ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਉੱਤਰ ਪ੍ਰਦੇਸ਼ ’ਚ ਪੱਤਰਕਾਰ ’ਤੇ ਕੇਸ ਦਰਜ ਕਰਨ ਦੀ ਨਿਖ਼ੇਧੀ

ਜਲੰਧਰ, 3 ਸਤੰਬਰ, 2019 –
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਉੱਤਰ ਪ੍ਰਦੇਸ ’ਚ ਮਿਰਜ਼ਾਪੁਰ ਦੇ ਇਕ ਪੱਤਰਕਾਰ ਵੱਲੋਂ ਇਕ ਸਕੂਲ ’ਚ ਮਿੱਡ ਡੇਅ ਮੀਲ ’ਚ ਲੂਣ ਨਾਲ ਰੋਟੀ ਦਿੱਤੇ ਜਾਣ ਦੀ ਵੀਡੀਓ ਬਣਾਏ ਜਾਣ ਕਾਰਨ ਉਸ ’ਤੇ ਹੀ ਕੇਸ ਦਰਜ ਕਰਨ ਦੀ ਸਖਤ ਨਿਖੇਧੀ ਕੀਤੀ ਹੈ।

ਜਥੇਬੰਦੀ ਦੀ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਈ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਬਲਵਿੰਦਰ ਜੰਮੂ ਨੇ ਕਿਹਾ ਕਿ ਕੇਂਦਰ ਵਿਚ ਮੋਦੀ ਸਰਕਾਰ ਆਉਣ ਤੋਂ ਬਾਅਦ ਪੱਤਰਕਾਰਾਂ ’ਤੇ ਗਿਣ-ਮਿੱਥ ਕੇ ਹਮਲੇ ਹੋ ਰਹੇ ਹਨ। ਲੋਕਤੰਤਰ ਦੇ ਇਸ ਚੌਥੇ ਥੰਮ੍ਹ ਮੀਡੀਆ ਨੂੰ ਬਚਾਉਣ ਲਈ ਇਕਜੁੱਟ ਹੋਣ ਦੀ ਲੋੜ ਹੈ।

ਉਨ੍ਹਾਂ ਦੇਸ਼ ਭਰ ਵਿਚ ਆਈ ਮੰਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਅਸਰ ਮੀਡੀਆ ਖੇਤਰ ਵਿਚ ਹੀ ਪਵੇਗਾ। ਜਦੋਂ ਕੰਪਨੀਆਂ ਘਾਟੇ ਵਿਚ ਜਾਣਗੀਆਂ ਤੇ ਰੋਜ਼ਗਾਰ ਦੇ ਮੌਕੇ ਵੀ ਘਟਣਗੇ ਤੇ ਮੀਡੀਆ ਹਾਊਸ ਨੂੰ ਮਿਲਣ ਵਾਲੇ ਇਸ਼ਤਿਹਾਰਾਂ ’ਤੇ ਵੀ ਸਿੱਧਾ ਅਸਰ ਪਵੇਗਾ।

ਜਥੇਬੰਦੀ ਵੱਲੋਂ ਪੰਜਾਬ ਭਰ ਦੇ ਪੱਤਰਕਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਏ ਜਾਣ ’ਤੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਿਹੜੇ ਪੱਤਰਕਾਰਾਂ ਦੇ ਗੁਲਾਬੀ ਅਤੇ ਪੀਲੇ ਕਾਰਡ ਬਣੇ ਹੋਏ ਹਨ ਉਹ ਇਸ ਯੋਜਨਾ ਤਹਿਤ ਅਪਲਾਈ ਕਰਨ ਤਾਂ ਜੋ ਉਨ੍ਹਾਂ ਦਾ ਸਿਹਤ ਸਮਾਰਟ ਕਾਰਡ ਬਣ ਸਕੇ।

ਬਲਵਿੰਦਰ ਜੰਮੂ ਨੇ ਕਿਹਾ ਕਿ ਜਥੇਬੰਦੀ ਹਮੇਸ਼ਾਂ ਹੀ ਪੱਤਰਕਾਰਾਂ ਦੇ ਹੱਕਾਂ ਹਿਤਾਂ ਲਈ ਲੜਦੀ ਆ ਰਹੀ ਹੈ ਤੇ ਭਵਿੱਖ ਵਿਚ ਵੀ ਭਾਈਚਾਰੇ ਦੇ ਨਾਲ ਖੜ੍ਹੇਗੀ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਅਕਤੂਬਰ ਮਹੀਨੇ ਸੁਲਤਾਨਪੁਰ ਲੋਧੀ ਵਿਚ ਕਰਵਾਇਆ ਜਾਵੇਗਾ। ਇਸ ਮੀਟਿੰਗ ਵਿਚ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਨਾਲ ਸਬੰਧਤ ਪ੍ਰਤੀਨਿਧ ਹਾਜ਼ਰ ਸਨ।

Share News / Article

Yes Punjab - TOP STORIES