ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਮਹਿੰਗੇ ਸਮਝੌਤੇ ਰੱਦ ਕਰਨ ‘ਤੇ ਮਿਲੇਗੀ ਲੋਕਾਂ ਨੂੰ ਰਾਹਤ: ਆਪ

ਰੋਪੜ, 10 ਜੁਲਾਈ, 2019 –
ਹੱਦੋਂ ਮਹਿੰਗੀ ਬਿਜਲੀ ਦੇ ਵਿਰੋਧ ‘ਚ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਵਿੱਢੇ ਹੋਈ ‘ਬਿਜਲੀ ਮੋਰਚਾ’ ਤਹਿਤ ਬੁੱਧਵਾਰ ਨੂੰ ਇੱਥੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਪ੍ਰਧਾਨਾਂ ਅਤੇ ਹੋਰ ਪ੍ਰਮੁੱਖ ਅਹੁਦੇਦਾਰਾਂ ਦੀ ਬੈਠਕ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ‘ਆਪ’ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ‘ਬਿਜਲੀ ਮੋਰਚਾ’ ਦੇ ਸੂਬਾ ਕੁਆਰਡੀਨੇਟਰ ਅਤੇ ਵਿਧਾਇਕ ਮੀਤ ਹੇਅਰ, ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਸੂਬਾ ਖ਼ਜ਼ਾਨਚੀ ਸੁਖਵਿੰਦਰ ਸੁੱਖੀ ਅਤੇ ਪਾਰਟੀ ਦੇ ਲੋਕ ਸਭਾ ਉਮੀਦਵਾਰ ਰਹੇ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੋਠ ਹੋਈ।

ਇਸ ਮੌਕੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ‘ਚ ਦੇਸ਼ ਦੇ ਬਾਕੀ ਸੂਬਿਆਂ ਮੁਕਾਬਲੇ ਬਿਜਲੀ ਦੀਆਂ ਦਰਾਂ ਬੇਹੱਦ ਮਹਿੰਗੀਆਂ ਹਨ।

ਜਿਸ ਲਈ ਜਿੰਨੀ ਪਿਛਲੀ ਬਾਦਲ ਸਰਕਾਰ ਜ਼ਿੰਮੇਵਾਰ ਹੈ, ਉਨੀ ਹੀ ਮੌਜੂਦਾ ਕੈਪਟਨ ਸਰਕਾਰ ਵੀ ਜ਼ਿੰਮੇਵਾਰ ਹੈ, ਕਿਉਂਕਿ ਬਾਦਲਾਂ ਦੇ ਰਾਜ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰੀ ਥਰਮਲ ਪਲਾਂਟਾਂ (ਬਠਿੰਡਾ ਅਤੇ ਰੋਪੜ) ਦੇ ਸਸਤੀ ਬਿਜਲੀ ਪੈਦਾ ਕਰਨ ਵਾਲੇ ਯੂਨਿਟ ਬੰਦ ਕਰਕੇ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ (ਰਾਜਪੁਰਾ, ਸ੍ਰੀ ਗੋਇੰਦਵਾਲ, ਤਲਵੰਡੀ ਸਾਬੋ) ਨਾਲ ਮਹਿੰਗੀਆਂ ਤੇ ਉੱਚੀਆਂ ਦਰਾਂ ਅਤੇ ਮਾਰੂ ਸ਼ਰਤਾਂ ਵਾਲੇ ਬਿਜਲੀ ਖ਼ਰੀਦ ਸਮਝੌਤੇ ਕਰ ਲਏ। ਜਿਸ ਦੀ ਕੀਮਤ ਅੱਜ ਪੰਜਾਬ ਦਾ ਹਰੇਕ ਬਿਜਲੀ ਖਪਤਕਾਰ ਚੁਕਾ ਰਿਹਾ ਹੈ।

ਇਸ ਮੌਕੇ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਬੇਸ਼ੱਕ ਪੰਜਾਬ ਅੱਜ ਨਸ਼ੇ, ਰਿਸ਼ਵਤਖ਼ੋਰੀ, ਮਾਫ਼ੀਆ ਰਾਜ ਅਤੇ ਖੇਤੀ ਅਤੇ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਪਰੰਤੂ ਮਹਿੰਗੀ ਬਿਜਲੀ ਇੱਕ ਅਜਿਹਾ ਮੁੱਦਾ ਹੈ, ਜਿਸ ਦੀ ਮਾਰ ਤੋਂ ਕੋਈ ਇੱਕ ਵੀ ਘਰ ਨਹੀਂ ਬਚ ਰਿਹਾ।

