲ ਉਠਾਏਗਾ।

ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਰੇਸ਼ਮ ਸਿੰਘ ਗੋਦਾਰਾ, ਗਗਨਦੀਪ ਸਿੰਘ ਚੱਢਾ, ਸੀਰਾ ਭਨਭੋਰਾ, ਦਿਨੇਸ਼ ਚੱਢਾ, ਨਵਜੋਤ ਸੈਣੀ ਅਤੇ ਨਰਿੰਦਰ ਕੌਰ ਭਰਾਜ ਨੇ ਵੀ ਸੰਬੋਧਨ ਕੀਤਾ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •