ਪ੍ਰਿਯੰਕਾ ਗਾਂਧੀ ਨੂੰ ਮਿਲਿਆ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਵਫ਼ਦ, ਗੁਰੂ ਰਵਿਦਾਸ ਮੰਦਿਰ ਦੇ ਮੁੜ ਨਿਰਮਾਣ ਲਈ ਚਾਰਾਜੋਈ ਤੇਜ਼

ਦਿੱਲੀ, 31 ਅਗਸਤ, 2019 –

21 ਅਗਸਤ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨ ਤੁਗਲਕਾਬਾਦ ਮੰਦਿਰ ਦੇ ਸਨਮਾਨ ਲਈ ਇਕੱਠੀ ਹੋਈ ਆਦਿ ਧਰਮੀ ਸੰਗਤ ਦੇ ਗ੍ਰਿਫਤਾਰ ਕੀਤੇ ਗਏ 96 ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਅਤੇ ਇਤਿਹਾਸਕ ਮੰਦਿਰ ਦੀ ਮੁੜ ਉਸਾਰੀ ਲਈ ਭਾਰਤ ਸਰਕਾਰ ‘ਤੇ ਰਾਜਨੀਤਿਕ ਦਬਾਅ ਬਨਾਉਣ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਖਵਿੰਦਰ ਸਿੰਘ ਕੈਪਟਨ ਅਤੇ ਸੰਤ ਸੁਰਿੰਦਰ ਦਾਸ ਜੀ ਵੱਲੋਂ ਆਲ ਇੰਡੀਆ ਕਾਂਗਰਸ ਦੇ ਜਨ. ਸਕੱਤਰ ਸ੍ਰੀਮਤੀ ਪ੍ਰਿਯੰਕਾ ਗਾਂਧੀ ਨੂੰ ਨਵੀਂ ਦਿੱਲੀ ਵਿਖੇ ਇੱਕ ਮੈਮੋਰੰਡਮ ਦਿੱਤਾ ਗਿਆ।

ਸੰਤ ਸਤਵਿੰਦਰ ਹੀਰਾ ਨੇ ਸ੍ਰੀਮਤੀ ਪ੍ਰਿਯੰਕਾ ਗਾਂਧੀ ਨੂੰ ਕਿਹਾ ਕਿ 10 ਅਗਸਤ 2019 ਨੂੰ ਡੀ.ਡੀ.ਏ. ਵਲੋਂ ਸਤਿਗੁਰੂ ਰਵਿਦਾਸ ਜੀ ਦਾ ਮੰਦਿਰ ਢਾਹ ਦਿੱਤਾ ਗਿਆ, ਜਿਸ ਲਈ 15ਵੀਂ ਸਦੀ ਵਿਚ ਰਾਜਾ ਸਿੰਕਦਰ ਲੋਧੀ ਨੇ ਸੱਤ ਸੌ ਕਨਾਲ ਜ਼ਮੀਨ ਗੁਰੂੁ ਰਵਿਦਾਸ ਜੀ ਨੂੰ ਭੇਟ ਕੀਤੀ ਸੀ।