ਮੀਤ ਹੇਅਰ ਨੇ ਕਿਹਾ ਕਿ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਜਿੰਨੀ ਦੇਰ ਬਾਦਲਾਂ ਵੱਲੋਂ ਕਮਿਸ਼ਨ-ਹਿੱਸੇਦਾਰੀਆਂ ਰੱਖ ਕੇ ਕੀਤੇ ਗਏ ਸਮਝੌਤੇ ਰੱਦ ਕਰਕੇ ਨਵੇਂ ਸਿਰਿਓਂ ਸਮਝੌਤੇ ਨਹੀਂ ਕੀਤੇ ਜਾਂਦੇ , ਉਨ੍ਹਾਂ ਚਿਰ ਪੰਜਾਬ ਦੇ ਲੋਕਾਂ ਨੂੰ ਰਾਹਤ ਸੰਭਵ ਨਹੀਂ ਹੈ, ਪਰੰਤੂ ਕੈਪਟਨ ਸਰਕਾਰ ਵੀ ਬਾਦਲਾਂ ਵਾਂਗ ਨਿੱਜੀ ਬਿਜਲੀ ਕੰਪਨੀਆਂ ਨਾਲ ਰਲ ਗਈ ਹੈ ਅਤੇ ਮਹਿੰਗੇ ਸਮਝੌਤੇ ਅਤੇ ਮਾਰੂ ਸ਼ਰਤਾਂ ਰੱਦ ਕਰਨ ਤੋਂ ਭੱਜ ਗਈ ਹੈ।

ਉਨ੍ਹਾਂ ਕਿਹਾ ਕਿ ‘ਆਪ’ ਦਾ ‘ਬਿਜਲੀ ਮੋਰਚਾ’ ਸਾਰੇ ਲੋਕਾਂ ਨੂੰ ਲਾਮਬੰਦ ਕਰਕੇ ਕਾਂਗਰਸ ਸਰਕਾਰ ਨੂੰ ਜਾਂ ਤਾਂ ਸਮਝੌਤੇ ਰੱਦ ਕਰਨ ਲਈ ਮਜਬੂਰ ਕਰ ਦੇਵੇਗੀ, ਜਾਂ ਫਿਰ 2022 ‘ਚ ਸੱਤਾ ਤੋਂ ਲਾਂਭੇ ਕਰਕੇ ਸਭ ਤੋਂ ਪਹਿਲਾਂ ਬਿਜਲੀ ਸਮਝੌਤੇ ਰੱਦ ਕਰਕੇ ਲੋਕਾਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਤਰਜ਼ ‘ਤੇ ਰਾਹਤ ਦੇਵੇਗੀ।

ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ ਨੇ ਤੇਜ਼ ਚੱਲਦੇ ਮੀਟਰਾਂ ਦਾ ਵੀ ਮੁੱਦਾ ਉਠਾਇਆ। ‘ਆਪ’ ਲੀਡਰਸ਼ਿਪ ਨੇ ਸਥਾਨਕ ਆਗੂਆਂ ਨੂੰ ‘ਬਿਜਲੀ ਮੋਰਚੇ’ ਨੂੰ ਹਲਕਾ ਪੱਧਰ, ਬਲਾਕ ਪੱਧਰ ਅਤੇ ਪਿੰਡ ਪੱਧਰ ਤੱਕ ਪਹੁੰਚਾਉਣ ਲਈ ਰੂਪ ਰੇਖਾ ਸਮਝਾਈ। ਇਸ ਦੇ ਨਾਲ ਹੀ ਹਲਕਾ ਪੱਧਰ ‘ਤੇ ਬਿਜਲੀ ਮੋਰਚਾ ਕਮੇਟੀਆਂ ਦਾ ਗਠਨ ਕੀਤਾ ਗਿਆ।

ਇਸ ਮੌਕੇ ਬਲਾਚੌਰ ਤੋਂ ਹਲਕਾ ਪ੍ਰਧਾਨ ਸਤਨਾਮ ਸਿੰਘ ਚੇਚੀ, ਨਵਾਂ ਸ਼ਹਿਰ ਜ਼ਿਲ੍ਹਾ ਪ੍ਰਧਾਨ ਸ਼ਿਵ ਚਰਨ ਸਿੰਘ ਚੇਚੀ, ਨਵਾਂ ਸ਼ਹਿਰ ਹਲਕਾ ਪ੍ਰਧਾਨ ਸਤਨਾਮ ਸਿੰਘ ਜਲਵਾਹਾ, ਸਰਬਜੀਤ ਸਿੰਘ ਰੋਪੜ, ਚੰਦਰ ਮੋਹਨ ਜੇਡੀ, ਹਰੀਸ਼ ਕੌਸ਼ਲ, ਰਜਿੰਦਰ ਕੁਮਾਰ, ਹਰਨੇਕ ਸਿੰਘ, ਦਿਲਬਾਗ ਸਿੰਘ, ਪਰਮਜੀਤ ਸਿੰਘ, ਅਜੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

Share News / Article

Yes Punjab - TOP STORIES