ਪੰਜਾਬੀ ਸਿਨੇਮਾ ਦੇ ਪ੍ਰੋਡਿਊਸਰਾਂ ਨੂੰ ਕੁਝ ਡਿਸਟ੍ਰਿਬਿਊਟਰਾਂ, ਐਕਟਰਾਂ ਅਤੇ ਡਾਇਰੈਕਟਰਾਂ ਦੇ ਸ਼ੋਸ਼ਣ ਤੋਂ ਬਚਾਵੇਗੀ ਨਵੀਂ ਸੰਸਥਾ: ਵਾਲੀਆ

ਚੰਡੀਗੜ, 16 ਸਤੰਬਰ, 2019 –

ਪੰਜਾਬੀ ਫਿਲਮ ਇੰਡਸਟ੍ਰੀ ਹਾਲੇ ਤਜਰਬਿਆਂ ਦੇ ਦੌਰ ਵਿਚ ਹੈ ਫਿਰ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਦੇਣ ਵਾਲੇ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ ਹਰ ਹੰਭਲਾ ਮਾਰ ਕੇ ਪੰਜਾਬੀ ਫਿਲਮਾਂ ਨੂੰ ਉਤਸਾਹਿਤ ਕਰਨ ਲਈ ਪੰਜਾਬੀ ਫਿਲਮ ਪ੍ਰੋਡਿਊਸਰਸ ਦੀ ਇਕ ਨਵੇਂ ਤਜਰਬੇ ਵੀ ਕਰ ਰਹੇ ਹਨ ਅਤੇ ਹਰ ਤਰ੍ਹਾਂ ਦਾ ਵਿੱਤੀ ਪ੍ਰਬੰਧ ਕਰਦੇ ਹੋਏ ਵੱਡਾ ਜੋਖਮ ਵੀ ਲੈ ਰਹੇ ਹਨ। ਇਸਦੇ ਬਾਵਜੂਦ ਕੁਝ ਅਦਾਕਾਰਾਂ, ਡਿਸਟ੍ਰੀਬਿਊਟਰਾਂ ਅਤੇ ਡਾਇਰੈਕਟਰਾਂ ਵਲੋਂ ਕਥਿਤ ਤੌਰ ਤੇ ਉਨ੍ਹਾਂ ਨਾਲ ਧੋਖੇਬਾਜੀ ਕਰਨ ਕਰਕੇ ਪ੍ਰੋਡਿਊਸਰਾਂ ਦਾ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ।

ਇਸ ਸਭ ਤੋਂ ਬਚਣ ਲਈ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਪੰਜਾਬੀ ਫਿਲਮ ਪ੍ਰੋਡਿਊਸਰਾਂ ਦੀ ਇਕ ਮੀਟਿਗ ਵਿਚ ਪੰਜਾਬੀ ਫਿਲਮਾਂ ਦੇ ਬਹੁਤ ਸਾਰੇ ਸਰਗਰਮ ਪ੍ਰੋਡਿਊਸਰਾਂ ਨੇ ਸਾਂਝੇ ਤੌਰ ‘ਤੇ ਪ੍ਰੋਡਿਊਸਰਸ ਦੀ ਐਸੋਸੀਏਸ਼ਨ ਬਣਾਉਣ ਦਾ ਫੈਸਲਾ ਲਿਆ ਮੀਟਿੰਗ ਵਿਚ ਹਰੇਕ ਪ੍ਰੋਡਿਊਸਰ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ।

ਮੀਟਿੰਗ ਵਿਚ ਹਾਜਿਰ ਪ੍ਰੋਡਿਊਸਰਾਂ ਨੇ ਕਿਹਾ ਕਿ ਅੱਜ ਕੱਲ੍ਹ ਹਰ ਹਫਤੇ ਇੱਕ ਅਤੇ ਇਸ ਤੋਂ ਵੱਧ ਵੀ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਹਨ ਅਤੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨਿਰਮਾਣ ਅਧੀਨ ਹਨ ਇਸ ਕਾਰਨ ਨਵੇਂ ਨਿਰਮਾਤਾਵਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਰਮਾਤਾਵਾਂ ਨੂੰ ਕੁਝ ਲਾਲਚੀ ਕਲਾਕਾਰਾਂ ਅਤੇ ਡਾਇਰੈਕਟਰਾਂ ਵਲੋਂ ਝੂਠੇ ਸਬਜ਼ਬਾਗ ਦਿਖਾ ਕੇ ਫਸਾ ਲਿਆ ਜਾਂਦਾ ਹੈ ਅਤੇ ਮਹਿੰਗੀਆਂ ਫਿਲਮਾਂ ਬਣਾ ਕੇ ਬਾਅਦ ਵਿੱਚ ਵੱਡੇ ਘਾਟਿਆਂ ਦੇ ਰੂਪ ਵਿੱਚ ਸ਼ੋਸ਼ਣ ਕੀਤਾ ਜਾਂਦਾ ਹੈ । ਕੁਝ ਡਿਸਟਰੀਬਿਊਟਰ ਵੀ ਇਸ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਪੰਜਾਬੀ ਸਿਨਮੇ ਦਾ ਨੁਕਸਾਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਹਰ ਨਵਾਂ ਨਿਰਮਾਤਾ ਆਪਣੀ ਫਿਲਮ ਹੌਂਸਲੇ ਅਤੇ ਦਿਲ ਨਾਲ ਬਣਾਉਂਦਾ ਹੈ ਪਰ ਬਾਅਦ ਵਿੱਚ ਸਭ ਕੁੱਝ ਲੁੱਟ ਪੁੱਟ ਜਾਣ ਤੋਂ ਬਾਅਦ ਪੰਜਾਬੀ ਸਿਨਮੇ ਤੋਂ ਕਿਨਾਰਾ ਕਰ ਜਾਂਦਾ ਹੈ।