ਸਰਕਾਰ ਦੀ ਪ੍ਰਾਚੀਨ ਮੰਦਿਰ ਢਾਹੁਣ ਦੀ ਪ੍ਰਕਿਰਿਆ ਨਾਲ ਦੇਸ਼ ਦੇ ਕਰੋੜਾਂ ਆਦਿ ਵਾਸੀਆਂ, ਮੂਲ ਨਿਵਾਸੀਆਂ ਅਤੇ ਬਹੁਜਨਾਂ ਦੀਆਂ ਧਾਰਮਿਕ ਭਾਵਨਾਵਾਂ ‘ਤੇ ਸਿੱਧਾ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ 21 ਅਗਸਤ ਨੂੰ ”ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ” ਸ੍ਰੀ ਗੁਰੂੁ ਰਵਿਦਾਸ ਸਾਧੂ ਸੰਪ੍ਰਦਾਵਾਂ ਦੇ ਸੰਤ ਸਮਾਜ ਦੀ ਅਗਵਾਈ ਹੇਠ ਗੁਰੂੁ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ, ਬਹੁਜਨ ਸਮਾਜ ਪਾਰਟੀ ਅਤੇ ਅੰਬੇਡਕਰ ਜਥੇਬੰਦੀਆਂ ਦੇ ਵਰਕਰਾਂ ਤੇ ਲੱਖਾਂ ਸੰਗਤਾਂ ਵਲੋਂ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਇਤਿਹਾਸਕ ਪ੍ਰਾਚੀਨ ਸ੍ਰੀ ਗੁਰੂੁ ਰਵਿਦਾਸ ਮੰਦਿਰ ਨੂੰ ਢਾਹੁਣ ਅਤੇ ਗੁਰੂੁ ਰਵਿਦਾਸ ਜੀ ਦੇ ਸਰੂਪ ਦੀ ਬੇਅਦਬੀ ਕਰਨ ਦੇ ਵਿਰੋਧ ‘ਚ ਸ਼ਾਂਤਮਈ ਅਤੇ ਅਨੁਸ਼ਾਸ਼ਨ ਅਨੁਸਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਉਨ੍ਹਾਂ ਕਿਹਾ ਦਿੱਲੀ ਪੁਿਲਸ ਅਤੇ ਪ੍ਰਸ਼ਾਸਨ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ‘ਤੇ ਕੀਤਾ ਲਾਠੀਚਾਰਜ ਬਹੁਤ ਮੰਦਭਾਗੀ ਘਟਨਾ ਹੈ। ਇਨ੍ਹਾਂ ਨੌਜਵਾਨਾਂ ਖਿਲਾਫ਼ ਹੋਈ ਐਫ.ਆਈ. ਆਰ. ਰੱਦ ਕਰਨ ਲਈ ਉਹ ਅੱਜ ਕੇਂਦਰ ਵਿਚ ਵਿਰੋਧੀ ਧਿਰ ਦੇ ਜਨ. ਸਕੱਤਰ ਸ੍ਰੀਮਤੀ ਪ੍ਰਿਯੰਕਾ ਗਾਂਧੀ ਨੂੰ ਮਿਲੇ ਅਤੇ ਮੈਮੋਰੰਡਮ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦੀ ਮੁੜ ਉਸਾਰੀ ਅਤੇ ਨੌਜਵਾਨਾਂ ਨੂੰ ਜਲਦ ਰਿਹਾਅ ਕਰਨ ਲਈ ਭਾਰਤ ਸਰਕਾਰ ਵਿਰੁੱਧ ਰਾਜਨੀਤਿਕ ਦਬਾਅ ਬਨਾਉਣ ਦੀ ਬੇਨਤੀ ਕੀਤੀ ਗਈ।

ਇਸ ਮੌਕੇ ਉਨ੍ਹਾਂ ਨਾਲ ਕੈਪਟਨ ਰਵਿੰਦਰ ਸਿੰਘ, ਸ੍ਰੀ ਨਰਿੰਦਰ ਜੱਸੀ ਸੈਂਟਰ ਕਮੇਟੀ, ਪ੍ਰੋਫੈਸਰ ਰਾਣਾ, ਜੋਗਿੰਦਰ ਸਿੰਘ, ਰਾਨੀ ਚੌਪੜਾ, ਵੀ.ਕੇ. ਸਿੰਘ, ਡਾ. ਕਲਸੀ ਧਰਮ ਗੁਰੂ ਆਦਿਵੰਸ਼ੀ, ਅਮਰ ਪਾਲ, ਬਨਾਰਸੀ ਦਾਸ ਪ੍ਰਚਾਰਕ, ਪ੍ਰਿੰਸੀਪਲ ਰਾਮ ਸਿੰਘ ਸ਼ੁਕਲਾ ਹਿਮਾਚਲ, ਸ੍ਰੀ ਓਮ ਪ੍ਰਕਾਸ਼ ਪ੍ਰਧਾਨ ਦਿੱਲੀ ਯੁਨਿਟ ਤੇ ਸੁਖਚੈਨ ਸਿੰਘ ਵੀ ਹਾਜ਼ਰ ਸਨ।

Share News / Article

YP Headlines