ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਨੂੰ ਸੰਗਤਾਂ ਲਈ ਖੋਲ੍ਹਿਆ ਗਿਆ, ਹੋ ਸਕਣਗੇ ਦੁਰਲਭ ਸਰੂਪਾਂ ਦੇ ਦਰਸ਼ਨ

ਪਟਿਆਲਾ, 1 ਅਕਤੂਬਰ, 2019 –
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਉਲੀਕੇ ਪ੍ਰੋਗਰਾਮਾਂ ਦੀ ਲੜੀ ਹੇਠ ਅੱਜ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਨੂੰ ਅੱਜ ਪੁਰਾਤਨ ਦੁਰਲਭ ਬੀੜਾਂ ਦੇ ਦਰਸ਼ਨ ਵਾਸਤੇ ਸਮੂਹ ਸਾਧ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ।

ਇਸ ਮੌਕੇ ਪੁਰਾਤਨ ਬੀੜਾਂ ਦੇ ਦਰਸ਼ਨ ਕਰਨ ਪੁੱਜੇ ਯੂਨੀਵਰਸਿਟੀ ਦੇ ਉਪ ਕੁਲਪਤੀ. ਬੀ.ਐਸ ਘੁੰਮਣ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸਰਬੱਤ ਸਾਧ ਸੰਗਤ ਆਪਣੀ ਵਿਰਾਸਤ ਦੇ ਫਖ਼ਰ ਨਾਲ ਇਕਸੁਰ ਹੋ ਗੁਰੂ ਨਾਨਕ ਪਾਤਸ਼ਾਹ ਦੀਆਂ ਰਹਿਮਤਾਂ ਦਾ ਪਾਤਰ ਬਣ ਸਕੇ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ ਸਮੇਂ ਵਿਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੇਕਾਂ ਪ੍ਰੋਗਰਾਮ ਕੀਤੇ ਹਨ ਪਰ ਇਹ ਅਦਭੁਤ ਸਮਾਗਮ ਸਦਾ ਲਈ ਆਪਣੀ ਛਾਪ ਲੋਕਾਂ ਦੇ ਮਨ ਵਿਚ ਛੱਡ ਕੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰੇਗਾ।

ਡਾ. ਘੁੰਮਣ ਨੇ ਦੱਸਿਆ ਕਿ ਇਸ ਦੁਰਲੱਬ ਖ਼ਜ਼ਾਨੇ ਵਿੱਚ ਕਰਤਾਰਪੁਰੀ ਬੀੜਾਂ, ਦਮਦਮੀ ਬੀੜਾਂ, ਚਿਤਰਕਾਰੀ ਬੀੜਾਂ ਅਤੇ ਅੰਗਰੇਜਾਂ ਦੁਆਰਾ ਪਹਿਲੀ ਵੱਡੀ ਜੰਗ ਵੇਲੇ ਸਿੱਖ ਫੌਜੀਆਂ ਲਈ ਤਿਆਰ ਕੀਤੀਆਂ ਬੀੜਾਂ ਸ਼ਾਮਲ ਹਨ ਅਤੇ ਇਨ੍ਹਾਂ ਦੇ ਦਰਸ਼ਨ ਕਰਨ ਦਾ ਇਹ ਸਮਾਗਮ ਲਗਾਤਾਰ ਸੱਤ ਦਿਨ ਚੱਲੇਗਾ।

ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਪੁਰਾਤਨ ਦੁਰਲਭ ਬੀੜਾਂ ਦਾ ਅਨਮੋਲ ਖ਼ਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਸਸ਼ੋਭਿਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਬਹੁਤੀਆਂ ਬੀੜਾਂ ਲੱਗਭਗ ਚਾਰ ਸਦੀਆਂ ਪੁਰਾਣੀਆਂ ਹਨ।

ਕੁੱਝ ਬੀੜਾਂ ਮਿਸਲ ਪੀਰੀਅਡ ਦੀਆਂ ਹਨ ਅਤੇ ਕੁੱਝ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀਆਂ ਹਨ। ਉਨ੍ਹਾਂ ਦੱਸਿਆ ਕਿ 1604 ਈ: ਨੂੰ ਸ੍ਰੀ ਗੁਰੂ ਅਰਜਰਨ ਪਾਤਸ਼ਾਹ ਦੀ ਦੇਖ-ਰੇਖ ਵਿਚ ਸੰਪਾਦਨ ਕੀਤੀ ਅਤੇ ਭਾਈ ਗੁਰਦਾਸ ਦੁਆਰਾ ਲਿਖਤ ਆਦਿ ਬੀੜ ਜਿਸ ਨੂੰ ਕਰਤਾਰਪੁਰੀ ਬੀੜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਦੇ ਲੱਗਭਗ ਅੱਠ ਉਤਾਰੇ ਸਾਧ ਸੰਗਤ ਦੇ ਸਨਮੁੱਖ ਕੀਤੇ ਜਾਣੇ ਹਨ।

