ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਦਾ ਵਾਅਦਾ ਕਿਰਨ ਖ਼ੇਰ ਨੂੰ ਯਾਦ ਕਰਾਏਗਾ ਚੰਡੀਗੜ੍ਹ ਪੰਜਾਬੀ ਮੰਚ

ਚੰਡੀਗੜ੍ਹ, 11 ਸਤੰਬਰ, 2019 –

ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲਾ ਭਾਸ਼ਾ ਦਾ ਦਰਜਾ ਦਿਵਾਉਣ ਲਈ ਸੰਘਰਸਸ਼ੀਲ ਚੰਡੀਗੜ੍ਹ ਪੰਜਾਬੀ ਮੰਚ ਨੇ ਸਥਾਨਕ ਸੰਸਦ ਮੈਂਬਰ ਬੀਬੀ ਕਿਰਨ ਖੇਰ ਨੂੰ ਉਸ ਦਾ ਕੀਤਾ ਵਾਅਦਾ ਯਾਦ ਕਰਵਾਇਆ। ਚੰਡੀਗੜ੍ਹ ਪੰਜਾਬੀ ਮੰਚ ਦੀ ਪੰਜਾਬ ਕਲਾ ਭਵਨ ਵਿਖੇ ਹੋਈ ਇਕ ਅਹਿਮ ਬੈਠਕ ਵਿਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਹੁਰਾਂ ਨਾਲ ਇਕ ਵਾਰ ਮੁਲਾਕਾਤ ਕਰਕੇ ਉਨ੍ਹਾਂ ਨੂੰ ਉਨ੍ਹਾਂ ਦਾ ਵਾਅਦਾ ਯਾਦ ਕਰਵਾਇਆ ਜਾਵੇ ਜੋ ਉਨ੍ਹਾਂ ਚੋਣਾਂ ਦੌਰਾਨ ਜਨਤਕ ਸਟੇਜ ਤੋਂ ਆਖਿਆ ਸੀ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਉਸਦਾ ਸਥਾਨ ਮਿਲਣਾ ਚਾਹੀਦਾ ਹੈ ਤੇ ਇਸ ਦੇ ਲਈ ਮੈਂ ਕੋਸ਼ਿਸ਼ ਕਰਾਂਗੀ।

ਜ਼ਿਕਰਯੋਗ ਹੈ ਕਿ ਤਿੰਨ ਮਹੀਨਿਆਂ ਦਾ ਸਮਾਂ ਬੀਤਣ ਦੇ ਬਾਵਜੂਦ ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਵਾਉਣ ਸਬੰਧੀ ਕਿਰਨ ਖੇਰ ਦੀ ਚੁੱਪ ਪੰਜਾਬੀ ਹਿਤੈਸ਼ੀਆਂ ਨੂੰ ਫਿਕਰਮੰਦ ਰਹੀ ਹੈ।

ਚੰਡੀਗੜ੍ਹ ਪੰਜਾਬੀ ਮੰਚ ਦੀ ਬੈਠਕ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ ਅਤੇ ਪ੍ਰਧਾਨ ਨੰਬਰਦਾਰ ਦਲਜੀਤ ਸਿੰਘ ਪਲਸੌਰਾ ਦੀ ਅਗਵਾਈ ਹੇਠ ਹੋਈ, ਇਸ ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਕਿਰਨ ਖੇਰ ਨੂੰ ਮਿਲ ਕੇ ਪੰਜਾਬੀ ਭਾਸ਼ਾ ਨੂੰ ਸਮਾਂਬੱਧ ਢੰਗ ਨਾਲ ਚੰਡੀਗੜ੍ਹ ਵਿਚ ਬਣਦਾ ਸਥਾਨ ਦਿਵਾਉਣ ਦੀ ਮੰਗ ਕੀਤੀ ਜਾਵੇਗੀ ਅਤੇ ਜੇਕਰ ਉਨ੍ਹਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਦਾ ਤਾਂ ਚੰਡੀਗੜ੍ਹ ਪੰਜਾਬੀ ਮੰਚ ਆਪਣੇ ਸਮੂਹ ਸਹਿਯੋਗੀ ਸੰਗਠਨਾਂ ਜਿਨ੍ਹਾਂ ਵਿਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਤੇ ਹੋਰ ਸਹਿਯੋਗ ਸਭਾਵਾਂ ਦੇ ਨਾਲ ਮਿਲ ਕੇ ਇਕ ਵਾਰ ਫਿਰ ਸੰਘਰਸ਼ ਦੇ ਰਾਹ ਪਵੇਗਾ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਮੰਚ ਦਾ ਧੁਰਾ ਪੱਤਰਕਾਰ ਤਰਲੋਚਨ ਸਿੰਘ, ਖਜ਼ਾਨਚੀ ਸੁਖਜੀਤ ਸਿੰਘ ਹੱਲੋਮਾਜਰਾ, ਚੇਅਰਮੈਨ ਸ਼ਿਰੀ ਰਾਮ ਅਰਸ਼, ਪੇਂਡੂ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰੀਤ ਸੋਮਲ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਜੋਗਿੰਦਰ ਸਿੰਘ ਬੁੜੈਲ, ਟਰੇਡ ਯੂਨੀਅਨ ਆਗੂ ਭੁਪਿੰਦਰ ਸਿੰਘ, ਲੇਖਕ ਮਨਜੀਤ ਕੌਰ ਮੀਤ ਤੇ ਦੀਪਕ ਸ਼ਰਮਾ ਚਰਨਾਰਥਲ, ਚੈਂਚਲ ਸਿੰਘ ਆਦਿ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਉਮੀਦਵਾਰ ਕਿਰਨ ਖੇਰ, ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਅਤੇ ‘ਆਪ’ ਉਮੀਦਵਾਰ ਹਰਮੋਹਨ ਧਵਨ ਨੇ ਪੰਜਾਬੀ ਮੰਚ ਵੱਲੋਂ ਲਗਾਏ ਸਾਂਝੇ ਮੰਚ ਤੋਂ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬੀ ਭਾਸ਼ਾ ਦੀ ਹੋ ਰਹੀ ਦੁਰਗਤੀ ਬਾਰੇ ਵਿਚਾਰ ਦਿੱਤੇ ਸਨ।

