ਪ੍ਰਸ਼ਾਸਨ ਨੇ ਜਲੰਧਰ ‘ਚ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨੇਪਰੇ ਚਾੜ੍ਹਨ ਲਈ ਕਮਰ ਕੱਸੀ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਲਿਆ ਤਿਆਰੀਆਂ ਦਾ ਜਾਇਜ਼ਾ

ਯੈੱਸ ਪੰਜਾਬ
ਜਲੰਧਰ, 14 ਦਸੰਬਰ, 2021 –
ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਖਿੱਚ ਦਿੱਤੀਆਂ ਹਨ । ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਵੱਲੋਂ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਆਰ.ਓਜ਼, ਏ.ਆਰ.ਓਜ਼ ਅਤੇ ਉਨ੍ਹਾਂ ਦੇ ਪੁਲਿਸ ਦੇ ਹਮਰੁਤਬਾ ਨੂੰ ਜ਼ਿਲ੍ਹੇ ਵਿੱਚ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਲਈ ਆਪਣੀ ਕਮਰ ਕੱਸ ਲੈਣ ਦੇ ਨਿਰਦੇਸ਼ ਦਿੱਤੇ।

ਸਮੁੱਚੇ 9 ਵਿਧਾਨ ਸਭਾ ਹਲਕਿਆਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਕਿਹਾ ਕਿ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ, ਜਿਸ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰੀ ਅਤੇ ਵਿਧਾਨ ਸਭਾ ਪੱਧਰੀ ਨੋਡਲ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਵਿਸ਼ਾਲ ਕਵਾਇਦ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਹਿਮਾਂਸ਼ੂ ਜੈਨ, ਜੁਆਇੰਟ ਕਮਿਸ਼ਨਰ ਆਫ ਪੁਲਿਸ ਦੀਪਕ ਪਾਰੇਖ ਦੀ ਮੌਜੂਦਗੀ ਵਿੱਚ ਉਨ੍ਹਾਂ ਆਰ.ਓ., ਸੈਕਟਰ ਅਫ਼ਸਰਾਂ ਅਤੇ ਉਨ੍ਹਾਂ ਦੇ ਪੁਲਿਸ ਦੇ ਹਮਰੁਤਬਾ ਨੂੰ ਨਾਜ਼ੁਕ ਪੋਲਿੰਗ ਸਟੇਸ਼ਨਾਂ ਦਾ ਵਿਅਕਤੀਗਤ ਤੌਰ ‘ਤੇ ਦੌਰਾ ਕਰਕੇ ਉਨ੍ਹਾਂ ਦੀ ਮੈਪਿੰਗ ਨੂੰ ਪੂਰਾ ਕਰਨ ਲਈ ਕਿਹਾ ਤਾਂ ਜੋ ਉੱਥੇ ਲੋੜੀਂਦੀ ਫੋਰਸ ਦੀ ਤਾਇਨਾਤੀ ਲਈ ਵਿਸਥਾਰਿਤ ਸੁਰੱਖਿਆ ਯੋਜਨਾ ਉਲੀਕੀ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵਿਧਾਨ ਸਭਾ ਪੱਧਰੀ ਸ਼ਰਾਬ ਨਿਗਰਾਨ ਟੀਮਾਂ ਗਠਿਤ ਕਰਨ ਦੀਆਂ ਹਦਾਇਤਾਂ ਦਿੰਦਿਆਂ ਉਨ੍ਹਾਂ ਨੂੰ ਨਿਰਧਾਰਿਤ ਫਾਰਮੈਟ ਵਿੱਚ ਰੋਜ਼ਾਨਾ ਸ਼ਰਾਬ ਜ਼ਬਤ ਕਰਨ ਸਬੰਧੀ ਰਿਪੋਰਟ ਜਮ੍ਹਾ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਚੋਣ ਡਿਊਟੀ ਵਿੱਚ ਕਿਸੇ ਵੀ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

ਸਬੰਧਤ ਈ.ਆਰ.ਓਜ਼ ਨਾਲ ਗੱਲਬਾਤ ਕਰਦਿਆਂ ਸ਼੍ਰੀ ਥੋਰੀ ਨੇ ਉਨ੍ਹਾਂ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਵੋਟਰਾਂ ਵੱਲੋਂ ਦਾਇਰ ਸਮੁੱਚੇ ਪੈਂਡਿੰਗ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਨਿਰਧਾਰਤ ਸਮੇਂ ਦੇ ਅੰਦਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਹੁਣ ਤੱਕ ਈ.ਆਰ.ਓਜ਼ ਨੂੰ 83029 ਫਾਰਮ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚੋਂ 70733 (85.19 ਫੀਸਦੀ) ਦਾ ਅਧਿਕਾਰੀਆਂ ਵੱਲੋਂ ਨਿਪਟਾਰਾ ਕਰ ਦਿੱਤਾ ਗਿਆ ਹੈ ਜਦਕਿ 12296 ਫਾਰਮ ਅਜੇ ਈ.ਆਰ.ਓਜ਼ ਕੋਲ ਬਕਾਇਆ ਹਨ, ਜਿਨ੍ਹਾਂ ਦਾ ਨਿਪਟਾਰਾ ਤੈਅ ਸਮੇਂ ਦੇ ਅੰਦਰ ਕੀਤਾ ਜਾਣਾ ਚਾਹੀਦਾ ਹੈ।