ਡਾ. ਸਰਬਜਿੰਦਰ ਸਿੰਘ ਨੇ ਹੋਰ ਦੱਸਿਆ ਕਿ ਇਸੇ ਤਰ੍ਹਾਂ ਹੀ ਦਸਮ ਪਾਤਸ਼ਾਹ ਵਲੋਂ ਤਲਵੰਡੀ ਸਾਬੋ ਵਿਚ ਸੰਪਾਦਨ ਕੀਤੀ ਤੇ ਭਾਈ ਮਨੀ ਸਿੰਘ ਦੁਆਰਾ ਲਿਖੀ ਬੀੜ ਜਿਸਨੂੰ ਦਮਦਮੀ ਬੀੜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਦੇ ਉਤਾਰਿਆਂ ਦੀ ਪੰਜ ਬੀੜਾਂ ਦਰਸ਼ਨਾਂ ਲਈ ਸੁਭਾਏਮਾਨ ਹੋਣਗੀਆਂ।

ਇਸ ਤੋਂ ਇਲਾਵਾ ਸੋਨੇ ਅਤੇ ਹੀਰਿਆਂ ਦੀ ਸਿਆਹੀ ਨਾਲ ਲਿਖੀਆਂ ਗਈਆਂ ਬੀੜਾਂ ਜੋ ਮਿਸਲ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀਆਂ ਹਨ ਦੇ ਦਰਸ਼ਨ ਸੰਗਤਾਂ ਕਰ ਸਕਣਗੀਆਂ। ਬਹੁਤ ਹੀ ਅਦਭੁਤ ਅਤੇ ਛੋਟੇ ਆਕਾਰ ਦੀਆਂ ਬੀੜਾਂ ਜੋ ਕਿ ਪਹਿਲੀ ਵੱਡੀ ਜੰਗ ਵੇਲੇ ਅੰਗਰੇਜ਼ਾਂ ਦੁਆਰਾ ਸਿੱਖ ਰੈਜਮੈਂਟਸ ਲਈ ਤਿਆਰ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਇਕ ਸਿਪਾਹੀ ਆਪਣੇ ਸਿਰ ਵਿਚ ਦੁਮਾਲੇ ਹੇਠ ਸੁਸ਼ੋਭਿਤ ਨਿਸ਼ਾਨ ਸਾਹਿਬ ਲੈ ਕੇ ਚੱਲਦਾ ਸੀ ਤੇ ਪਿੱਛੇ ਪੂਰੀ ਰੈਜਮੈਂਟ ਉਨ੍ਹਾਂ ਦੇ ਦੀਦਾਰੇ ਕਰਦੀ ਸੀ।

ਉਨ੍ਹਾਂ ਦੱਸਿਆ ਕਿ ਇਹ ਅਨਮੋਲ ਖ਼ਜ਼ਾਨਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਿੱਖਾਂ ਦੇ ਘਰ ਬਹੁਤ ਹੀ ਸ਼ਰਧਾਪੂਰਵਕ ਰੱਖੀਆਂ ਹੋਇਆ ਸੀ, ਜਿਨ੍ਹਾਂ ਨੂੰ ਪ੍ਰੇਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਲਈ ਪ੍ਰਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰੂਪ ਇਕੱਤਰ ਕਰਨ ਦਾ ਕਾਰਜ ਬਹੁਤ ਹੀ ਕਠਿਨ ਸੀ ਪਰ ਗੁਰੂ ਬਖਸ਼ਿਸ ਸਦਕਾ ਅਸੀਂ ਸਫਲ ਹੋਏ।

ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਕਿਹਾ ਕਿ ਯੂਨੀਵਰਸਿਟੀ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇਗੀ। ਸਮੇਂ ਨੂੰ ਧਿਆਨ ਵਿਚ ਰਖਕੇ ਜਾਂ ਸੁਵਿਧਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਜਾ ਸਕਦੇ ਹਨ। ਡੀਨ ਡਾ. ਜੀ.ਐੱਸ ਬੱਤਰਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਇਸ ਕਾਰਜ ਨੂੰ ਅਸੀਂ ਨਮਨ ਕਰਦੇ ਹਾਂ ਤੇ ਹਰ ਤਰ੍ਹਾਂ ਦਾ ਸਹਿਯੋਗ ਵਿਭਾਗ ਨੂੰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਦਰਸ਼ਨਾਂ ਦੇ ਨਾਲ-ਨਾਲ ਸੱਤ ਦਿਨ ਵਿਸ਼ੇਸ਼ ਬੁਲਾਰੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵਿਚਾਰ ਬਾਰੇ ਸੰਗਤਾਂ ਦੇ ਸਨਮੁਖ ਹੋਣਗੇ। ਅੱਜ ਲਗਭਗ ਇਕ ਹਜ਼ਾਰ ਤੋਂ ਉਪਰ ਸੰਗਤਾਂ ਨੇ ਪੁਰਾਤਨ ਸਰੂਪਾਂ ਦੇ ਦਰਸ਼ਨ ਕਰਕੇ, ਇਸ ਇਤਿਹਾਸਕ ਪ੍ਰਸੰਗ ਨੂੰ ਜਾਣਿਆ। ਡਾ. ਮਲਕਿੰਦਰ ਕੌਰ ਤੇ ਡਾ.ਗੁੰਜਨਜੋਤ ਕੌਰ ਦੀ ਨਿਗਰਾਨੀ ਵਿਚ ਖੋਜਾਰਥੀ ਸੰਗਤ ਨੂੰ ਬੀੜਾਂ ਦੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ।

Share News / Article

YP Headlines