ਮੈਂਬਰਾਂ ਨੇ ਕਿਹਾ ਕਿ ਇਹ ਸੰਸਥਾ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਸਮੁੱਚੇ ਪ੍ਰੋਡਿਊਸਰ ਭਾਈਚਾਰੇ ਨੂੰ ਦਿਸ਼ਾ ਦੇਵੇਗੀ ਅਤੇ ਉਹਨਾਂ ਦੇ ਹੱਕਾਂ ਲਈ ਆਵਾਜ ਬੁਲੰਦ ਕਰੇਗੀ।

ਮੀਟਿੰਗ ਵਿੱਚ ਬਹੁਤ ਸਾਰੇ ਏਜੰਡਿਆਂ ‘ਤੇ ਚਰਚਾ ਹੋਈ ਜਿਸ ਵਿੱਚ ਪ੍ਰੋਡਿਊਸਰਾਂ ਨਾਲ ਹੋ ਰਹੇ ਕਈ ਪ੍ਰਕਾਰ ਦੇ ਸ਼ੋਸ਼ਣ ਬਾਰੇ ਵਿਚਾਰ ਕੀਤਾ ਗਿਆ । ਮੈਂਬਰਾਂ ਨੇ ਕਿਹਾ ਕਿ ਕੁਝ ਡਿਸਟ੍ਰੀਬਿਉਟਰਸ, ਐਕਟਰ, ਪ੍ਰੋਡਕਸ਼ਨ ਡਾਇਰੈਕਟਰ ਤੇ ਕਈ ਤਰ੍ਹਾਂ ਦੇ ਹੋਰ ਬੰਦਿਆਂ ਵਲੋਂ ਪ੍ਰੋਡਿਊਸਰ ਦਾ ਸ਼ੋਸ਼ਣ ਹੁੰਦਾ ਰਹਿੰਦਾ ਹੈḩ ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਇਸ ਸੰਸਥਾ ਨੂੰ ਹੋਂਦ ਵਿਚ ਲਿਆਉਣਾ ਸਮੇਂ ਦੀ ਮੰਗ ਸੀ ਤਾਂ ਕਿ ਆਉਣ ਵਾਲੇ ਨਵੇਂ ਪ੍ਰੋਡਿਊਸਰ ਅਤੇ ਪੁਰਾਣੇ ਪ੍ਰੋਡਿਊਸਰ ਜੋ ਫਿਲਮਾਂ ਸ਼ੁਰੂ ਕਰਦੇ ਹਨ, ਉਹਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ ।

ਉਨ੍ਹਾਂ ਕਿਹਾ ਕਿ ਫਿਲਮਾਂ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਨਾਲ ਹੋਣ ਵਾਲੇ ਐਗਰੀਮੈਂਟ ਤੋਂ ਲੈ ਕੇ ਸਿਨੇਮਾ ਤੱਕ ਆਉਣ ਵਾਲੀਆਂ ਮੁਸ਼ਕਿਲਾਂ ਲਈ ਸੰਸਥਾ ਹਰ ਸੰਭਵ ਸਹਾਇਤਾ ਮੁਹਈਆ ਕਰਵਾਏਗੀ ਅਤੇ ਡਿਜਿਟਲ ਫੀਸ ਅਤੇ ਐਂਟਰਟੇਨਮੈਂਟ ਟੈਕਸ ਬਾਰੇ ਵੀ ਸਰਕਾਰ ਨਾਲ ਗੱਲਬਾਤ ਕਰੇਗੀ।

ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਬਹੁਤ ਸਾਰੇ ਪ੍ਰੋਡਿਊਸਰਾਂ ਨਾਲ ਹੋਈਆਂ ਠੱਗੀਆਂ ਦੀਆਂ ਸ਼ਿਕਾਇਤਾਂ ਵੀ ਬੀਤੇ ਦਿਨ ਸੰਸਥਾ ਨੂੰ ਪ੍ਰੋਡਿਊਸਰਾਂ ਵੱਲੋਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਪੜਤਾਲ ਕਰਨ ਤੋਂ ਬਾਅਦ ਦੋਸ਼ੀ ਵਿਅਕਤੀਆਂ ਖਿਲਾਫ ਇੱਕ ਮੁਹਿੰਮ ਵਿੱਢੀ ਜਾਏਗੀ ।

ਇਸ ਮੌਕੇ ਕੀਤੀ ਗਈ ਚੋਣ ਵਿਚ ਸਰਵਸੰਮਤੀ ਨਾਲ ਚਰਨਜੀਤ ਸਿੰਘ ਵਾਲੀਆ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆḩ ਬਾਕੀ ਅਹੁਦੇਦਾਰਾਂ ਵਿਚ ਚੇਅਰਮੈਨ ਹਰਜਿੰਦਰ ਸਿੰਘ ਗਰਚਾ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਦੇਵਗਨ ਅਤੇ ਸਕੱਤਰ ਵਜੋਂ ਯੁਵਰਾਜ ਸਿੰਘ ਬੱਲ ਨੂੰ ਚੁਣਿਆ ਗਿਆ ਹੈ। ਵਿਮਲ ਚੋਪੜਾ ਨੂੰ ਸਹਾਇਕ ਸਕੱਤਰ ਅਤੇ ਕਰਨ ਧਾਲੀਵਾਲ ਵਿੱਤ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ ਹੈ। ਕੋਰ ਕਮੇਟੀ ਮੈਂਬਰਾਂ ਵਿਚ ਮਨੀ ਧਾਲੀਵਾਲ, ਦੀਪਕ ਗੁਪਤਾ, ਜਤਿੰਦਰ ਸ਼ਰਮਾ, ਅੰਚਿਤ ਗੋਇਲ, ਸਰਬਜੀਤ ਸਿੰਘ ਕਲਸੀ, ਅਮਨੀਤ ਸ਼ੇਰ ਸਿੰਘ (ਕਾਕੂ), ਮੋਹਿਤ ਬਨਵੈਤ, ਰੰਜੀਵ ਸਿੰਗਲਾ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਸ ਮੌਕੇ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇḩ ਉਨ੍ਹਾਂ ਕਿਹਾ ਕਿ ਉਹ ਖੁਦ ਵੀਪਹਿਲੀ ਫਿਲਮ ਬਣਾਉਣ ਵੇਲੇ ਇਸ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਪ੍ਰੋਡਿਊਸਰਾਂ ਦੇ ਹੱਕਾਂ ਨਾਲ ਖਿਲਵਾੜ ਨਾ ਹੋਵੇ ਅਤੇ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਨਾਲ ਸ਼ੋਸ਼ਣ ਨਾ ਹੋ ਸਕੇ।

ਇਸ ਮੌਕੇ ਸੰਸਥਾ ਦੇ ਮੈਂਬਰ ਬਲਜੀਤ ਸਿੰਘ ਜੌਹਲ, ਰੁਪਿੰਦਰ ਮਿਨਹਾਸ, ਮੰਦੀਪ ਸਿੰਘ, ਬੌਬੀ ਸਚਦੇਵਾ, ਐਸ.ਐਸ. ਵਾਲੀਆ, ਪਰਵਿੰਦਰ ਚਹਿਲ, ਤੇਗਬੀਰ ਸਿੰਘ ਵਾਲੀਆ, ਪ੍ਰਦੀਪ ਸਿੰਘ ਸੰਧੂ, ਲਿਵਤਾਰ ਸਿੰਘ, ਤਰਸੇਮ ਕੋਹਲੀ, ਮਾਇਕ ਵਰਮਾ, ਵਿਪਲ ਕੰਬੋਜ, ਮਨਪ੍ਰੀਤ ਸਿੰਘ, ਵਿਨੇ ਜਿੰਦਲ, ਗੁਰਪ੍ਰੀਤ ਸਿੰਘ ਤੋਂ ਇਲਾਵਾ ਕਾਨੂੰਨੀ ਸੇਵਾਵਾਂ ਦੇਣ ਵਾਲੇ ਐਡਵੋਕੇਟ ਹਾਕਮ ਸਿੰਘ ਅਤੇ ਐਡਵੋਕੇਟ ਯੋਗੇਸ਼ ਅਰੋੜਾ ਵੀ ਹਾਜਰ ਸਨ।

Share News / Article

Yes Punjab - TOP STORIES