ਵੋਟਰ ਸੂਚੀ ਦੀ ਸੁਧਾਈ ਦੌਰਾਨ ਫਸਟ ਟਾਈਮ ਵੋਟਰਾਂ (18-19 ਉਮਰ ਵਰਗ) ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਲੰਧਰ ਵਿੱਚ 14,000 ਦੇ ਕਰੀਬ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਕੀਤੀ ਗਈ ਹੈ ਅਤੇ ਇਸ ਸਬੰਧੀ ਸਮੁੱਚੇ 1974 ਪੋਲਿੰਗ ਬੂਥਾਂ ਨਾਲ ਸਬੰਧਤ ਸਾਰੇ 181 ਚੋਣ ਸੁਪਰਵਾਈਜ਼ਰ ਵੱਲੋਂ ਪਹਿਲਾਂ ਹੀ ਅੰਡਰਟੇਕਿੰਗ ਸੌਂਪੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਲ 53 ਵਿੱਦਿਅਕ ਸੰਸਥਾਵਾਂ ਵੱਲੋਂ ਯੋਗ ਵੋਟਰਾਂ ਦੀ ਰਜਿਸਟਰੇਸ਼ਨ ਦੇ ਸਬੰਧ ਵਿੱਚ ਵਚਨਬੱਧਤਾ ਪੇਸ਼ ਕੀਤੀ ਗਈ ਹੈ ਜਦਕਿ ਸਮੁੱਚੀਆਂ ਉਦਯੋਗਿਕ ਇਕਾਈਆਂ ਵਿੱਚ ਉਨ੍ਹਾਂ ਦੇ ਕਰਮਚਾਰੀਆਂ ਨੂੰ ਵੋਟਰਾਂ ਵਜੋਂ ਸੂਚੀ ਵਿੱਚ ਸ਼ਾਮਲ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ।

ਉਨ੍ਹਾਂ ਕਿਹਾ ਕਿ ਹੁਣ ਜਦੋਂ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ ਤਾਂ ਆਰ.ਓਜ਼ ਅਤੇ ਉਨ੍ਹਾਂ ਦੇ ਪੁਲਿਸ ਹਮਰੁਤਬਾ, ਜੋ ਕਿ ਸਮੁੱਚੀ ਚੋਣ ਪ੍ਰਕਿਰਿਆ ਦੀ ਰੀੜ੍ਹ ਦੀ ਹੱਡੀ ਹਨ, ਦੀ ਜ਼ਿੰਮੇਵਾਰੀ ਬਹੁਤ ਵਧ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਇਨ੍ਹਾਂ ਅਧਿਕਾਰੀਆਂ ਦੇ ਮੋਢਿਆਂ ‘ਤੇ ਹੈ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਦੀ ਸਿਖਲਾਈ ਤੋਂ ਲੈ ਕੇ ਪੋਲਿੰਗ ਵਾਲੇ ਦਿਨ ਦੇ ਇੰਤਜ਼ਾਮਾਂ ਨੂੰ ਅੰਤਿਮ ਰੂਪ ਦੇਣ ਤੱਕ ਦਾ ਸਮੁੱਚਾ ਕਾਰਜ ਸੁਚੱਜੇ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਰ.ਓਜ਼ ਅਤੇ ਉਨ੍ਹਾਂ ਦੇ ਪੁਲਿਸ ਹਮਰੁਤਬਾ ਨੂੰ ਆਪਣੇ ਯਤਨਾਂ ਦੇ ਬਿਹਤਰ ਤਾਲਮੇਲ ਲਈ ਲਗਾਤਾਰ ਮੀਟਿੰਗਾਂ ਕਰਨ ਲਈ ਕਿਹਾ।

ਇਸ ਮੌਕੇ ਐਸ.ਡੀ.ਐਮ ਫਿਲੌਰ ਅਮਰਿੰਦਰ ਸਿੰਘ ਮੱਲੀ, ਨਕੋਦਰ ਪੂਨਮ ਸਿੰਘ, ਸ਼ਾਹਕੋਟ ਲਾਲ ਵਿਸ਼ਵਾਸ ਬੈਂਸ, ਜਲੰਧਰ-2 ਬਲਬੀਰ ਰਾਜ ਸਿੰਘ, ਈ.ਓ ਜੇ.ਡੀ.ਏ. ਰਣਦੀਪ ਸਿੰਘ ਗਿੱਲ, ਏ.ਸੀ.ਏ. ਜੇ.ਡੀ.ਏ. ਰਾਜੀਵ ਵਰਮਾ, ਆਰ.ਟੀ.ਏ.ਅਮਿਤ ਮਹਾਜਨ ਅਤੇ ਜੁਆਇੰਟ ਕਮਿਸ਼ਨਰ ਜੋਤੀ ਬਾਲਾ, ਡਿਪਟੀ ਡਾਇਰੈਕਟਰ ਫੈਕਟਰੀਜ਼ ਗੁਰਜੰਟ ਸਿੰਘ, ਜੀ.ਐਮ. ਡੀ.ਆਈ.ਸੀ. ਦੀਪ ਸਿੰਘ ਗਿੱਲ, ਏ.ਐਲ.ਸੀ. ਜਲੰਧਰ ਜਤਿੰਦਰਪਾਲ ਸਿੰਘ, ਸਹਾਇਕ ਕਮਿਸ਼ਨਰ ਆਬਕਾਰੀ ਰਣਜੀਤ ਸਿੰਘ, ਹਨੂਵੰਤ ਸਿੰਘ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