ਉਨ੍ਹਾਂ ਕਿਹਾ ਕਿ ਜਿਥੇ ਸ੍ਰੀ ਬਾਂਸਲ ਤੇ ਸ੍ਰੀ ਧਵਨ ਨੇ ਯੂਟੀ ਪ੍ਰਸ਼ਾਸਨ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿਵਾਉਣ ਦੇ ਵਾਅਦੇ ਕੀਤੇ ਸਨ, ਉਥੇ ਕਿਰਨ ਖੇਰ ਨੇ ਹੈਰਾਨੀ ਜ਼ਾਹਿਰ ਕੀਤੀ ਸੀ ਕਿ ਯੂਟੀ ਪ੍ਰਸ਼ਾਸਨ ਵਿਚ ਪਤਾ ਨਹੀਂ ਕਿਉਂ ਪੰਜਾਬੀ ਨੂੰ ਬਣਦਾ ਸਥਾਨ ਨਹੀਂ ਦਿੱਤਾ ਗਿਆ।

ਬੁਲਾਰਿਆਂ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਇਕ ਪੰਜਾਬਣ ਨੂੰ ਮੁੜ ਜਿੱਤਾ ਕੇ ਪਾਰਲੀਮੈਂਟ ਵਿਚ ਭੇਜਣ ਦਾ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ ਅਤੇ ਹੁਣ ਕਿਰਨ ਖੇਰ ਨੂੰ ਆਪਣੇ ਬੋਲ ਪੁਗਾਉਣ ਦਾ ਧਰਮ ਨਿਭਾਉਣਾ ਚਾਹੀਦਾ ਹੈ। ਬੁਲਾਰਿਆਂ ਨੇ ਆਸ ਪ੍ਰਗਟ ਕੀਤੀ ਕਿ ਕਿਰਨ ਖੇਰ ਆਪਣੇ ਵਾਅਦੇ ਤੋਂ ਥਿੜਕ ਕੇ ਪੰਜਾਬੀਆਂ ਨਾਲ ਵਾਅਦਾ-ਖਿਲਾਫੀਆਂ ਕਰਨ ਵਾਲੇ ਚੰਡੀਗੜ੍ਹ ਦੇ ਪਹਿਲੇ ਸੰਸਦ ਮੈਂਬਰਾਂ ਦੀ ਕਤਾਰ ਵਿਚ ਖੜ੍ਹੀ ਹੋਣ ਦੀ ਭੁੱਲ ਨਹੀਂ ਕਰਨਗੇ।

ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਤੇ ਕਿਰਨ ਖੇਰ ਨੂੰ ਜਿਤਾਉਣ ਲਈ ਮਿਹਨਤ ਕਰਨ ਵਾਲੇ ਹਰਦੀਪ ਸਿੰਘ ਨੇ ਐਲਾਨ ਕੀਤਾ ਕਿ ਉਹ ਮਾਂ ਬੋਲੀ ਦੇ ਮੁੱਦੇ ਉਪਰ ਪਾਰਟੀ ਜਾਂ ਸਿਆਸਤ ਦੀ ਥਾਂ ਪੰਜਾਬੀ ਹਿਤੈਸ਼ੀਆਂ ਦੀ ਆਵਾਜ਼ ਬਣਨਗੇ। ਉਨ੍ਹਾਂ ਕਿਹਾ ਕਿ ਇਕ ਵਾਰ ਆਪਾਂ ਮਿਲ ਕੇ ਕਿਰਨ ਖੇਰ ਨੂੰ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਅਪੀਲ ਜ਼ਰੂਰ ਕਰਾਂਗੇ,ਨਹੀਂ ਤਾਂ ਮਾਂ ਬੋਲੀ ਪੰਜਾਬੀ ਹਿਤੈਸ਼ੀਆਂ ਦੇ ਇਸ ਸੰਘਰਸ਼ ਵਿਚ ਅਸੀਂ ਸਭ ਤੋਂ ਮੂਹਰੇ ਹੋ ਕੇ ਜੱਦੋ-ਜਹਿਦ ਕਰਾਂਗੇ।

ਚੰਡੀਗੜ੍ਹ ਪੰਜਾਬੀ ਮੰਚ ਪਿਕਸ : ਚੰਡੀਗੜ੍ਹ ਪੰਜਾਬੀ ਮੰਚ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਦੇ ਨੁਮਾਇੰਦੇ ਮਾਂ ਬੋਲੀ ਦੇ ਹੱਕ ਵਿਚ ਨਾਅਰੇ ਬੁਲੰਦ ਕਰਦੇ ਹੋਏ।

Share News / Article

Yes Punjab - TOP STORIES