ਪੰਜਾਬੀ ਬਾਰੇ ਵਿਚਾਰਾਂ ਕਰਨ ਲਈ 20 ਫਰਵਰੀ ਨੂੰ ਵਿਧਾਨ ਸਭਾ ਦੀ ਇੱਕ ਵਿਸ਼ੇਸ਼ ਬੈਠਕ ਕਰਵਾਏਗੀ ਕੈਪਟਨ ਸਰਕਾਰ: ਚੰਨੀ

ਪਟਿਆਲਾ, 14 ਫਰਵਰੀ, 2020 –
ਪੰਜਾਬ ਦੇ ਸੈਰ ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਰੋਜ਼ਗਾਰ ਉਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬੀ ਬੋਲੀ, ਭਾਸ਼ਾ, ਸੱਭਿਆਚਾਰ ਤੇ ਵਿਰਸੇ ਨੂੰ ਪ੍ਰਫੁਲਤ ਕਰਨ ਲਈ ਵਚਨਬੱਧ ਹੈ।

ਸ. ਚੰਨੀ ਪੰਜਾਬ ਸਰਕਾਰ ਵੱਲੋਂ 14 ਤੋਂ 21 ਫਰਵਰੀ ਤੱਕ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਏ ਗਏ ‘ਪੰਜਾਬੀ ਬੋਲੀ ਅਤੇ ਸੱਭਿਆਚਾਰ ਉਤਸਵ’ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਕੈਪਟਨ ਸਰਕਾਰ ਨੇ ਵੱਡੇ ਪ੍ਰੋਗਰਾਮ ਉਲੀਕੇ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗੁਆਂਢੀ ਰਾਜਾਂ ‘ਚ ਵੀ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੁਰਜ਼ੋਰ ਯਤਨ ਕਰ ਰਹੀ ਹੈ।

ਸ. ਚੰਨੀ ਨੇ ਕਿਹਾ ਕਿ ਇਸ ਦੌਰਾਨ ਪੰਜਾਬੀ ਬੋਲੀ ਨੂੰ ਪ੍ਰਫੁਲਤ ਕਰਨ ਲਈ 20 ਫਰਵਰੀ ਨੂੰ ਕੈਪਟਨ ਸਰਕਾਰ ਪੰਜਾਬ ਵਿਧਾਨ ਸਭਾ ਦੀ ਇੱਕ ਵਿਸ਼ੇਸ਼ ਬੈਠਕ ਕਰਵਾਏਗੀ, ਜਿਸ ‘ਚ ਪੰਜਾਬੀ ਬੋਲੀ ਬਾਰੇ ਨਵੇਂ ਕਾਨੂੰਨ ਬਣਾਉਣ ਬਾਰੇ ਅਹਿਮ ਵਿਚਾਰਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਕਮਿਸ਼ਨ ਦੀ ਮੁੜ ਸੁਰਜੀਤੀ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

ਸ. ਚੰਨੀ ਨੇ ਹੋਰ ਕਿਹਾ ਕਿ ਕੈਪਟਨ ਸਰਕਾਰ ਜਿੱਥੇ ਪੰਜਾਬੀ ਬੋਲੀ ਨੂੰ ਰੋਜ਼ਗਾਰ ਤੇ ਕਾਰੋਬਾਰ ਦੀ ਭਾਸ਼ਾ ਬਣਾਉਣ ਲਈ ਵਚਨਬੱਧਤਾ ਨਾਲ ਕੰਮ ਤਾਂ ਕਰ ਰਹੀ ਹੈ, ਉਥੇ ਹੀ ਅਦਾਲਤੀ ਕੰਮ-ਕਾਜ ਵੀ ਪੰਜਾਬੀ ‘ਚ ਸ਼ੁਰੂ ਕਰਵਾਉਣ ਲਈ ਗੰਭੀਰ ਹੈ। ਇਸ ਤੋਂ ਬਿਨ੍ਹਾਂ ਪੰਜਾਬ ਅੰਦਰਲੇ ਨਿਜੀ ਸਕੂਲਾਂ ਵਿੱਚ 10ਵੀਂ ਤੱਕ ਪੰਜਾਬੀ ਦੀ ਪੜ੍ਹਾਈ ਲਾਜਮੀ ਕਰਵਾਉਣ ਲਈ ਵੀ ਭਾਸ਼ਾ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਅਜਿਹਾ ਨਾ ਕਰਨ ਵਾਲੇ ਸਕੂਲਾਂ ਦੀ ਮਾਨਤਾ ਖ਼ਤਮ ਕੀਤੀ ਜਾਵੇਗੀ।

