ਪ੍ਰਧਾਨ ਮੰਤਰੀ ਮੋਦੀ 5 ਜਨਵਰੀ ਨੂੰ ਪੰਜਾਬ ’ਚ ਭਾਜਪਾ ਦੀ ਜਿੱਤ ਦੀ ਨੀਂਹ ਰੱਖਣਗੇ: ਅਸ਼ਵਨੀ ਸ਼ਰਮਾ

ਯੈੱਸ ਪੰਜਾਬ
ਜਲੰਧਰ, 28 ਦਸੰਬਰ, 2021 –
ਵਿਧਾਨ ਸਭਾ ਚੋਣਾਂ ਦੀ ਜਿੱਤ ਲਈ ਭਾਰਤੀ ਜਨਤਾ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 5 ਜਨਵਰੀ, 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਦੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ।

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਲੰਧਰ ‘ਚ ਉਲੀਕੀ ਗਈ ਪ੍ਰੈੱਸ ਕਾਨਫਰੰਸ ‘ਚ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੋਦੀ ਦੀ ਪੰਜਾਬ ‘ਚ ਹੋਣ ਵਾਲੀ ਰੈਲੀ ਭਾਜਪਾ ਦਾ ਨਵਾਂ ਇਤਿਹਾਸ ਸਿਰਜੇਗੀ। ਸ਼ਰਮਾ ਨੇ ਕਿਹਾ ਕਿ ਇਸ ਇਤਿਹਾਸਕ ਰੈਲੀ ਦੀ ਦੇਖ-ਰੇਖ ਅਤੇ ਸਫਲ ਬਣਾਉਣ ਲਈ ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਿਸ਼ਵ ਭਰ ਦੇ ਹਰਮਨ ਪਿਆਰੇ ਅਤੇ ਆਪਣੇ ਚਹੇਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਲਈ 5 ਜਨਵਰੀ ਨੂੰ ਪੰਜਾਬ ਭਰ ਤੋਂ ਭਾਜਪਾ ਵਰਕਰ ਅਤੇ ਹੋਰ ਲੱਖਾਂ ਦੀ ਗਿਣਤੀ ਵਿੱਚ ਲੋਕ ਫਿਰੋਜ਼ਪੁਰ ਪੁੱਜਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਹੁਤ ਲੰਬੇ ਵਕਫ਼ੇ ਤੋਂ ਬਾਅਦ ਗੁਰੂਆਂ ਦੀ ਪਵਿੱਤਰ ਧਰਤੀ ‘ਤੇ ਆ ਰਹੇ ਹਨ।

ਪੰਜਾਬ ਦੇ ਹਰ ਵਰਗ ਦੇ ਕਰੋੜਾਂ ਲੋਕ ਆਪਣੇ ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਦਾ ਇੰਤਜ਼ਾਰ ਬਹੁਤ ਜਲਦੀ ਖਤਮ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਪੁਰ ਰੈਲੀ ਵਿੱਚ ਇਕੱਠੇ ਹੋਏ ਲੱਖਾਂ ਲੋਕਾਂ ਦੇ ‘ਭਾਜਪਾ ਜ਼ਿੰਦਾਬਾਦ’ ਦੇ ਨਾਅਰਿਆਂ ਦੀ ਗੂੰਜ ਇੱਕ ਵਾਰ ਫਿਰ ਉਨ੍ਹਾਂ ਲੋਕਾਂ ਦੇ ਇਰਾਦਿਆਂ ਨੂੰ ਡੂੰਘੀ ਸੱਟ ਸਾਬਤ ਹੋਵੇਗੀ, ਜਿਹੜੇ ਪੰਜਾਬ ਦੇ ਲੋਕਾਂ ਨੂੰ ਝੂਠੇ ਅਤੇ ਲੁਭਾਉਣੇ ਵਾਦੇ ਕਰਕੇ ਠੱਗਣ ਅਤੇ ਲੁੱਟਣ ਦੇ ਮਕਸਦ ਨਾਲ ਸੱਤਾ ਦੇ ਸੁਫਨੇ ਵੇਖ ਰਹੇ ਹਨ। ਇਹ ਨਾਅਰੇ ਵਿਰੋਧੀ ਧਿਰ ਦੇ ਕੰਨਾਂ ਤੱਕ ਪਹੁੰਚ ਕੇ ਉਨ੍ਹਾਂ ਦੀ ਨੀਂਦ ਹਰਾਮ ਕਰ ਦੇਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾ ਰਹੇ ਦੇਸ਼ ਦੇ ਵਿਕਾਸ ਦੀ ਅੱਜ ਪੂਰੀ ਦੁਨੀਆ ਸ਼ਲਾਘਾ ਕਰ ਰਹੀ ਹੈ। ਸ਼ਰਮਾ ਨੇ ਕਿਹਾ ਕਿ ਮੋਦੀ ਨੇ ਜੋ ਕਿਹਾ ਹੈ, ਉਹ ਕਰ ਕੇ ਦਿਖਾਇਆ ਹੈ, ਜਿਸ ਦੀ ਸ਼ੁਰੂਆਤ ਮੋਦੀ ਨੇ ਗੁਜਰਾਤ ਤੋਂ ਕੀਤੀ ਸੀ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਕੀਤੇ ਜਾ ਰਹੇ ਵਿਕਾਸ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਨੇ ਵੀ ਆਪਣੇ ਸੂਬੇ ਦੇ ਵਿਕਾਸ ਲਈ ਇਸ ਵਾਰ ਸੂਬੇ ਦੀ ਸੱਤਾ ਭਾਜਪਾ ਨੂੰ ਸੌਂਪਣ ਦਾ ਮਨ ਬਣਾ ਲਿਆ ਹੈ। ਪੰਜਾਬ ‘ਚ ਭਾਜਪਾ ਦੀ ਜਿੱਤ ਦੀ ਖੁਸ਼ਬੂ ਲੋਕਾਂ ‘ਚ ਭਾਜਪਾ ਦੇ ਵਧਦੇ ਸਮਰਥਨ ਤੋਂ ਸਪੱਸ਼ਟ ਤੌਰ ‘ਤੇ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਕਾਰਨ ਵਿਰੋਧੀ ਧਿਰ ਬੁਰੀ ਤਰ੍ਹਾਂ ਬੌਖ੍ਲਾਈ ਹੋਈ ਹੈ।

ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਜਿੱਥੇ ਪ੍ਰਧਾਨ ਮੰਤਰੀ ਮੋਦੀ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ, ਉੱਥੇ ਹੀ ਇਸ ਰੈਲੀ ਦੌਰਾਨ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ। ਸ਼ਰਮਾ ਨੇ ਕਿਹਾ ਕਿ ਇਸ ਸਬੰਧੀ ਸਾਰਿਆਂ ਦੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਹਨ। ਸ਼ਰਮਾ ਨੇ ਸਾਰਿਆਂ ਨੂੰ 5 ਜਨਵਰੀ ਨੂੰ ਹੁਮਹੁਮਾਂ ਕੇ ਫਿਰੋਜ਼ਪੁਰ ਪੁੱਜਣ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਰੈਲੀ ਵਿਰੋਧੀ ਧਿਰ ਦੇ ਉਨ੍ਹਾਂ ਲੋਕਾਂ ਲਈ ਵੱਡਾ ਸਬਕ ਹੋਵੇਗੀ ਜੋ ਭਾਜਪਾ ‘ਤੇ ਉਂਗਲਾਂ ਚੁੱਕਦੇ ਰਹੇ ਹਨ। ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਇਸ ਇਤਿਹਾਸਕ ਰੈਲੀ ਨਾਲ ਭਾਜਪਾ ਪੰਜਾਬ ਵਿੱਚ ਜਿੱਤ ਵੱਲ ਆਪਣਾ ਪਹਿਲਾ ਕਦਮ ਪੁੱਟੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸੱਤਾ ਭਾਜਪਾ ਨੂੰ ਸੌਂਪ ਕੇ ਸੂਬੇ ਦੇ ਵਿਕਾਸ ਅਤੇ ਆਪਣੇ ਵਿਕਾਸ ਲਈ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਦਾ ਸੰਕਲਪ ਕਰ ਲਿਆ ਹੈ।

ਅਸ਼ਵਨੀ ਸ਼ਰਮਾ ਵੱਲੋਂ ਮੋਦੀ ਦੀ ਰੈਲੀ ਦੀਆਂ ਤਿਆਰੀਆਂ ਸਬੰਧੀ ਜਥੇਬੰਦੀ ਦੇ ਔਹਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਜ਼ੋਨਲ ਇੰਚਾਰਜ ਸੌਦਾਨ ਸਿੰਘ, ਵਿਨੋਦ ਚਾਵੜਾ, ਭਾਜਪਾ ਦੇ ਕੌਮੀ ਸਕੱਤਰ ਤੇ ਸੂਬਾ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ, ਹਿਮਾਚਲ ਤੇ ਪੰਜਾਬ ਦੇ ਸੰਗਠਨ ਜਨਰਲ ਸਕੱਤਰ ਪਵਨ ਰਾਣਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ. .ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ ਆਦਿ ਵੀ ਸ਼ਾਮਿਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