ਪੰਜਾਬੀ ਪਰਵਾਸੀ ਸਾਹਿੱਤ ਅਧਿਐਨ ਵਿਭਾਗ ਦੇ ਕੰਪਿਊਟਰੀਕਰਨ ਲਈ ਪੰਜ ਲੱਖ ਰੁਪਏ ਦੀ ਗਰਾਂਟ ਮਮਤਾ ਆਸ਼ੂ ਵੱਲੋਂ ਜਾਰੀ

ਯੈੱਸ ਪੰਜਾਬ
ਲੁਧਿਆਣਾ, 30 ਦਸੰਬਰ, 2021 –
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੂੰ ਅੱਜ ਪੰਜਾਬ ਦੇ ਖੁਰਾਕ ਤੇ ਸਿਵਿਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆ਼ਸ਼ੂ ਵੱਲੋਂ ਸ੍ਰੀ ਮਤੀ ਮਮਤਾ ਆਸ਼ੂ, ਕੌਂਸਲਰ, ਲੁਧਿਆਣਾ ਵੱਲੋਂ ਪੰਜ ਲੱਖ ਦੀ ਗ੍ਰਾਂਟ ਦਿੱਤੀ ਗਈ।

ਅਜੋਕੇ ਸਮੇਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਇਹ ਗ੍ਰਾਂਟ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੰਪਿਊਟਰੀਕਰਨ ਲਈ ਦਿੱਤੀ ਗਈ। ਇਸ ਮੌਕੇ ਪਰਵਾਸੀ ਕੇਂਦਰ ਵੱਲੋਂ ਸ੍ਰੀ ਮਤੀ ਮਮਤਾ ਆਸ਼ੂ ਲਈ ਇਕ ਧੰਨਵਾਦ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਸਮਾਗਮ ਵਿਚ ਪ੍ਰੋ. ਗੁਰਭਜਨ ਗਿੱਲ, ਪ੍ਰਧਾਨ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਰੰਭ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸ੍ਰੀਮਤੀ ਮਮਤਾ ਆਸ਼ੂ, ਕੌਂਸਲਰ ਨਰਿੰਦਰ ਸ਼ਰਮਾ ਤੇ ਹੋਰ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ’ਤੇ ਜੀ ਆਇਆ ਕਿਹਾ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀਆਂ ਹੁਣ ਤੱਕ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਇਸ ਉਪਰੰਤ ਮਮਤਾ ਆਸ਼ੂ ਨੇ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਸ. ਅਰਵਿੰਦਰ ਸਿੰਘ ਤੇ ਪ੍ਰਿੰਸੀਪਲ ਡਾਃ.ਭੱਲਾ ਨੂੰ ਪੰਜ ਲੱਖ ਦਾ ਚੈੱਕ ਭੇਟ ਕੀਤਾ ਅਤੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸੀ ਪੰਜਾਬੀ ਸਾਹਿਤ ਤੇ ਵਿਦੇਸ਼ਾ ਵਿਚ ਪੰਜਾਬੀ ਭਾਸ਼ਾ ਦੀ ਪ੍ਰਫੁੱਲਿਤਾ ਲਈ ਜਿਸ ਨਿਸ਼ਠਾ ਨਾਲ ਕੰਮ ਕੀਤਾ ਜਾ ਰਿਹਾ ਹੈ ਉਹ ਸ਼ਲਾਘਾਯੋਗ ਹੈ ਉਨ੍ਹਾਂ ਨੇ ਕਿਹਾ ਕਿ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ, ਲੁਧਿਆਣਾ ਦੇ ਉੱਦਮ ਸਦਕਾ ਅੱਜ ਇਹ ਕੇਂਦਰ ਦੇਸ਼ ਵਿਦੇਸ਼ ਦੇ ਲੇਖਕਾਂ ਤੇ ਸਾਹਿਤਕ/ਸੱਭਿਆਚਾਰਕ ਸੰਸਥਾਵਾਂ ਵਿਚਕਾਰ ਇਕ ਪੁਲ ਦਾ ਕੰਮ ਕਰ ਰਿਹਾ ਹੈ।

ਮਮਤਾ ਆਸ਼ੂ ਨੇ ਆਉਂਦੇ ਕੁਝ ਦਿਨਾਂ ਵਿਚ ਕਰੋਨਾ ਵੈਕਸੀਨ ਕੈਂਪ ਜੀ. ਜੀ. ਐਨ. ਪਬਲਿਕ ਸਕੂਲ ਲਗਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਧਾਨ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਉਹ ਸ੍ਰੀ ਭਾਰਤ ਭੂਸ਼ਨ ਆਸ਼ੂ ਤੇ ਮਮਤਾ ਆਸ਼ੂ ਦੇ ਤਹਿ ਦਿਲ ਤੋਂ ਸ਼ੁਕਰਗੁਜਾਰ ਹਨ ਕਿ ਉਨ੍ਹਾਂ ਨੇ ਕੇਂਦਰ ਦੇ ਕੰਪਿਊਟਰੀਕਰਨ ਲਈ ਵਿੱਤੀ ਸਹਾਇਤਾ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਥੋੜੇ ਸਮੇਂ ਵਿਚ ਪਰਵਾਸੀ ਕੇਂਦਰ ਨੇ ਵਿਸ਼ਵ ਭਰ ਵਿਚ ਆਪਣੀ ਵਿਲੱਖਣ ਤੇ ਸਨਮਾਨਯੋਗ ਪਛਾਣ ਕਾਇਮ ਕੀਤੀ ਹੈ। ‘ਪਰਵਾਸ’ ਮੈਗਜ਼ੀਨ ਨੇ ਵਿਦੇਸ਼ਾ ’ਚ ਵੱਸਦੇ ਸੈਂਕੜੇ ਨਵੇਂ ਉੱਭਰ ਰਹੇ ਲੇਖਕਾਂ ਨੂੰ ਇਕ ਪਛਾਣ ਦਿੱਤੀ ਹੈ। ਪ੍ਰੋਗਰਾਮ ਦੇ ਅਖੀਰ ’ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ ਨੇ ਸਭ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ।

ਇਸ ਮੌਕੇ ਪ੍ਰੋ. ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ. ਜੀ. ਐਨ. ਆਈ. ਐਮ. ਟੀ., ਡਾ. ਗੁਨੀਤ ਕੌਰ ਪ੍ਰਿੰਸੀਪਲ ਜੀ. ਜੀ. ਐਨ. ਪਬਲਿਕ ਸਕੂਲ, ਪ੍ਰੋ. ਸ਼ਿਖਾ ਪ੍ਰਿੰਸੀਪਲ ਜੀ. ਜੀ. ਐਨ ਕਾਲਜ ਆਫ ਫਾਰਮੇਸੀ, ਸ. ਕੁਲਜੀਤ ਸਿੰਘ, ਸ. ਹਰਦੀਪ ਸਿੰਘ ਸਃ ਆਗਿਆਪਾਲ ਸਿੰਘ, ਬਾਵਾ ਨਰੂਲਾ ਅਤੇ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਹੋਰ ਮੈਂਬਰਾਨ ਸਮੇਤ ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ, ਡਾ. ਤੇਜਿੰਦਰ ਕੌਰ ਤੇ ਰਜਿੰਦਰ ਸਿੰਘ ਸੰਧੂ ਵੀ ਹਾਜ਼ਰ ਰਹੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