ਸ. ਚਰਨਜੀਤ ਸਿੰਘ ਚੰਨੀ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਇੰਜੀਨੀਅਰਿੰਗ ਲਈ ਪੰਜਾਬ ਦੇ ਸਰਕਾਰੀ ਤਕਨੀਕੀ ਕਾਲਜਾਂ ‘ਚ ਵਿਦਿਆਰਥੀਆਂ ਦੇ ਦਾਖਲੇ ਪਹਿਲਾਂ ਨਾਲੋਂ ਕਾਫ਼ੀ ਵਧੇ ਹਨ। ਜਦੋਂਕਿ ਵਿਦਿਆਰਥੀ ਨਿੱਜੀ ਕਾਲਜਾਂ ਦੀ ਬਜਾਏ ਇੰਜੀਨੀਅਰਿੰਗ ਲਈ ਨਿੱਜੀ ਯੂਨੀਵਰਸਿਟੀਆਂ ‘ਚ ਦਾਖਲੇ ਲੈਣ ਨੂੰ ਤਰਜੀਹ ਦੇਣ ਲੱਗੇ ਹਨ।

ਕੈਬਨਿਟ ਮੰਤਰੀ ਨੇ ਇਸ ਉਤਸਵ ਦੀ ਰੂਪ ਰੇਖਾ ਬਾਰੇ ਦੱਸਿਆ ਕਿ ਇਸ ਦੌਰਾਨ 15 ਫਰਵਰੀ ਨੂੰ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਵਿਖੇ ਪੰਜਾਬੀ ਕਵੀ ਦਰਬਾਰ ਅਤੇ ਗੀਤ/ਗਜ਼ਲਾਂ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। 17 ਫਰਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਇੱਕ ਅੰਤਰ ਰਾਸ਼ਟਰੀ ਪੱਧਰ ਦਾ ਪੰਜਾਬੀ ਭਾਸ਼ਾ ਬਾਰੇ ਸੈਮੀਨਾਰ ਅਤੇ ਵਿਚਾਰ ਚਰਚਾ ਹੋਵੇਗੀ, 18 ਫਰਵਰੀ, ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ 4 ਯੂਨੀਵਰਸਿਟੀਆਂ ਦੇ ਇਨਾਮ ਜੇਤੂ ਟੀਮਾਂ ਦਾ ਨਾਟਕ ਮੁਕਾਬਲਾ ਕਰਵਾਇਆ ਜਾਵੇਗਾ। 19 ਫਰਵਰੀ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਪੰਜਾਬ ਨਾਲ ਸਬੰਧਤ ਲੋਕ ਨਾਚ/ਲੋਕ ਗੀਤ ਪੇਸ਼ ਕੀਤੇ ਜਾਣਗੇ।

ਇਸ ਤੋਂ ਇਲਾਵਾ ਪੰਜਾਬੀ ਬੋਲੀ ਨੂੰ ਸਮਰਪਿਤ 16 ਅਤੇ 17 ਮਾਰਚ ਨੂੰ ‘ਅੰਤਰ ਰਾਸ਼ਟਰੀ ਫਿਲਮ ਉਤਸਵ-2020’ ਕਰਵਾਇਆ ਜਾਵੇਗਾ, ਜਿਸ ‘ਚ ਪੰਜਾਬੀ ਨਾਲ ਸਬੰਧਤ ਕੁਝ ਉਘੀਆਂ ਫਿਲਮਾਂ ਦਿਖਾਈਆਂ ਜਾਣਗੀਆਂ ਅਤੇ ਇਹਨਾਂ ਫਿਲਮਾਂ ਨਾਲ ਸਬੰਧਤ ਪ੍ਰੋਡਿਉਸਰ/ਡਾਇਰੈਕਟਰ/ਕਲਾਕਾਰਾਂ ਦਾ ਸਨਮਾਨ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀ ਫਿਲਮ ਉਦਯੋਗ ਵਿੱਚ ਅਹਿਮ ਰੋਲ ਅਦਾ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨਗੇ।

ਇਸ ਉਤਸਵ ਦੇ ਆਖਰੀ ਦਿਨ 21 ਫਰਵਰੀ ਨੂੰ ਪੰਜਾਬ ਆਰਟ ਕੌਂਸਲ ਵੱਲੋਂ ਪੰਜਾਬ ਸਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਵਿਖੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਵਖਰੇ ਤੌਰ ਤੇ ਪ੍ਰੋਗਰਾਮ (ਪੰਜਾਬੀ ਗੀਤ/ਬਾਲ ਗੀਤਾਂ ਦਾ ਗਾਇਣ ਆਦਿ) ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ. ਮਲਵਿੰਦਰ ਸਿੰਘ ਜੱਗੀ ਤੇ ਡਿਪਟੀ ਡਾਇਰੈਕਟਰ ਸ. ਲਖਮੀਰ ਸਿੰਘ ਅਤੇ ਵੀ ਮੌਜੂਦ ਸਨ।

Share News / Article

Yes Punjab - TOP STORIES